ਇਕ ਡਾਕਟਰ ਦੀ ਸਵਰਨ ਕਹਾਣੀ

-ਕਮਲਜੀਤ ਸਿੰਘ ਬਨਵੈਤ
ਸਰਕਾਰੀ ਹਸਪਤਾਲਾਂ ਵਿੱਚ ਕੰਮ ਕਰਦੇ ਡਾਕਟਰ ਮੁੱਖ ਮੰਤਰੀ ਜਾਂ ਹੋਰ ਵੱਡੇ ਬੰਦਿਆਂ ਨਾਲ ਡਿਊਟੀ ਲਗਵਾਉਣ ਦੀ ਤਾਂਘ ਆਮ ਹੀ ਰੱਖਦੇ ਹਨ, ਪਰ ਡਾਕਟਰ ਸਵਰਨਦੀਪ ਨੂੰ ਮੰਤਰੀਆਂ ਨਾਲ ਚਿਪਕੇ ਰਹਿਣਾ ਪਸੰਦ ਨਹੀਂ ਸੀ। ਇਹੋ ਵਜ੍ਹਾ ਸੀ ਕਿ ਉਹ ਮੁੱਖ ਮੰਤਰੀ ਨਾਲ ਦਿਨ ਰਾਤ ਦੀ ਡਿਊਟੀ ‘ਤੇ ਬੰਨ੍ਹੇ ਰਹਿਣ ਦੀ ਥਾਂ ਸਰਕਾਰੀ ਨੌਕਰੀ ਹੀ ਛੱਡ ਗਿਆ। ਐਮ ਬੀ ਬੀ ਐਸ ਕਰਨ ਤੋਂ ਬਾਅਦ ਉਸ ਨੇ ਪੀ ਜੀ ਆਈ ਤੋਂ ਐਮ ਡੀ ਕਰ ਲਈ ਤੇ ਫਿਰ ਵੱਖ-ਵੱਖ ਬਿਮਾਰੀਆਂ ਨਾਲ ਸਬੰਧਤ ਚਾਰ ਪੰਜ ਤਰ੍ਹਾਂ ਦੇ ਡਿਪਲੋਮੇ ਵੀ। ਮੁਹਾਲੀ ਦੇ ਸਿਵਲ ਹਸਪਤਾਲ ‘ਚ ਸਰਕਾਰੀ ਨੌਕਰੀ ਸ਼ੁਰੂ ਕਰਦਿਆਂ ਉਸ ਦੀ ਸਾਖ ਬਣਨੀ ਸ਼ੁਰੂ ਹੋ ਗਈ ਅਤੇ ਉਸ ਦੇ ਕਮਰੇ ਦੇ ਬਾਹਰ ਮਰੀਜ਼ਾਂ ਦੀਆਂ ਵੱਡੀਆਂ ਕਤਾਰਾਂ ਲੱਗਣੀਆਂ ਆਮ ਗੱਲ ਸੀ। ਮਰੀਜ਼ਾਂ ਨਾਲ ਮਿੱਠੇ ਬੋਲ ਚਾਲ ਅਤੇ ਮਿਲਵਰਤਣ ਦੀ ਗੱਲ ਸਿਵਲ ਸਕੱਤਰੇਤ ਤੱਕ ਪੁੱਜ ਗਈ ਤਾਂ ਮੁੱਖ ਮੰਤਰੀ ਨੇ ਉਸ ਦੇ ਆਪਣੇ ਨਾਲ ਸਰਕਾਰੀ ਡਾਕਟਰ ਵਜੋਂ ਆਰਡਰ ਕਰ ਦਿੱਤੇ ਸਨ।
ਡਾਕਟਰ ਸਵਰਨਦੀਪ ਨੂੰ ਨਵੀਂ ਡਿਊਟੀ ਪਸੰਦ ਨਾ ਆਈ। ਉਹ ਸੋਚਦਾ, ‘ਇਹ ਕੀ ਹੋਇਆ ਹਰ ਵੇਲੇ ਜ਼ਿੰਦਗੀ ‘ਚ ਵੱਡੇ ਲੋਕਾਂ ਦੇ ਨਾਲ-ਨਾਲ ਨੱਠ ਭੱਜ। ਨਾ ਪਰਵਾਰ ਲਈ ਸਮਾਂ, ਨਾ ਸੌਣ ਦਾ ਟਾਈਮ ਅਤੇ ਨਾ ਬੰਦਾ ਚੌਵੀ ਘੰਟਿਆਂ ‘ਚ ਆਪਣੇ ਲਈ ਦੋ ਪਲ ਵਿਹਲੇ ਕੱਢ ਸਕੇ।’ ਉਸ ਨੇ ਮੁੱਖ ਮੰਤਰੀ ਦੇ ਸਭ ਤੋਂ ਨੇੜਲੇ ਅਫਸਰ ਨਾਲ ਨਵੀਂ ਡਿਊਟੀ ਤੋਂ ਫਾਰਗ ਕਰਕੇ ਮੁੜ ਸਿਵਲ ਹਸਪਤਾਲ ‘ਚ ਤਾਇਨਾਤ ਕਰਨ ਦੀ ਗੱਲ ਕੀਤੀ। ਕਈ ਦਿਨਾਂ ਤੱਕ ਕੋਈ ਹੁੰਗਾਰਾ ਨਾ ਮਿਲਣ ਉੱਤੇ ਉਹ ਮੁੱਖ ਮੰਤਰੀ ਅੱਗੇ ਆਪਣੇ ਤਬਾਦਲੇ ਦੀ ਅਰਜ਼ੀ ਲੈ ਕੇ ਆਪ ਖੜਾ ਹੋ ਗਿਆ। ਮੁੱਖ ਮੰਤਰੀ ਨੇ ਉਸ ਦੀ ਅਰਜ਼ੀ ‘ਤੇ ਨਾਂਹ ਲਿਖ ਦਿੱਤੀ ਤਾਂ ਉਸ ਨੇ ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ।
ਸਰਕਾਰੀ ਨੌਕਰੀ ਤੋਂ ਫਾਰਗ ਹੋ ਕੇ ਉਸ ਤੋਂ ਘਰ ਨਾ ਬੈਠਿਆ ਗਿਆ। ਉਸ ਨੇ ਚੰਡੀਗੜ੍ਹ ਵਿੱਚ ਆਪਣੀ ਕਲੀਨਿਕ ਖੋਲ੍ਹ ਲਈ। ਮਿੱਠ-ਬੋਲੜੇ ਡਾਕਟਰ ਵਜੋਂ ਬਣੀ ਪੁਰਾਣੀ ਸਾਖ ਉਥੇ ਵੀ ਉਸ ਦੀ ਹਮਸਫਰ ਸਾਬਤ ਹੋਈ। ਮਰੀਜ਼ ਦੂਰ ਦੁਰਾਡਿਉਂ ਆਉਣ ਲੱਗੇ। ਉਹ ਮੈਡੀਸਨ ਦਾ ਡਾਕਟਰ ਹੈ। ਦੂਜੀਆਂ ਬਿਮਾਰੀਆਂ ਦੇ ਇਲਾਜ ਘੱਟ ਵੱਧ ਹੀ ਹੱਥ ਪਾਉਂਦਾ ਹੈ। ਪਿਛਲੇ ਸਾਲ ਉਸ ਦਾ ਆਪਣਾ ਛੇ ਸਾਲ ਦਾ ਬੇਟਾ ਅਮਨ ਬਿਮਾਰ ਪੈ ਗਿਆ ਤਾਂ ਉਸ ਨੇ ਬੇਟੇ ਨੂੰ ਪੀ ਜੀ ਆਈ ਦੇ ਐਡਵਾਂਸ ਪੀਡੀਐਟਰਿਕ ਸੈਂਟਰ ਵਿੱਚ ਦਾਖਲ ਕਰਾਇਆ। ਉਹ ਆਪਣੀ ਕਲੀਨਿਕ ਨੂੰ ਜੰਦਰਾ ਲਵ ਕੇ ਸਵਾ ਮਹੀਨਾ ਬੱਚੇ ਨਾਲ ਪੀ ਜੀ ਆਈ ਰਿਹਾ। ਬੱਚੇ ਦੇ ਅੰਗ ਸੰਗ ਰਹਿੰਦਿਆਂ ਉਸ ਨੂੰ ਸੈਂਟਰ ਵਿੱਚ ਕਈ ਤਰ੍ਹਾਂ ਦੀਆਂ ਖਾਮੀਆਂ ਨੇ ਸਤਾਉਣਾ ਸ਼ੁਰੂ ਕਰ ਦਿੱਤਾ। ਬਾਲ ਮਰੀਜ਼ਾਂ ਲਈ ਮਨ-ਪ੍ਰਚਾਵੇ ਦਾ ਕੋਈ ਸਾਧਨ ਨਹੀਂ ਸੀ। ਗੁਲੂਕੋਜ਼ ਦੀਆਂ ਬੋਤਲਾਂ ਟੰਗਣ ਵਾਲੇ ਸਟੈਂਡਾਂ ਨੂੰ ਲੱਗਾ ਜੰਗਾਲ ਅਤੇ ਬੈਡਾਂ ਦੇ ਬਗਲ ਵਿੱਚ ਟੁੱਟੇ ਦਰਾਜ਼ਾਂ ਵਾਲੇ ਮੇਜ਼ਾਂ ਨੇ ਉਸ ਨੂੰ ਬੇਚੈਨ ਕਰਨਾ ਸ਼ੁਰੂ ਕਰ ਦਿੱਤਾ। 42 ਦਿਨਾਂ ਬਾਅਦ ਉਸ ਦਾ ਬੇਟਾ ਤੰਦਰੁਸਤ ਹੋ ਗਿਆ। ਘਰ ਆ ਕੇ ਕੁਝ ਦਿਨਾਂ ਲਈ ਆਰਾਮ ਕਰਨ ਤੋਂ ਬਾਅਦ ਉਹ ਆਮ ਵਾਂਗ ਸਕੂਲ ਜਾਣ ਲੱਗ ਪਿਆ। ਡਾਕਟਰ ਸਵਰਨਦੀਪ ਨੇ ਵੀ ਆਪਣੀ ਕਲੀਨਿਕ ਜਾਣਾ ਸ਼ੁਰੂ ਕਰ ਦਿੱਤਾ ਸੀ।
ਘਰ ਅਤੇ ਕਲੀਨਿਕ ਦੀ ਰੋਜ਼ਾਨਾ ਜ਼ਿੰਦਗੀ ਨਾਲ ਜੁੜੇ ਰੁਝੇਵਿਆਂ ਦੇ ਬਾਵਜੂਦ ਉਸ ਦੇ ਅੰਦਰ ਇਕ ਖਲਾਅ ਸੀ। ਉਹ ਪੀ ਜੀ ਆਈ ਦੇ ਐਡਵਾਂਸ ਪੀਡੀਐਟਰਿਕ ਸੈਂਟਰ ‘ਚ ਦਾਖਲ ਬੱਚਿਆਂ ਵਾਸਤੇ ਕੁਝ ਕਰਨ ਲਈ ਤਾਂਘਦਾ ਰਹਿੰਦਾ। ਉਸ ਨੂੰ ਲੱਗਦਾ ਕਿ ਪੀ ਜੀ ਆਈ ਦੇ ਡਾਕਟਰਾਂ ਨੇ ਉਸ ਦੇ ਬੇਟੇ ਨੂੰ ਨਵਾਂ ਜੀਵਨ ਦਿੱਤਾ ਹੈ ਤੇ ਉਸ ਨੂੰ ਆਪਣੇ ਸਿਰ ਚੜ੍ਹਿਆ ਕਰਜ਼ਾ ਮੋੜਨਾ ਚਾਹੀਦਾ ਹੈ। ਉਸ ਨੇ ਆਪਣੇ ਬੱਚੇ ਦੇ ਅਗਲੇ ਜਨਮ ਦਿਨ ‘ਤੇ ਉਸ ਨੂੰ ਤੋਹਫੇ ਲੈ ਕੇ ਦੇਣ ਅਤੇ ਹੋਟਲ ਵਿੱਚ ਪਾਰਟੀ ਕਰਨ ਦੀ ਥਾਂ ਪੀ ਜੀ ਆਈ ‘ਚ ਦਾਖਲ ਬੱਚਿਆਂ ਦੀ ਭਲਾਈ ਵਾਸਤੇ ਕੁਝ ਕਰਨ ਦਾ ਮਨ ਬਣਾ ਲਿਆ। ਇਸ ਕੰਮ ਲਈ ਉਸ ਨੇ ‘ਨੰਨ੍ਹੀ ਜਾਨ’ ਨਾਂ ਦੀ ਸੰਸਥਾ ਬਣਾਈ। ਸੰਸਥਾ ਨੂੰ ਰਜਿਸਟਰਡ ਕਰਾਇਆ ਅਤੇ ਬੱਚੇ ਦੇ ਜਨਮ ਵਾਲੇ ਦਿਨ ਆਪਣੇ ਪੱਲਿਓਂ ਪੈਸੇ ਖਰਚ ਕਰਕੇ ਬੈਡਾਂ ਨਾਲ ਰੱਖੇ ਟੁੱਟੇ ਦਰਾਜਾਂ ਵਾਲੇ ਮੇਜ਼, ਜੰਗਾਲ ਖਾਧੇ ਗਲੂਕੋਜ਼ ਸਟੈਂਡ ਬਦਲ ਦਿੱਤੇ। ਸੈਂਟਰ ਦੇ ਸਟੋਰ ਰੂਮ ਨੂੰ ਬੱਚਿਆਂ ਵਾਸਤੇ ਪਲੇਅ ਰੂਮ ਬਣਾ ਕੇ ਉਥੇ ਐਲ ਈ ਡੀ ਸਕਰੀਨ ਲਵਾ ਦਿੱਤੀ ਅਤੇ ਦੋ ਲੈਪਟਾਪ ਵੀ ਹਾਸਲ ਕਰਵਾ ਦਿੱਤੇ। ਫਿਰ ਆਪਣੇ ਵਿਆਹ ਦੀ ਵਰ੍ਹੇਗੰਢ ‘ਤੇ ਉਸ ਨੇ ਜਨਰਲ ਹਸਪਤਾਲ ਨੂੰ ‘ਨੰਨ੍ਹੀ ਜਾਨ’ ਦੀ ਤਰਫੋਂ ਵੈਂਟੀਲੇਟਰ ਡੋਨੇਟ ਕਰ ਦਿੱਤੇ। ਉਸ ਨੇ ਆਪਣੇ ਜੀਵਨ ਦੇ ਅਹਿਮ ਦਿਨਾਂ ਨੂੰ ਇਸੇ ਢੰਗ ਨਾਲ ਮਨਾਉਣ ਦਾ ਤਹੱਈਆ ਕਰ ਰੱਖਿਆ ਹੈ। ਕੀ ਇਹ ਢੰਗ ਰਵਾਇਤੀ ਸਮਾਗਮਾਂ ਤੇ ਪਾਰਟੀਆਂ ਨਾਲੋਂ ਬਿਹਤਰ ਨਹੀਂ?