ਇਕ ਭੰਵਰ ਰਿਸ਼ਤਿਆਂ ਦਾ

-ਜਸਇੰਦਰ ਸਿੰਘ
ਮਨੁੱਖ ਦੇ ਪੈਦਾ ਹੋਣ ਤੋਂ ਉਸ ਦੇ ਮਰਨ ਤੱਕ ਦੇ ਸਫਰ ਨੂੰ ਜੀਵਨ ਚੱਕਰ ਸਮਝਿਆ ਜਾਂਦਾ ਹੈ। ਇਸ ਨੂੰ ਚੱਕਰ ਸ਼ਾਇਦ ਇਸ ਲਈ ਕਿਹਾ ਗਿਆ ਹੈ ਕਿ ਮਨੁੱਖ ਸਮੁੰਦਰ ਰੂਪੀ ਸੰਸਾਰ ਵਿਚਲੇ ਰਿਸ਼ਤਿਆਂ ਦੇ ਤੂਫਾਨੀ ਚੱਕਰਵਾਤ ਵਿੱਚ ਇਸ ਤਰ੍ਹਾਂ ਫਸਦਾ ਹੈ ਕਿ ਉਸ ਦੇ ਇਸ ਭੰਵਰ ਵਿੱਚੋਂ ਨਿਕਲਣ ਦੀ ਕੋਈ ਆਸ ਨਹੀਂ ਹੁੰਦੀ। ਉਹ ਮਰਦੇ ਦਮ ਤੱਕ ਇਸ ਨਾਲ ਘੁਲਦਾ ਰਹਿੰਦਾ ਹੈ। ਆਪਣੀਆਂ ਇੱਛਾਵਾਂ ਪੂਰੀਆਂ ਕਰਨ ਦੇ ਚੱਕਰ ਵਿੱਚ ਉਹ ਚਾਹ ਕੇ ਵੀ ਇਸ ਵਿੱਚੋਂ ਨਿਕਲ ਨਹੀਂ ਸਕਦਾ। ਇਸ ਚੱਕਰ ਦੀ ਸ਼ੁਰੂਆਤ ਮਨੁੱਖ ਦੇ ਧਰਤੀ ਉਤੇ ਮਰਦ ਤੇ ਔਰਤ ਦੇ ਰੂਪ ਵਿੱਚ ਪੈਦਾ ਹੋਣ ਤੋਂ ਹੁੰਦੀ ਹੈ। ਇਥੋਂ ਹੀ ਇਸ ਭੰਵਰ ਰੂਪੀ ਰਿਸ਼ਤਿਆਂ ਦੇ ਚੱਕਰਵਾਤ ਦੀਆਂ ਛੋਟੀਆਂ-ਛੋਟੀਆਂ ਲਹਿਰਾਂ ਉੱਠਣ ਲੱਗਦੀਆਂ ਹਨ।
ਪਹਿਲੀ ਲਹਿਰ ਉਸ ਦੀ ਪੜ੍ਹਾਈ ਰੂਪੀ ਉਠਦੀ ਹੈ। ਇਸ ਦੇ ਉਠਣ ਨਾਲ ਮਾਤਾ ਪਿਤਾ ਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਬੱਚਾ ਨਹੀਂ, ਉਹ ਆਪ ਦੁਬਾਰਾ ਪੜ੍ਹਨੇ ਪੈ ਗਏ ਹੋਣ। ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਜਾਂਦਾ ਹੈ, ਇਹ ਲਹਿਰ ਵੱਡੀ ਹੁੰਦੀ ਜਾਂਦੀ ਹੈ। ਇਹ ਸਮਾਂ ਬੱਚੇ ਅਤੇ ਮਾਤਾ-ਪਿਤਾ ਦੋਵਾਂ ਲਈ ਇਮਤਿਹਾਨ ਦੀ ਘੜੀ ਹੁੰਦਾ ਹੈ, ਜਿਵੇਂ ਕਿਵੇਂ ਹੱਸ ਕੇ ਜਾਂ ਰੋ ਕੇ ਇਹ ਪੂਰਾ ਹੋ ਜਾਂਦਾ ਹੈ। ਦੂਜੀ ਲਹਿਰ ਹੋਰ ਵੱਡੀ ਬਣਦੀ ਹੈ, ਜਿਸ ਨੂੰ ਅਸੀਂ ਰੁਜ਼ਗਾਰ ਦੇ ਨਾਂ ਤੋਂ ਜਾਣਦੇ ਹਾਂ। ਅੱਜ ਦੇ ਦੌਰ ਵਿੱਚ ਇਹ ਦੂਜੀ ਲਹਿਰ ਖਤਰਨਾਕ ਰੂਪ ਧਾਰਨ ਕਰ ਚੁੱਕੀ ਹੈ, ਜਿਸ ਵਿੱਚ ਜ਼ਿਆਦਾਤਰ ਨੌਜਵਾਨ ਗੋਤੇ ਖਾਂਦੇ ਨਜ਼ਰੀਂ ਪੈਂਦੇ ਹਨ। ਕਿਸਮਤ ਵਾਲੇ ਹੀ ਇਸ ਭੰਵਰ ਵਿੱਚ ਸੰਭਲਦੇ ਹਨ। ਤੀਜੀ ਲਹਿਰ ਵਿਆਹ ਸ਼ਾਦੀ ਦੀ ਆਉਂਦੀ ਹੈ, ਜੋ ਖਾਸ ਕਰਕੇ ਔਰਤਾਂ ਲਈ ਬੜੀ ਤੇਜ਼ ਹੁੰਦੀ ਹੈ। ਉਨ੍ਹਾਂ ਦੀ ਜ਼ਿੰਦਗੀ ਵਿੱਚ ਉਥਲ ਪੁਥਲ ਮਚਾ ਦਿੰਦੀ ਹੈ। ਕਿਉਂਕਿ ਸਾਡਾ ਸਮਾਜ ਮਰਦ ਪ੍ਰਧਾਨ ਰਿਹਾ ਹੈ, ਇਸ ਲਈ ਔਰਤ ਨੂੰ ਹਮੇਸ਼ਾ ਤਰਸ ਯੋਗ ਸਮਝਿਆ ਜਾਂਦਾ ਹੈ। ਉਨ੍ਹਾਂ ਦੀਆਂ ਇੱਛਾਵਾਂ ਨੂੰ ਹਮੇਸ਼ਾ ਦਬਾਇਆ ਜਾਂਦਾ ਰਿਹਾ ਹੈ। ਫਿਰ ਚਾਹੇ ਉਸ ਦੇ ਮਾਪੇ ਹੋਣ ਜਾਂ ਪਤੀ ਕਿਉਂ ਨਾ ਹੋਵੇ, ਹਰ ਕੋਈ ਆਪਣੇ ਹਿਸਾਬ ਨਾਲ ਉਸ ਉਤੇ ਦਬਾਅ ਪਾਉਂਦਾ ਹੈ।
ਸਾਡੇ ਸਮਾਜ ਵਿੱਚ ਵਿਆਹ ਔਰਤਾਂ ਲਈ ਪੁਨਰ ਜਨਮ ਤੋਂ ਘੱਟ ਨਹੀਂ। ਅਧਿਐਨ ਤੋਂ ਪਤਾ ਚੱਲਦਾ ਹੈ ਕਿ ਵਿਆਹ ਤੋਂ ਬਾਅਦ ਔਰਤਾਂ ਦਾ ਜੀਵਨ ਹੋਰ ਵੀ ਪਾਬੰਦੀਆਂ ਭਰਿਆ ਹੋ ਜਾਂਦਾ ਹੈ। ਪਹਿਲਾਂ ਉਸ ਉਤੇ ਸਮਾਜ ਅਤੇ ਪਰਵਾਰ ਦੀਆਂ ਪਾਬੰਦੀਆਂ ਹੁੰਦੀਆਂ ਸਨ ਤੇ ਬਾਅਦ ਵਿੱਚ ਪਤੀ ਦੀ ਪਸੰਦ ਨਾਪਸੰਦ ਲਾਗੂ ਹੋਣ ਲੱਗਦੀ ਹੈ। ਕੁਝ ਔਰਤਾਂ ਇਸ ਵਿਆਹ ਰੂਪੀ ਲਹਿਰ ਦੀ ਮਾਰ ਨਾ ਝੱਲਦਿਆਂ ਜੀਵਨ ਚੱਕਰ ਪੂਰੀ ਕੀਤੇ ਬਿਨਾਂ ਹੀ ਖਤਮ ਹੋ ਜਾਂਦੀਆਂ ਹਨ। ਇਸ ਦੇ ਕਈ ਕਾਰਨ ਹਨ, ਜਿਨ੍ਹਾਂ ਤੋਂ ਅਸੀਂ ਸਾਰੇ ਭਲੀ ਭਾਂਤ ਜਾਣੂ ਹਾਂ। ਕਈ ਵਾਰੀ ਪੁਰਸ਼ ਵੀ ਇਸ ਵਿਆਹ ਰੂਪੀ ਲਹਿਰ ਦਾ ਸ਼ਿਕਾਰ ਹੋ ਜਾਂਦੇ ਹਨ। ਇਹ ਲਹਿਰ ਉਨ੍ਹਾਂ ਦੇ ਜੀਵਨ ਉਤੇ ਡੂੰਘਾ ਅਸਰ ਪਾਉਂਦੀ ਹੈ। ਕਈ ਵਾਰ ਦੇਖਿਆ ਗਿਆ ਹੈ ਕਿ ਵਿਆਹ ਪਿੱਛੋਂ ਪੁਰਸ਼ ਚੱਕੀ ਦੇ ਦੋ ਪੁੜਾਂ ਵਿਚਾਲੇ ਕਣਕ ਦੇ ਦਾਣੇ ਵਾਂਗ ਪਿਸਦਾ ਰਹਿੰਦਾ ਹੈ। ਇਹ ਦੋ ਪੁੜ ਜ਼ਿਆਦਾਤਰ ਉਸ ਦੀ ਮਾਂ ਤੇ ਘਰ ਵਾਲੀ ਹੁੰਦੇ ਹਨ। ਜੇ ਉਹ ਘਰ ਵਾਲੀ ਦੀ ਗੱਲ ਸੁਣਦਾ ਜਾਂ ਮੰਨਦਾ ਹੈ ਤਾਂ ਮਾਂ ਉਸ ਨੂੰ ਤਾਅਨੇ ਮਾਰਦੀ ਹੈ, ਜੇ ਮਾਂ ਦੀ ਗੱਲ ਸੁਣਦਾ ਜਾਂ ਮੰਨਦਾ ਹੈ ਤਾਂ ਘਰ ਵਾਲੀ ਤਾਅਨੇ ਮਾਰਦੀ ਹੈ। ਉਸ ਦੀ ਸਮਝ ਵਿੱਚ ਨਹੀਂ ਆਉਂਦਾ ਕਿ ਕਿਸ ਦੀ ਸੁਣੇ ਅਤੇ ਕਿਸ ਦੀ ਨਾ ਸੁਣੇ। ਤੀਜਾ ਉਸ ਦੇ ਦੋਸਤ ਮਿੱਤਰ ਹੁੰਦੇ ਹਨ, ਜਿਨ੍ਹਾਂ ਨਾਲ ਵਿਆਹ ਤੋਂ ਪਹਿਲਾਂ ਉਸ ਦਾ ਜ਼ਿਆਦਾਤਰ ਸਮਾਂ ਗੁਜ਼ਰਦਾ ਸੀ। ਵਿਆਹ ਤੋਂ ਬਾਅਦ ਸਭ ਕੁਝ ਬਦਲ ਜਾਂਦਾ ਹੈ। ਉਹ ਦੋਸਤਾਂ ਮਿੱਤਰਾਂ ਤੋਂ ਦੂਰ ਹੁੰਦਾ ਜਾਂਦਾ ਹੈ ਤੇ ਜਦੋਂ ਕਦੀ ਕਦਾਈਂ ਮਿੱਤਰਾਂ ਨਾਲ ਮੁਲਾਕਾਤ ਹੁੰਦੀ ਹੈ ਤਾਂ ਉਹ ਵੀ ਉਸ ਨੂੰ ਤਾਅਨਾ ਮਾਰੇ ਬਿਨਾਂ ਨਹੀਂ ਰਹਿੰਦੇ।
ਇਸ ਤੋਂ ਬਾਅਦ ਚੌਥੀ ਲਹਿਰ ਉਠਦੀ ਹੈ, ਜਿਸ ਨਾਲ ਇਕ ਹੋਰ ਜਿੰਦ ਦਾ ਜੀਵਨ ਚੱਕਰ ਸ਼ੁਰੂ ਹੋ ਜਾਂਦਾ ਹੈ, ਭਾਵ ਵਿਆਹ ਪਿੱਛੋਂ ਘਰ ਪਰਵਾਰ ਵਿੱਚ ਨਵੇਂ ਮੈਂਬਰ ਭਾਵ ਬੱਚੇ ਦਾ ਜਨਮ ਹੋਣਾ। ਇਥੇ ਜ਼ਿਕਰ ਯੋਗ ਹੈ ਕਿ ਔਰਤ ਲਈ ਇਕ ਬੱਚੇ ਨੂੰ ਜਨਮ ਦੇਣਾ ਵੀ ਉਸ ਦੇ ਦੁਬਾਰਾ ਜਨਮ ਲੈਣ ਵਰਗਾ ਹੀ ਹੈ, ਕਿਉਂਕਿ ਇਹ ਤਕਲੀਫ ਜਾਨ ਲੈਣ ਵਾਲੀ ਹੁੰਦੀ ਹੈ। ਹੁਣ ਦਾਦਾ-ਦਾਦੀ ਦੀ ਇੱਛਾ ਇਹ ਹੁੰਦੀ ਹੈ ਕਿ ਉਹ ਆਪਣੇ ਪੋਤੇ/ ਪੋਤੀ ਦੇ ਬੱਚੇ ਵੀ ਦੇਖ ਲੈਣ, ਭਾਵ ਉਹ ਪੜ੍ਹ ਲਿਖ ਕੇ ਨੌਕਰੀ ਅਤੇ ਫਿਰ ਵਿਆਹ ਤੇ ਇਨ੍ਹਾਂ ਦੇ ਬੱਚੇ, ਇਸ ਗੱਲ ਦੀ ਫਿਕਰ ਵੀ ਦਾਦਾ-ਦਾਦੀ ਨੂੰ ਹੁਣੇ ਤੋਂ ਸਤਾਉਣ ਲੱਗਦੀ ਹੈ। ਇਹੀ ਸਿਲਸਿਲਾ ਜੀਵਨ ਚੱਕਰ ਅਖਵਾਉਂਦਾ ਹੈ।
ਇਸ ਤਰ੍ਹਾਂ ਅਸੀਂ ਸਾਰੇ ਇਸ ਜੀਵਨ ਚੱਕਰ ਦੇ ਭੰਵਰ ਵਿੱਚ ਫਸੇ ਰਹਿੰਦੇ ਹਾਂ। ਸਾਰੀ ਉਮਰ ਏਦਾਂ ਹੀ ਬੀਤ ਜਾਂਦੀ ਹੈ। ਪਤਾ ਨਹੀਂ ਚੱਲਦਾ ਕਿ ਕਦੋਂ ਜ਼ਿੰਦਗੀ ਦਾ ਅੰਤਮ ਸਮਾਂ ਆ ਗਿਆ। ਹਾਲਾਂਕਿ ਇਥੇ ਮਰਨਾ ਕੋਈ ਜ਼ਿਆਦਾ ਮਾਅਨੇ ਨਹੀਂ ਰੱਖਦਾ, ਕਿਉਂਕਿ ਇਹ ਇਕ ਅਟੱਲ ਸੱਚਾਈ ਹੈ ਕਿ ਇਕ ਨਾ ਇਕ ਦਿਨ ਸਭ ਨੇ ਮਰਨਾ ਹੈ। ਇਥੇ ਇਹ ਸਮਝਣਾ ਜ਼ਰੂਰੀ ਹੈ ਕਿ ਅਸੀਂ ਜਿਹੜਾ ਜੀਵਨ ਬਿਤਾਇਆ ਹੈ, ਉਹ ਕਿੰਨਾ ਆਨੰਦਮਈ ਸੀ, ਕਿਉਂਕਿ ਮਨੁੱਖੀ ਜੀਵਨ ਅਨਮੋਲ ਹੈ। ਕਹਿੰਦੇ ਹਨ, ‘ਲੱਖਾਂ ਜੂਨਾਂ ਤੋਂ ਬਾਅਦ ਸਾਨੂੰ ਮਨੁੱਖੀ ਜੀਵਨ ਮਿਲਦਾ ਹੈ।’ ਮੈਨੂੰ ਗੁਰਬਾਣੀ ਦੀਆਂ ਤੁਕਾਂ ਯਾਦ ਆ ਰਹੀਆਂ ਹਨ:
‘ਰੈਣਿ ਗਵਾਈ ਸੋਇ ਕੇ ਦਿਵਸੁ ਗਵਾਇਆ ਖਾਇ॥
ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ॥’
ਭਾਵ ਅਸੀਂ ਆਪਣਾ ਅਨਮੋਲ ਜੀਵਨ ਸੋਚਾਂ ਵਿੱਚ ਗੁਆ ਦਿੰਦੇ ਹੰ। ਸੰਸਾਰੀ ਵਸਤਾਂ ਪਿੱਛੇ ਭੱਜੇ ਫਿਰਦੇ ਰਹਿੰਦੇ ਹਾਂ। ਸੋਚਦੇ ਹਾਂ ਕਿ ਸਾਡੇ ਕੋਲ ਇਹ ਵੀ ਹੋਵੇ ਤੇ ਉਹ ਵੀ। ਉਸ ਕੋਲ ਹੈ, ਮੇਰੇ ਕੋਲ ਵੀ ਹੋਵੇ ਤੇ ਉਸ ਤੋਂ ਵੱਧ ਹੋਵੇ, ਪਰ ਜੋ ਸਾਡੇ ਕੋਲ ਹੁੰਦਾ ਹੈ, ਉਸ ਦੀ ਕਦਰ ਨਹੀਂ ਕਰਦੇ। ਜਿਵੇਂ ਆਮ ਕਹਾਵਤ ਹੈ ‘ਦੂਜੇ ਦੀ ਥਾਲੀ ਵਿੱਚ ਲੱਡੂ ਵੱਡਾ ਹੀ ਦਿਸਦਾ ਹੈ।’ ਸਬਰ ਤੇ ਗਿਆਨ ਦੀ ਘਾਟ ਕਰਕੇ ਦੂਜੇ ਦੀ ਖੁਸ਼ੀ ਤੇ ਤਰੱਕੀ ਤੋਂ ਈਰਖਾ ਕਰਦੇ ਹਾਂ। ਜੋ ਆਪਣੇ ਕੋਲ ਹੈ, ਉਸ ਵਿੱਚ ਖੁਸ਼ ਨਹੀਂ ਰਹਿ ਸਕਦੇ। ਹਮੇਸ਼ਾ ਦੂਜਿਆਂ ਨਾਲ ਆਪਣੀ ਤੁਲਨਾ ਕਰਦੇ ਰਹਿੰਦੇ ਹਾਂ।
ਜਦੋਂ ਮੈਂ ਮਨੁੱਖ ਦੀ ਤੁਲਨਾ ਪੰਛੀਆਂ ਨਾਲ ਕਰਦਾ ਹਾਂ ਤਾਂ ਮੈਨੂੰ ਪੰਛੀਆਂ ਦਾ ਪੱਲੜਾ ਭਾਰਾ ਜਾਪਦਾ ਹੈ। ਮਨੁੱਖ ਦੇ ਮੁਕਾਬਲੇ ਉਹ ਆਪਣਾ ਜੀਵਨ ਇਸ ਤਰੀਕੇ ਨਾਲ ਜਿਉਂਦੇ ਹਨ ਕਿ ਆਨੰਦਮਈ ਜਾਪਦਾ ਹੈ। ਇਸ ਲਈ ਉਹ ਸਾਨੂੰ ਸਦਾ ਚਹਿਕਦੇ ਨਜ਼ਰੀਂ ਪੈਂਦੇ ਹਨ। ਸਾਨੂੰ ਪੰਛੀਆਂ ਤੋਂ ਜੀਵਨ ਜਿਊਣ ਦਾ ਢੰਗ ਸਿੱਖਣਾ ਚਾਹੀਦਾ ਹੈ, ਕਿਉਂਕਿ ਪੰਛੀ ਆਪਣੇ ਬੱਚਿਆਂ ਨੂੰ ਉਦੋਂ ਤੱਕ ਪਾਲਦੇ ਪੋਸਦੇ ਹਨ, ਜਦੋਂ ਤੱਕ ਉਹ ਉਨ੍ਹਾਂ ਉਤੇ ਨਿਰਭਰ ਹੁੰਦੇ ਹਨ। ਜਿਵੇਂ ਹੀ ਉਡਣਾ ਸਿੱਖ ਲੈਂਦੇ ਹਨ ਤਾਂ ਮਾਪੇ ਉਨ੍ਹਾਂ ਨੂੰ ਆਜ਼ਾਦ ਜਿਊਣ ਲਈ ਛੱਡ ਦਿੰਦੇ ਹਨ। ਉਹ ਸਾਡੇ ਵਾਂਗ ਸਾਰੀ ਉਮਰ ਉਨ੍ਹਾਂ ਨਾਲ ਚਿੰਬੜੇ ਨਹੀਂ ਰਹਿੰਦੇ ਅਤੇ ਨਾ ਹੀ ਪੋਤੇ-ਪੜ-ਪੋਤੀਆਂ ਦੇ ਚੱਕਰਾਂ ਵਿੱਚ ਜੀਵਨ ਚੱਕਰ ਖਤਮ ਕਰਦੇ ਹਨ।
ਆਦਮ ਜ਼ਾਤ ਇਸ ਸੰਸਾਰ ਉਤੇ ਸਭ ਤੋਂ ਬੁੱਧੀਮਾਨ ਜੀਵ ਹੈ, ਪਰ ਲੱਗਦਾ ਹੈ ਕਿ ਸਾਡੀ ਜ਼ਿਆਦਾ ਸਿਆਣਪ ਹੀ ਸਾਡੀ ਸਭ ਤੋਂ ਵੱਡੀ ਦੁਸ਼ਮਣ ਹੋ ਗਈ ਹੈ। ਮਨੁੱਖ ਹੀ ਮਨੁੱਖ ਨਾਲ ਚਤੁਰਾਈ ਕਰਦਾ ਹੈ। ਅੱਜ ਕੱਲ੍ਹ ਤਾਂ ਅਸੀਂ ਆਪਣਿਆਂ ਨਾਲ ਵੀ ਚਤੁਰਾਈ ਵਰਤਣ ਤੋਂ ਗੁਰੇਜ਼ ਨਹੀਂ ਕਰਦੇ। ਜੇ ਅਸੀਂ ਜੀਵਨ ਨੂੰ ਆਨੰਦਮਈ ਢੰਗ ਨਾਲ ਜਿਉਣਾ ਚਾਹੁੰਦੇ ਹਾਂ ਤਾਂ ਇਸ ਜੀਵਨ ਚੱਕਰ ਨੂੰ ਤੋੜਨ ਦੀ ਲੋੜ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਨੰਦਮਈ ਤਰੀਕੇ ਨਾਲ ਜਿਉਣਾ ਸਿੱਖ ਸਕਣ।