ਇਟਲੀ ਦੇ ਬੋਰਮਿਦਾ ਪਿੰਡ ਵਿੱਚ ਵੱਸਣ ਦੀ ਰਕਮ ਦੀ ਪੇਸ਼ਕਸ਼ ਨਹੀਂ ਕੀਤੀ: ਮੇਅਰ ਗਾਲੀਆਨੋ

italian village bormida
ਰੋਮ (ਇਟਲੀ), 18 ਮਈ (ਪੋਸਟ ਬਿਊਰੋ)- ‘ਇਹ ਸਿਰਫ ਇੱਕ ਸੁਝਾਅ ਸੀ, ਜਿਸ ਨੂੰ ਦੁਨੀਆ ਭਰ ਦੇ ਲੋਕਾਂ ਨੇ ਇਟਲੀ ਦੇ ਛੋਟੇ ਜਿਹੇ ਪਿੰਡ ਬੋਰਮਿਦਾ ਵਿੱਚ ਰਹਿਣ ਬਦਲੇ ਪੈਸੇ ਪ੍ਰਾਪਤ ਕਰਨ ਨੂੰ ਪੇਸ਼ਕਸ਼ ਸਮਝ ਲਿਆ।’ ਇਹ ਬਿਆਨ ਇਟਲੀ ਦੇ ਇੱਕ ਛੋਟੇ ਜਿਹੇ ਪਿੰਡ ਬੋਰਮਿਦਾ ਦੇ ਸਿਦਾਂਕੋ (ਮੇਅਰ) ਦਾਨੀਏਲੇ ਗਾਲੀਆਨੋ ਨੇ ਦਿੱਤਾ। ਇਸ ਦੀ ਖਬਰ ਨੇ ਜਦੋਂ ਅੰਤਰਰਾਸ਼ਟਰੀ ਖਬਰ ਦਾ ਰੂਪ ਧਾਰ ਲਿਆ ਤਾਂ ਮੇਅਰ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਇਸ ਨੂੰ ਗੰਭੀਰਤਾ ਨਾਲ ਨਾ ਲਿਆ ਜਾਵੇ, ਕਿਉਂਕਿ ਇਸ ਬਾਰੇ ਕਿਸੇ ਤਰ੍ਹਾਂ ਦੀ ਪੇਸ਼ਕਸ਼ ਨਹੀਂ ਹੈ। ਇਸ ਨੂੰ ਰਕਮ ਮਿਲਣ ਦੀ ਪੇਸ਼ਕਸ਼ ਸਮਝ ਕੇ ਕੋਈ ਵੀ ਕਾਲ ਨਾ ਕਰਨ ਦੀ ਉਨ੍ਹਾਂ ਨੇ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ।
ਮੇਅਰ ਨੇ ਇਸ ਫੇਸਬੁਕ ਪੋਸਟ ਨੂੰ ਵੀ ਹਟਵਾ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਨੇ ਸਿਰਫ ਸੁਝਾਅ ਦਿੱਤਾ ਸੀ ਕਿ ਬੋਰਮਿਦਾ ਵਰਗੇ ਘੱਟ ਵਸੋਂ ਵਾਲੇ ਖੇਤਰਾਂ ਵਿੱਚ ਲੋਕਾਂ ਨੂੰ ‘ਸਮਾਲ ਵਿਲੇਜ ਫੰਡ’ ਅਧੀਨ ਤਕਰੀਬਨ 2000 ਯੂਰੋ ਦੀ ਰਕਮ ਰਿਹਾਇਸ਼ ਲਈ ਦੇਣੀ ਚਾਹੀਦੀ ਹੈ, ਤਾਂ ਜੋ ਇਨ੍ਹਾਂ ਖੇਤਰਾਂ ਵੱਲ ਲੋਕ ਆਕਰਸ਼ਿਤ ਹੋਣ ਅਤੇ ਵਸੋਂ ਨੂੰ ਵਧਾਇਆ ਜਾ ਸਕੇ। ਇਸ ਸੰਬੰਧੀ ਅੰਤਰਰਾਸ਼ਟਰੀ ਖਬਰ ਪ੍ਰਕਾਸ਼ਤ ਹੋਣ ਦੇ ਤਕਰੀਬਨ ਕੁਝ ਦਿਨਾਂ ਵਿੱਚ ਲੋਕਾਂ ਨੇ ਪਿੰਡ ਵੱਲ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਵਹੀਰਾਂ ਘੱਤ ਲਈਆਂ ਅਤੇ ਇਸ ਦੀ ਜਾਣਕਾਰੀ ਲਈ ਉਤਸੁਕਤਾ ਦਿਖਾਈ। ਪਹਿਲਾਂ ਕੁਝ ਸਥਾਨਕ ਅਖਬਾਰਾਂ ਨੇ ਇਹ ਖਬਰ ਦਿੱਤੀ ਕਿ ਪਿੰਡ ਦੇ ਮੇਅਰ ਨੇ ਅਜਿਹੀ ਪੇਸ਼ਕਸ਼ ਦਾ ਸੁਝਾਅ ਪੇਸ਼ ਕੀਤਾ ਹੈ, ਹੌਲੀ ਹੌਲੀ ਇਹ ਖਬਰ ਜੰਗਲ ਦੀ ਅੱਗ ਵਾਂਗ ਵੱਖਰਾ ਰੂਪ ਧਾਰਨ ਕਰਦੀ ਅੰਤਰਰਾਸ਼ਟਰੀ ਅਖਬਾਰਾਂ ਵਿੱਚ ਫੈਲ ਗਈ।
ਪਿੰਡ ਦੇ ਮੇਅਰ ਗਾਲੀਆਨੋ ਨੇ ਕਿਹਾ ਕਿ ਪਿੰਡ ਦੀ ਵਸੋਂ ਬਹੁਤ ਘੱਟ ਹੈ ਅਤੇ ਉਨ੍ਹਾਂ ਨੇ ਲਿਗੂਰੀਆ ਰਾਜ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਿਰਫ ਸੁਝਾਅ ਪੇਸ਼ ਕੀਤਾ ਸੀ ਕਿ ਜੇ ਅਜਿਹੇ ਘੱਟ ਵਸੋਂ ਵਾਲੇ ਖੇਤਰਾਂ ਵਿੱਚ ਵਸੋਂ ਵਧਾਉਣੀ ਹੈ ਤਾਂ ਲੋਕਾਂ ਨੂੰ ਇਥੇ ਆ ਕੇ ਵਸਣ ਲਈ ਕੁਝ ਆਕਰਸ਼ਿਕ ਪੇਸ਼ਕਸ਼ ਦੇਣੀ ਚਾਹੀਦੀ ਹੈ, ਜਿਸ ਨਾਲ ਲੋਕਾਂ ਦਾ ਰੁਝਾਨ ਅਜਿਹੇ ਇਲਾਕਿਆਂ ਵੱਲ ਵਧੇ। ਉਨ੍ਹਾਂ ਨੇ ਕਿਹਾ ਕਿ ਚਾਹੇ ਖਬਰ ਗਲਤ ਅਰਥਾਂ ਨਾਲ ਛਪ ਗਈ, ਜਿਸ ਦਾ ਕਿ ਉਨ੍ਹਾਂ ਨੂੰ ਬੇਹੱਦ ਅਫਸੋਸ ਹੈ, ਕਿੰਤੂ ਉਨ੍ਹਾਂ ਨੇ ਲੋਕਾਂ ਨੂੰ ਇਸ ਪ੍ਰਤੀ ਉਤਸ਼ਾਹ ਦਿਖਾਉਣ ਲਈ ਧੰਨਵਾਦ ਵੀ ਕੀਤਾ। ਲਿਗੂਰੀਆ ਰਾਜ ਦੇ ਸਾਵੋਨਾ ਦੇ ਉਤਰੀ ਭਾਗ ਵਿੱਚ ਵਸੇ ਪਿੰਡ ਬੋਰਮਿਦਾ ਵਿੱਚ ਇਸ ਸਮੇਂ 387 ਲੋਕਾਂ ਦੀ ਰਿਹਾਇਸ਼ ਹੈ। ਇਹ ਪਿੰਡ ਲੋਹੇ ਦੇ ਕੰਮ ਲਈ ਮਸ਼ਹੂਰ ਹੁੰਦਾ ਸੀ, ਜੋ ਹੁਣ ਘੱਟ ਵਸੋਂ ਦੀ ਮਾਰ ਝੱਲਣ ਲਈ ਮਜਬੂਰ ਹੈ। ਇਹੀ ਕਾਰਨ ਸੀ ਕਿ ਮੇਅਰ ਨੇ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਰਾਜ ਦੇ ਪ੍ਰਸ਼ਾਸਨ ਅੱਗੇ ਇੱਕ ਸੁਝਾਅ ਰੱਖਿਆ ਸੀ।