ਇਕ ਦਰਵੇਸ਼ ਨਾਲ ਚੇਤਿਆਂ ‘ਚ ਵਸੀ ਮੁਲਾਕਾਤ

-ਪ੍ਰਿੰ. ਵਿਜੈ ਕੁਮਾਰ
ਆਦਰਸ਼ ਵਿਚਾਰਾਂ ਵਾਲੇ ਦਰਵੇਸ਼ ਲੋਕਾਂ ਨੂੰ ਮਿਲਣਾ ਮੇਰੀ ਜ਼ਿੰਦਗੀ ਦਾ ਉਦੇਸ਼ ਰਿਹਾ ਹੈ, ਕਿਉਂਕਿ ਅਜਿਹੇ ਲੋਕਾਂ ਨੂੰ ਮਿਲ ਕੇ ਜ਼ਿੰਦਗੀ ਦੀ ਧਾਰਾ ਬਦਲ ਜਾਂਦੀ ਹੈ। ਬੰਦੇ ਨੂੰ ਆਪਣੇ ਔਗੁਣਾਂ ਦੇ ਦਰਸ਼ਨ ਹੋ ਜਾਂਦੇ ਹਨ। ਉਨ੍ਹਾਂ ਦੇ ਗੁਣਾਂ ਨਾਲ ਆਪਣੇ ਔਗੁਣਾਂ ਦੀ ਤੁਲਨਾ ਹੋਣ ‘ਤੇ ਬੰਦੇ ਦੇ ਅੰਦਰਲਾ ਸ਼ੈਤਾਨ ਬੌਣਾ ਹੋ ਜਾਂਦਾ ਹੈ। ਉਸ ਦੇ ਅੰਦਰਲੀ ਹਉਮੈ ਪੇਤਲੀ ਪੈ ਜਾਂਦੀ ਹੈ।
ਕਾਫੀ ਸਾਲ ਪਹਿਲਾਂ ਦੀ ਗੱਲ ਹੈ, ਮੇਰੇ ਨਾਲ ਨੌਕਰੀ ਕਰਦੇ ਇਕ ਲੈਕਚਰਾਰ ਸਾਥੀ ਨੇ ਮੈਨੂੰ ਫੋਨ ਕਰ ਕੇ ਕਿਹਾ, ‘ਅੱਜ ਰਾਤ ਇਕ ਵਿਅਕਤੀ ਤੇਰੇ ਕੋਲ ਪਹੁੰਚੇਗਾ ਤੇ ਰਾਤ ਠਹਿਰੇਗਾ। ਉਸ ਕੋਲੋਂ ਤੈਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਉਹ ਸ਼ਾਮ ਦੇ ਠੀਕ ਪੰਜ ਵਜੇ ਪਹੁੰਚ ਜਾਵੇਗਾ।’ ਮੈਂ ਸਕੂਲ ਤੋਂ ਆ ਕੇ ਉਸ ਦੇ ਆਉਣ ਦੀ ਉਡੀਕ ਕਰਨ ਲੱਗਾ। ਉਸ ਇਨਸਾਨ ਆਉਣ ਤੋਂ ਪਹਿਲਾਂ ਮੈਂ ਸੋਚ ਰਿਹਾ ਸਾਂ ਕਿ ਉਹ ਇਕ ਦੋ ਘੰਟੇ ਦੇਰੀ ਨਾਲ ਆਵੇਗਾ, ਕਿਉਂਕਿ ਸਾਡੇ ਦੇਸ਼ ਵਿੱਚ ਬਹੁਤ ਘੱਟ ਲੋਕ ਅਜਿਹੇ ਹਨ, ਜੋ ਵੇਲੇ ਸਿਰ ਪਹੁੰਚਦੇ ਹਨ। ਮੈਂ ਮਨੋਂ ਮਨੀ ਉਸ ਬਾਰੇ ਸੋਚ ਰਿਹਾ ਸਾਂ ਕਿ ਉਹ ਕੋਈ ਮਹਿੰਗੀ ਪੋਸ਼ਾਕ ਵਾਲਾ ਵਿਅਕਤੀ ਹੋਵੇਗਾ। ਕੋਲ ਕੋਈ ਅਟੈਚੀ ਜਾਂ ਬੈਗ ਹੋਵੇਗਾ। ਠੀਕ ਪੰਜ ਵਜੇ ਮੇਰੇ ਘਰ ਦੇ ਦਰਵਾਜ਼ੇ ‘ਤੇ ਲੱਗੀ ਟੱਲੀ ਵੱਜੀ। ਦਰਵਾਜ਼ਾ ਖੋਲ੍ਹਣ ‘ਤੇ ਮੇਰੇ ਸਾਹਮਣੇ ਖੜਾ ਵਿਅਕਤੀ ਬਹੁਤ ਸਾਧਾਰਨ ਜਿਹਾ ਸੱਜਣ ਸੀ। ਉਸ ਦੇ ਮੋਢੇ ਉੱਤੇ ਕੱਪੜੇ ਦਾ ਇਕ ਝੋਲਾ ਲਟਕ ਰਿਹਾ ਸੀ। ਉਸ ਨੇ ਸਹਿਜਤਾ ਭਰੇ ਸ਼ਬਦਾਂ ਨਾਲ ਆਪਣੀ ਜਾਣਕਾਰੀ ਦਿੱਤੀ। ਮੈਂ ਉਸ ਨੂੰ ਅੰਦਰ ਆਉਣ ਨੂੰ ਕਿਹਾ।
ਪਾਣੀ ਦਾ ਗਿਲਾਸ ਲੈਣ ਮਗਰੋਂ ਉਸ ਨੇ ਕਿਹਾ, ‘ਸ੍ਰੀਮਾਨ, ਮੇਰੀ ਆਪ ਜੀ ਨੂੰ ਨਿਮਰ ਬੇਨਤੀ ਹੈ ਕਿ ਮੇਰੇ ਲਈ ਕੁਝ ਵਿਸ਼ੇਸ਼ ਕਰਨ ਦੀ ਲੋੜ ਨਹੀਂ। ਮੇਰੀ ਆਮਦ ਨਾਲ ਤੁਹਾਡੀ ਪਰਵਾਰਕ ਜ਼ਿੰਦਗੀ ਪ੍ਰਭਾਵਤ ਨਾ ਹੋਵੇ, ਇਸ ਗੱਲ ਦਾ ਖਾਸ ਖਿਆਲ ਰੱਖਣਾ। ਮੈਂ ਊਨੇ ਤੋਂ ਚੰਡੀਗੜ੍ਹ ਜਾ ਰਿਹਾ ਸਾਂ। ਮੈਂ ਤੁਹਾਡੇ ਲੈਕਚਰਾਰ ਸਾਥੀ ਕੋਲ ਆਉਣਾ ਸੀ। ਉਹ ਕਿਤੇ ਬਾਹਰ ਗਏ ਹੋਏ ਨੇ, ਜਿਸ ਕਰਕੇ ਉਨ੍ਹਾਂ ਮੈਨੂੰ ਤੁਹਾਡੇ ਕੋਲ ਰੁਕਣ ਲਈ ਕਿਹਾ ਹੈ। ਉਹ ਕੱਲ੍ਹ ਆ ਜਾਣਗੇ। ਮੇਰਾ ਉਨ੍ਹਾਂ ਨੂੰ ਮਿਲਣਾ ਬਹੁਤ ਜ਼ਰੂਰੀ ਹੈ।Ḕ ਬੇਨਤੀ ਦੇ ਬਾਵਜੂਦ ਉਨ੍ਹਾਂ ਚਾਹ ਦਾ ਕੱਪ ਤੱਕ ਨਹੀਂ ਲਿਆ। ਉਹ ਕੁਰਸੀ ‘ਤੇ ਬੈਠੇ ਆਪਣੇ ਨਾਲ ਲਿਆਂਦੀ ਕਿਤਾਬ ਪੜ੍ਹਦੇ ਰਹੇ।
ਰਾਤ ਦੇ ਖਾਣੇ ਵਿੱਚ ਮੇਰੀ ਪਤਨੀ ਨੇ ਚੰਗੀ ਮਹਿਮਾਨ ਨਿਵਾਜ਼ੀ ਦੇ ਮਨ ਨਾਲ ਉਨ੍ਹਾਂ ਲਈ ਦੋ ਤਿੰਨ ਸਬਜ਼ੀਆਂ, ਖੀਰ, ਸਲਾਦ ਤੇ ਦਹੀ ਵਗੈਰਾ ਤਿਆਰ ਕਰ ਲਏ। ਜਦੋਂ ਉਨ੍ਹਾਂ ਅੱਗੇ ਰਾਤ ਦਾ ਖਾਣਾ ਪਰੋਸਿਆ ਗਿਆ ਤਾਂ ਉਨ੍ਹਾਂ ਨੇ ਸਿਰਫ ਦੋ ਚਪਾਤੀਆਂ, ਇਕ ਕਟੋਰੀ ਸਬਜ਼ੀ ਤੇ ਅੱਧੀ ਕਟੋਰੀ ਖੀਰ ਲਈ। ਮੈਂ ਉਨ੍ਹਾਂ ਨੂੰ ਸਵਾਲ ਕੀਤਾ, ‘ਸੀਮਾਨ ਜੀ, ਕੀ ਗੱਲ ਤਬੀਅਤ ਠੀਕ ਹੈ? ਕੀ ਤੁਹਾਡੇ ਪਸੰਦ ਦੀ ਸਬਜ਼ੀ ਨਹੀਂ ਬਣੀ?’ ਮੇਰੇ ਸਵਾਲ ਸੁਣ ਕੇ ਉਹ ਕੁਝ ਨਹੀਂ ਬੋਲੇ। ਸਾਧਾਰਨ ਜਿਹੇ ਹਾਸੇ ਵਿੱਚ ਉਨ੍ਹਾਂ ਸਿਰਫ ਏਨੇ ਹੀ ਸ਼ਬਦ ਕਹੇ, ‘ਬੰਦੇ ਨੂੰ ਹਿਸਾਬ ਕਿਤਾਬ ਨਾਲ ਖਾਣਾ ਚਾਹੀਦਾ ਹੈ।’ ਇਸ ਤੋਂ ਬਾਅਦ ਉਨ੍ਹਾਂ ਨੇ ਗਰਮ ਪਾਣੀ ਦਾ ਗਿਲਾਸ ਲੈ ਕੇ ਘਰ ਦੇ ਵਿਹੜੇ ”ਚ ਦੋ ਤਿੰਨ ਚੱਕਰ ਲਾਏ। ਸੌਣ ਲੱਗਿਆਂ ਦੁੱਧ ਦਾ ਇਕ ਕੱਪ ਲਿਆ।
ਮੈਂ ਸੋਚ ਰਿਹਾ ਸਾਂ ਕਿ ਹੁਣ ਮੇਰੇ ਬਾਰੇ ਕੁਝ ਪੁੱਛਣਗੇ ਅਤੇ ਆਪਣੇ ਬਾਰੇ ਦੱਸਣਗੇ, ਪਰ ਉਹ ਮੇਰੇ ਵੱਲੋਂ ਦੱਸੇ ਗਏ ਕਮਰੇ ਅੰਦਰ ਚਲੇ ਗਏ। ਉਨ੍ਹਾਂ ਨੇ ਕੋਈ ਕੱਪੜੇ ਨਹੀਂ ਬਦਲੇ। ਪਿੰਡੇ ‘ਤੇ ਪਾਏ ਹੋਏ ਕੁੜਤੇ ਪਜਾਮੇ ਵਿੱਚ ਹੀ ਸੌਂ ਗਏ। ਉਸ ਵਿਅਕਤੀ ਦੀ ਚੁੱਪ ਸ਼ਾਂਤ ਬਿਰਤੀ ਨੇ ਉਸ ਪ੍ਰਤੀ ਮੇਰੀ ਜਿਗਿਆਸਾ ਵਿੱਚ ਵਾਧਾ ਕਰ ਦਿੱਤਾ। ਮੇਰਾ ਮਨ ਕਾਹਲਾ ਪੈ ਰਿਹਾ ਸੀ ਕਿ ਮੈਂ ਉਸ ਬਾਰੇ ਕੁਝ ਜਾਣਾ।
ਮੈਂ ਜਦੋਂ ਸਵੇਰੇ ਉਠਿਆ ਤਾਂ ਉਹ ਸਵੇਰੇ ਸੈਰ ਕਰਨ ਤੋਂ ਬਾਅਦ ਇਸ਼ਨਾਨ ਕਰਕੇ ਕੁਰਸੀ ‘ਤੇ ਬੈਠਾ ਆਪਣੀ ਕਿਤਾਬ ਪੜ੍ਹ ਰਿਹਾ ਸੀ। ਉਸ ਨੇ ਕੋਈ ਸਵੇਰ ਦੀ ਚਾਹ ਨਹੀਂ ਮੰਗੀ। ਅਖਬਾਰ ਨਹੀਂ ਪੁੱਛੀ। ਮੇਰੀ ਪਤਨੀ ਨੇ ਉਸ ਤੋਂ ਬਿਨਾਂ ਪੁੱਛਿਆਂ ਉਸ ਲਈ ਪੂਰੀਆਂ ਛੋਲਿਆਂ ਦਾ ਨਾਸ਼ਤਾ ਤਿਆਰ ਕਰ ਦਿੱਤਾ। ਉਸ ਨੇ ਰਸੋਈ ਵਿੱਚ ਤਲ ਹੋ ਰਹੀਆਂ ਪੁਰੀਆਂ ਨੂੰ ਵੇਖ ਕੇ ਕਿਹਾ, ‘ਭੈਣ ਜੀ, ਜੇ ਇਕ ਕਟੋਰੀ ਦਲੀਆ ਅਤੇ ਨਾਲ ਦੁੱਧ ਦਾ ਕੱਪ ਦੇ ਦਿਓ ਤਾਂ ਬਹੁਤ ਚੰਗਾ ਲੱਗੇਗਾ।’ ਉਸ ਦੀ ਪਸੰਦ ਅਤੇ ਇੱਛਾ ਸੁਣ ਕੇ ਉਸ ਬਾਰੇ ਮੇਰੀ ਹੈਰਾਨੀ ਹੋਰ ਵਧ ਗਈ। ਛੁੱਟੀ ਦਾ ਦਿਨ ਸੀ। ਮੈਨੂੰ ਸਕੂਲ ਜਾਣ ਦੀ ਕੋਈ ਕਾਹਲੀ ਨਹੀਂ ਸੀ। ਮੈਂ ਵੀ ਉਸ ਦੇ ਨਾਲ ਦਲੀਆ ਹੀ ਖਾਧਾ ਤੇ ਚਾਹ ਦਾ ਕੱਪ ਲੈ ਲਿਆ।
ਹੁਣ ਅਸੀਂ ਦੋਵੇਂ ਫੁਰਸਤ ਦੇ ਪਲਾਂ ਵਿੱਚ ਸਾਂ। ਮੈਂ ਸਹਿਜ ਹੋ ਕੇ ਉਸ ਨੂੰ ਪੁੱਛਿਆ, ‘ਸਰ, ਜੇ ਤੁਹਾਨੂੰ ਬੁਰਾ ਨਾ ਲੱਗੇ ਤਾਂ ਕੁਝ ਆਪਣੇ ਬਾਰੇ ਦੱਸੋਗੇ?Ḕ ਉਹ ਸੱਜਣ ਗੰਭੀਰ ਹੋ ਕੇ ਬੋਲਿਆ, ਮੈਂ ਤੁਹਾਡੇ ਹਾਵ ਭਾਵ ਤੋਂ ਅੰਦਾਜ਼ਾ ਲਗਾ ਲਿਆ ਹੈ ਕਿ ਤੁਸੀਂ ਮੇਰੀ ਸਾਧਾਰਨ ਜ਼ਿੰਦਗੀ ਅਤੇ ਖੁਰਾਕ ਵੇਖ ਕੇ ਮੇਰੇ ਬਾਰੇ ਜਾਣਨ ਦੇ ਚਾਹਵਾਨ ਹੋ। ਪਹਿਲੀ ਵਾਰ ਮਿਲਣ ਵਾਲਾ ਹਰੇਕ ਵਿਅਕਤੀ ਮੈਨੂੰ ਇਹ ਸਵਾਲ ਜ਼ਰੂਰ ਕਰਦਾ ਹੈ। ਸਾਧਾਰਨ ਜ਼ਿੰਦਗੀ ਜਿਊਣ Ḕਚ ਬਹੁਤ ਆਨੰਦ ਆਉਂਦਾ ਹੈ। ਜਿੰਨਾ ਘੱਟ ਖਾਓਗੇ, ਓਨੀ ਸਿਹਤ ਠੀਕ ਰਹੇਗੀ। ਮੇਰੀ ਉਮਰ ਪੈਂਹਠ ਸਾਲ ਹੈ, ਪਰ ਲੋਕ ਮੈਨੂੰ ਚਾਲੀ ਸਾਲ ਦਾ ਸਮਝਦੇ ਹਨ। ਮੈਂ ਪੇਸ਼ੇ ਵਜੋਂ ਇੰਜੀਨੀਅਰ ਸਾਂ। ਮੈਂ ਨੌਕਰੀ ਛੱਡ ਦਿੱਤੀ ਸੀ। ਜਿੰਨੀ ਕੁ ਪੈਨਸ਼ਨ ਅਤੇ ਜੋੜੇ ਹੋਏ ਪੈਸਿਆਂ ਦਾ ਵਿਆਜ ਆਉਂਦਾ ਹੈ, ਉਨ੍ਹਾਂ ਨਾਲ ਲੋਕ ਸੇਵਾ ਕਰ ਛੱਡਦਾ ਹਾਂ। ਇਹ ਮੇਰਾ ਸ਼ੌਕ ਹੈ। ਇਕ ਪੁੱਤਰ ਆਈ ਏ ਐਸ ਅਤੇ ਧੀ ਡਾਕਟਰ। ਮੈਂ ਅਤੇ ਮੇਰੀ ਪਤਨੀ ਹਾਂ। ਪੁੱਤਰ ਅਤੇ ਧੀ ਨੇ ਦਸ ਬੱਚਿਆਂ ਦੀ ਇੰਜੀਨੀਅਰਿੰਗ ਅਤੇ ਡਾਕਟਰੀ ਦੀ ਪੜ੍ਹਾਈ ਦਾ ਖਰਚਾ ਆਪਣੇ ਜ਼ਿੰਮੇ ਲਿਆ ਹੋਇਆ ਹੈ। ਪੁੱਤਰ ਅਤੇ ਧੀ ਨਾ ਹੀ ਕਿਸੇ ਦੀ ਸਿਫਾਰਸ਼ ਕਰਦੇ ਹਨ ਤੇ ਨਾ ਹੀ ਸੁਣਦੇ। ਦਿਨ ਵਿੱਚ ਚਾਰ ਚਪਾਤੀਆਂ, ਦੋ ਸਬਜ਼ੀ ਦੀਆਂ ਕਟੋਰੀਆਂ ਅਤੇ ਦੋ ਕੱਪ ਦੁੱਧ, ਮੇਰੀ ਖੁਰਾਕ ਹਨ। ਅੱਜ ਤੱਕ ਲਗਭਗ ਦੋ ਹਜ਼ਾਰ ਕਿਤਾਬਾਂ ਮੈਂ ਪੜ੍ਹ ਚੁੱਕਾ ਹਾਂ।’
ਉਸ ਵਿਅਕਤੀ ਦੇ ਲਫਜ਼ ਸੁਣ ਕੇ ਮੈਂ ਚਾਹੁੰਦਾ ਸਾਂ ਕਿ ਉਹ ਬੋਲੀ ਜਾਵੇ ਤੇ ਮੈਂ ਸੁਣਦਾ ਜਾਵਾਂ। ਉਸ ਦੇ ਹਰਫਾਂ ‘ਚ ਸਮਰਪਣ ਦੀ ਸੁਗੰਧ ਸੀ, ਜਿਨ੍ਹਾਂ ਨੇ ਮੈਨੂੰ ਮਾਲਾ-ਮਾਲ ਕਰ ਦਿੱਤਾ ਸੀ। ਮੇਰਾ ਉਸ ਨੂੰ ਸਵਾਲ ਸੀ, ‘ਸਰ ਤੁਹਾਡੇ ਵਿੱਚ ਇਹ ਸਾਰੇ ਗੁਣ ਪੈਦਾ ਕਿਵੇਂ ਹੋਏ?’
ਉਹ ਅੱਗੋਂ ਬੋਲਿਆ, ‘ਗੁਣ ਪੈਦਾ ਨਹੀਂ ਹੁੰਦੇ, ਸਗੋਂ ਬੰਦਾ ਸਿੱਖਦਾ ਹੈ। ਮੈਂ ਇਹ ਸਾਰਾ ਕੁਝ ਕਿਤਾਬਾਂ, ਆਪਣੇ ਪਰਵਾਰ ਦੇ ਸੰਸਕਾਰਾਂ ਅਤੇ ਅਧਿਆਪਕਾਂ ਤੋਂ ਸਿੱਖਿਆ ਹੈ। ਜੇ ਇਸ ਦੇਸ਼ ਦੇ ਲੋਕ ਲੋੜ ਤੇ ਭੁੱਖ ਅਨੁਸਾਰ ਖਾਣਾ ਸ਼ੁਰੂ ਕਰ ਦੇਣ ਤਾਂ ਅੱਧੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਵੇਗਾ। ਬੇਚੈਨੀ ਸਾਨੂੰ ਭਟਕਾ ਦਿੰਦੀਆਂ ਹਨ।’
ਮੈਂ ਉਸ ਸੱਜਣ ਕੋਲੋਂ ਬਹੁਤ ਕੁਝ ਸਿੱਖਣਾ ਅਤੇ ਸੁਣਨਾ ਚਾਹੁੰਦਾ ਸਾਂ, ਪਰ ਉਸ ਨ ਘੜੀ ਵੇਖ ਕੇ ਮੈਨੂੰ ਜਾਣ ਦੀ ਇਜਾਜ਼ਤ ਦੇਣ ਲਈ ਕਿਹਾ। ਉਸ ਨੇ ਜਾਣ ਲੱਗਿਆਂ ਸਿਰਫ ਏਨਾ ਕੁ ਕਿਹਾ, ‘ਚੰਗਾ ਹੋਵੇਗਾ ਜੇ ਤੁਸੀਂ ਵੀ ਆਪਣੇ ਆਪ ਨੂੰ ਸੰਤੁਲਿਤ ਜ਼ਿੰਦਗੀ ਜਿਊਣ ਦੇ ਯੋਗ ਬਣਾ ਸਕੋ।Ḕ