ਇਕ ਤੀਰ ਨਾਲ ਤਿੰਨ ਨਿਸ਼ਾਨੇ

-ਮਾਸਟਰ ਕੁਲਵਿੰਦਰ ਸਿੰਘ ਮਾਨਸਾ
ਗੱਲ ਪਿਛਲੇ ਵਰ੍ਹੇ ਦੀ ਹੈ। ਅਸੀਂ ਸਾਡੇ ਸਰਕਾਰੀ ਮਿਡਲ ਸਕੂਲ, ਸਹਾਰਨਾ (ਮਾਨਸਾ) ਦੇ ਖੇਡ ਮੈਦਾਨ ਵਿੱਚ ਮਗਨਰੇਗਾ ਸਕੀਮ ਅਧੀਨ ਭਰਤੀ ਪਾਉਣ ਬਾਰੇ ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਨਾਲ ਗੱਲਬਾਤ ਕਰ ਰਹੇ ਸੀ। ਬਰਸਾਤ ਦੇ ਮੌਸਮ ਦੌਰਾਨ ਖੇਡ ਦੇ ਮੈਦਾਨ ਵਾਲਾ ਹਿੱਸਾ ਨੀਵਾਂ ਹੋਣ ਕਰਕੇ ਉਥੇ ਪਾਣੀ ਖੜਾ ਹੋ ਜਾਂਦਾ ਸੀ, ਜਿਸ ਕਰ ਕੇ ਬੱਚਿਆਂ ਨੂੰ ਖੇਡਾਂ ਦੀ ਪ੍ਰੈਕਟਿਸ ਵਿੱਚ ਮੁਸ਼ਕਲ ਆਉਂਦੀ ਸੀ। ਪੰਚਾਇਤ ਨੇ ਬੱਚਿਆਂ ਦੀ ਮੁਸ਼ਕਲ ਸਮਝਦਿਆਂ ਹੋਇਆਂ ਖੇਡ ਦੇ ਮੈਦਾਨ ਵਿੱਚ ਭਰਤੀ ਪਾਉਣ ਦੀ ਸਹਿਮਤੀ ਦੇ ਦਿੱਤੀ। ਸਕੂਲ ਤੋਂ ਦੋ ਕੁ ਸੌ ਫੁੱਟ ਦੂਰ ਪਿੰਡ ਦਾ ਸ਼ਮਸ਼ਾਨ ਘਾਟ ਹੈ, ਉਥੇ ਮਗਨਰੇਗਾ ਤਹਿਤ ਸਾਫ ਸਫਾਈ ਦੇ ਨਾਲ ਭਰਤੀ ਪਾਈ ਜਾ ਰਹੀ ਸੀ। ਗੱਲਬਾਤ ਦੌਰਾਨ ਸਰਪੰਚ ਨੇ ਕਿਹਾ ਕਿ ਪੰਚਾਇਤ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਸਬਰਮਰਸੀਬਲ ਮੋਟਰ ਲਵਾਉਣ ਬਾਰੇ ਸੋਚ ਰਹੀ ਹੈ। ਉਥੇ ਪਿਛਲੇ ਕਾਫੀ ਸਮੇਂ ਤੋਂ ਪਾਣੀ ਦੀ ਬੜੀ ਮੁਸ਼ਕਿਲ ਆ ਰਹੀ ਹੈ, ਕਿਉਂਕਿ ਉਥੇ ਜੋ ਨਲਕਾ ਲੱਗਾ ਹੈ, ਉਸ ਦਾ ਪਾਣੀ ਅਕਸਰ ਹੀ ਉਤਰਿਆ ਰਹਿੰਦਾ ਹੈ।
ਉਨ੍ਹਾਂ ਦੀ ਇਹ ਗੱਲ ਸੁਣ ਕੇ ਮੈਂ ਪਹਿਲ ਕਰਦਿਆਂ ਕਿਹਾ ਕਿ ਉਂਜ ਤਾਂ ਪੰਚਾਇਤ ਨੇ ਬੜਾ ਚੰਗਾ ਸੋਚਿਆ ਹੈ, ਪਰ ਸ਼ਮਸ਼ਾਨ ਘਾਟ ਵਿੱਚ ਨਾ ਬਿਜਲੀ ਦਾ ਕੋਈ ਪ੍ਰਬੰਧ ਹੈ ਅਤੇ ਨਾ ਉਥੇ ਮੋਟਰ ਦੀ ਸੁਰੱਖਿਆ ਤੇ ਸਾਂਭ ਸੰਭਾਲ ਚੰਗੇ ਤਰੀਕੇ ਨਾਲ ਹੋ ਸਕਣੀ ਹੈ। ਸਾਡੀ ਬੇਨਤੀ ਮੰਨੋ ਤਾਂ ਤੁਸੀਂ ਮੋਟਰ ਸਕੂਲ ਵਿੱਚ ਲਵਾ ਦਿਉ। ਸਕੂਲ ਵਿੱਚੋਂ ਸ਼ਮਸ਼ਾਨ ਘਾਟ ਤੱਕ ਪਾਣੀ ਵਾਲੀ ਰੱਸਾ ਪਾਈਪ ਦਬਾ ਕੇ ਉਥੇ ਪਾਣੀ ਪਹੁੰਚ ਜਾਵੇਗਾ। ਸਕੂਲ ਵਿੱਚ ਇਕ ਬਿਜਲੀ ਦਾ ਵਧੀਆ ਪ੍ਰਬੰਧ ਹੈ, ਦੂਜਾ ਸੁਰੱਖਿਆ ਤੇ ਸਾਂਭ ਸੰਭਾਲ ਪੱਖੋਂ ਅਸੀਂ ਕੋਈ ਮੁਸ਼ਕਿਲ ਨਹੀਂ ਆਉਣ ਦੇਵਾਂਗੇ। ਅਜਿਹਾ ਕਰਨ ਨਾਲ ਸਕੂਲ ਵਿੱਚ ਵੀ ਪਾਣੀ ਦੀ ਘਾਟ ਪੂਰੀ ਹੋ ਜਾਵੇਗੀ। ਸਸਕਾਰ ਦੀ ਰਸਮ ਮੌਕੇ ਅਸੀਂ ਸਕੂਲ ਵਿੱਚੋਂ ਪਾਣੀ ਛੱਡ ਦਿਆ ਕਰਾਂਗੇ। ਇਕ ਕੋਸ਼ਿਸ਼ ਅਸੀਂ ਇਹ ਵੀ ਕਰਾਂਗੇ ਕਿ ਬੱਚਿਆਂ ਦੇ ਸਹਿਯੋਗ ਨਾਲ ਸ਼ਮਸ਼ਾਨ ਘਾਟ ਵਿੱਚ ਕਿਆਰੀਆਂ ਬਣਾ ਕੇ ਫੁੱਲਾਂ ਵਾਲੇ ਬੂਟੇ ਤੇ ਛਾਂਦਾਰ ਦਰੱਖਤ ਵੀ ਲਵਾ ਦੇਈਏ।
ਪੰਚਾਇਤ ਨੂੰ ਸਾਡਾ ਵਿਚਾਰ ਜਚ ਗਿਆ। ਸਰਪੰਚ ਨੇ ਹੱਸਦਿਆਂ ਕਿਹਾ, ‘ਮਾਸਟਰ ਜੀ, ਤੁਸੀਂ ਬੜੇ ਸਕੀਮੀ ਹੋ, ਇਕ ਤੀਰ ਨਾਲ ਦੋ ਨਿਸ਼ਾਨੇ ਲਾਉਣ ਦੀ ਸੋਚ ਗਏ।’ ਮੈਂ ਹੱਸਦਿਆਂ ਜਵਾਬ ਦਿੱਤਾ, ‘ਸਰਪੰਚ ਸਾਹਿਬ, ਨਿਸ਼ਾਨੇ ਤਾਂ ਤੁਸੀਂ ਲਾਉਣੇ ਨੇ, ਕਿਉਂਕਿ ਸਾਡੇ ਮਿਡਲ ਸਕੂਲ ਕੋਲ ਫੰਡਾਂ ਤੇ ਗ੍ਰਾਂਟਾਂ ਦੀ ਬਹੁਤ ਵੱਡੀ ਘਾਟ ਹੈ, ਜਿਸ ਕਰਕੇ ਸਕੂਲ ਦੀਆਂ ਸਾਰੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ।’ ਉਨ੍ਹਾਂ ਸਾਡੀ ਬੇਨਤੀ ਮੰਨ ਕੇ ਅਗਲੇ ਕੁਝ ਦਿਨਾਂ ਦੇ ਅੰਦਰ ਸਕੂਲ ਵਿੱਚ ਸਬਮਰਸੀਬਲ ਮੋਟਰ ਲਵਾ ਦਿੱਤੀ। ਉਥੋਂ ਸ਼ਮਸ਼ਾਨ ਘਾਟ ਤੱਕ ਪਾਣੀ ਵਾਲੀ ਰੱਸਾ ਪਾਈਪ ਦਬਵਾ ਕੇ ਉਥੇ ਪਾਣੀ ਨਿਕਲਣ ਲਈ ਵੱਖ-ਵੱਖ ਦੂਰੀ ਤੇ ਦੋ ਗੇਟ-ਵਾਲਵ ਲਾ ਦਿੱਤੇ। ਮੋਟਰ ਲੱਗਣ ਤੋਂ ਅਗਲੇ ਦਿਨ ਬੱਚਿਆਂ ਦੇ ਸਹਿਯੋਗ ਨਾਲ ਅਸੀਂ ਸ਼ਮਸ਼ਾਨ ਘਾਟ ਵਿੱਚ ਕਿਆਰੀਆਂ ਬਣਵਾਈਆਂ ਅਤੇ ਫੁੱਲਾਂ ਵਾਲੇ ਬੂਟੇ ਤੇ ਛਾਂਦਾਰ ਦਰੱਖਤਾਂ ਦੇ ਪੌਦੇ ਲਵਾ ਦਿੱਤੇ। ਉਦੋਂ ਤੋਂ ਅਸੀਂ ਹਫਤੇ ਵਿੱਚ ਇਕ ਵਾਰ ਉਥੇ ਲਾਏ ਬੂਟਿਆਂ ਨੂੰ ਪਾਣੀ ਲਾ ਦਿੰਦੇ ਹਾਂ। ਇਸ ਤਰ੍ਹਾਂ ਸਾਡੇ ਸਕੂਲ ਵਿੱਚ ਪਾਣੀ ਦੀ ਕਿੱਲਤ ਵੀ ਖਤਮ ਹੋ ਗਈ ਅਤੇ ਸ਼ਮਸ਼ਾਨ ਘਾਟ ਵਿੱਚ ਵੀ ਪੌਦੇ ਮੌਲਣ ਲੱਗ ਪਏ। ਨਾਲ ਸਸਕਾਰ ਦੀ ਰਸਮ ਸਮੇਂ ਪਾਣੀ ਦੀ ਜੋ ਲੋੜ ਪੈਂਦੀ ਸੀ, ਉਹ ਪੂਰੀ ਹੋਣ ਲੱਗੀ ਸੀ। ਸਹੀ ਵਿਉਂਤਬੰਦੀ ਦੇ ਇਕ ਤੀਰ ਨਾਲ ਤਿੰਨ ਨਿਸ਼ਾਨੇ ਪੂਰੇ ਹੋਣ ਦੀ ਇਸ ਘਟਨਾ ਨੇ ਸਾਨੂੰ ਭਵਿੱਖ ਵਿੱਚ ਸੁਚੱਜੀ ਵਿਉਂਤਬੰਦੀ ਦੇ ਰਾਹ ਪਾ ਦਿੱਤਾ।