ਇਉਂ ਝੰਜੋੜਿਆ ਰਿਸ਼ਵਤਖੋਰਾਂ ਦਾ ਜ਼ਮੀਰ

-ਮਾਸਟਰ ਰਾਮ ਦਾਸ ਨਸਰਾਲੀ
ਬੀਤੇ ਦਿਨੀਂ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੰਜਾਬ ਪੁਲਸ ਦੇ ਦੋ ਹੌਲਦਾਰਾਂ ਨੂੰ ਇਕ ਟਰੱਕ ਡਰਾਈਵਰ ਤੋਂ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜਨ ਤੇ ਉਨ੍ਹਾਂ ਦੀ ਜ਼ਮੀਰ ਝੰਜੋੜਨ ਦੀ ਖਬਰ ਪੜ੍ਹ ਕੇ ਮੈਨੂੰ ਵੀ ਆਪਣੇ ਜੀਵਨ ਵਿੱਚ ਵਾਪਰੀਆਂ ਕਈ ਘਟਨਾਵਾਂ ਯਾਦ ਆ ਗਈਆਂ ਜਦੋਂ ਮੈਂ ਵੀ ਰਿਸ਼ਵਤ ਮੰਗਣ ਵਾਲੇ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਜ਼ਮੀਰ ਨੂੰ ਇਸੇ ਤਰ੍ਹਾਂ ਹਲੂਣਿਆ ਸੀ।
ਪਹਿਲੀ ਘਟਨਾ ਮਈ 2002 ਦੀ ਹੈ। ਮੇਰੇ ਘਰ ਨੇੜਲੇ ਸਾਧਾਂ ਦੇ ਡੇਰੇ ਦਾ ਮੁਖੀ ਜਦੋਂ ਮੇਰੇ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਸਵੇਰੇ ਸ਼ਾਮ ਤੇ ਕਈ ਵਾਰ ਦਿਨ ਵੇਲੇ ਵੀ ਉਚੀ ਆਵਾਜ਼ ‘ਚ ਲਾਊਂਡ ਸਪੀਕਰ ਚਲਾਉਣ ਤੋਂ ਨਾ ਹਟਿਆ ਤਾਂ ਮੈਂ ਉਸ ਦੇ ਖਿਲਾਫ ਨੇੜੇ ਦੀ ਪੁਲਸ ਚੌਕੀ ‘ਚ ਲਿਖਤੀ ਸ਼ਿਕਾਇਤ ਕਰ ਦਿੱਤੀ। ਚੌਕੀ ਇੰਚਾਰਜ ਨੇ ਖੁਦ ਡੇਰੇ ਆ ਕੇ ਮੁਖੀ ਸਾਧ ਨੂੰ ਲਾਊਂਡ ਸਪੀਕਰਾਂ ਦੀ ਆਵਾਜ਼ ਡੇਰੇ ਦੀ ਚਾਰ ਦੀਵਾਰੀ ਤੱਕ ਸੀਮਤ ਰੱਖਣ ਦੀ ਹਦਾਇਤ ਦਿੱਤੀ ਤੇ ਉਲੰਘਣਾ ਕਰਨ ਦੀ ਸੂਰਤ ਵਿੱਚ ਕਾਨੂੰਨੀ ਕਾਰਵਾਈ ਦੀ ਤਾੜਨਾ ਵੀ ਕੀਤੀ। ਡੇਰੇ ਦੇ ਬਾਹਰ ਖੜੀ ਨਿੱਜੀ ਗੱਡੀ ‘ਚ ਬੈਠਦਿਆਂ ਇੰਚਾਰਜ ਨੇ ਮੈਨੂੰ ਕਿਹਾ, ‘ਚੰਗਾ ਬਈ ਮਾਸਟਰਾ, ਸਾਧੂ ਦੀ ਮੈਂ ਚੰਗੀ ਤਸੱਲੀ ਕਰ’ਤੀ। ਹੁਣ ਨਹੀਂ ਇਹ ਲਾਉਂਦਾ ਲਾਊਂਡ ਸਪੀਕਰ।’
ਮੈਂ ਕਿਹਾ, ‘ਠੀਕ ਆ ਜੀ, ਜੇ ਨਹੀਂ ਲਾਊ ਚੰਗਾ ਰਹੂ, ਨਹੀਂ ਤਾਂ ਮੈਂ ਜਨਾਬ ਨੂੰ ਫੇਰ ਤਕਲੀਫ ਦਊ।’
‘ਨਹੀਂ ਮਾਸਟਰਾ, ਤੂੰ ਫਿਕਰ ਨਾ ਕਰ, ਹੁਣ ਨਹੀਂ ਲਾਉਂਦਾ ਸਾਧ ਲਾਊਂਡ ਸਪੀਕਰ। ਜੇ ਲਾਊ ਮੈਂ ਬੈਠਾ ਹਾਂ, ਇਸ ਨੂੰ ਲੰਮਾ ਵੀ ਪਾਊਂ। ਮਾਸਟਰਾ ਤੂੰ ਐਂ ਕਰ, ਗੱਡੀ ਦੇ ਪੈਟਰੋਲ ਖਰਚ ਦੇ ਪੰਜ ਸੌ ਰੁਪਏ ਦੇ।’ ਚੌਕੀ ਇੰਚਾਰਜ ਨੇ ਬਹੁਤ ਹੀ ਨਿਮਰਤਾ ਨਾਲ ਕਿਹਾ।
‘ਮੈਂ ਕਿਉਂ ਦੇਵਾਂ ਪੈਟਰੋਲ ਖਰਚ? ਜਨਾਬ, ਪੈਟਰੋਲ ਖਰਚ ਲਈ ਤੁਹਾਨੂੰ ਸਰਕਾਰ ਥੱਬਾ ਰੁਪਿਆਂ ਦਾ ਤਨਖਾਹ ਦਿੰਦੀ ਆ।’ ਮੇਰੇ ਇੰਨਾ ਕਹਿਣ ‘ਤੇ ਖਚਰੀ ਜਿਹੀ ਹਾਸੀ ਹੱਸਦਾ ਚੌਕੀ ਇੰਚਾਰਜ ਗੱਡੀ ਲੈ ਕੇ ਚਲਾ ਗਿਆ।
ਉਸ ਤੋਂ ਬਾਅਦ ਵੀ ਡੇਰੇ ਦੇ ਉਚੀ ਆਵਾਜ ‘ਚ ਵੱਜਦੇ ਲਾਊਂਡ ਸਪੀਕਰਾਂ ਖਿਲਾਫ ਸ਼ਿਕਾਇਤਾਂ ਕਰਨ ਲਈ ਮੇਰਾ ਪੁਲਸ ਚੌਕੀ ਕਈ ਵਾਰ ਆਉਣਾ ਜਾਣਾ ਹੋਇਆ, ਪਰ ਮੇਰੇ ਤੋਂ ਕਿਸੇ ਪੁਲਸ ਮੁਲਾਜ਼ਮ ਨੇ ਰਿਸ਼ਵਤ ਨਹੀਂ ਮੰਗੀ।
ਦੂਜੀ ਘਟਨਾ ਮਈ ਜੂਨ 2004 ਦੀ ਹੈ। ਮੈਂ ਆਪਣੇ ਜੀ ਪੀ ਫੰਡ ਵਿੱਚੋਂ ਨਾ ਮੋੜਨਯੋਗ ਅਡਵਾਂਸ ਲੈ ਕੇ ਨਿਊ ਸ਼ਿਮਲਾਪੁਰੀ, ਲੁਧਿਆਣਾ ਵਿਖੇ ਡੇਢ ਸੌ ਗਜ਼ ਦਾ ਪਲਾਟ ਖਰੀਦ ਲਿਆ। ਉਸ ਦੀ ਰਜਿਸਟਰੀ ਕਰਵਾਉਣ ਤੋਂ ਮਹੀਨੇ ਬਾਅਦ ਜਦੋਂ ਮੈਂ ਇੰਤਕਾਲ ਕਰਵਾਉਣ ਲਈ ਲੁਧਿਆਣੇ ਨੇੜਲੇ ਇਕ ਪਿੰਡ ਦੇ ਪਟਵਾਰਖਾਨੇ ਪਹੁੰਚਿਆ ਤਾਂ ਉਥੇ ਮੇਰੇ ਵਰਗੀ ਚਾਲ੍ਹੀ ਪੰਜਾਹ ਬੰਦੇ ਕਤਾਰ ‘ਚ ਖੜੇ ਸਨ। ਉਨ੍ਹਾਂ ਤੋਂ ਪੁੱਛ ਕੇ ਮੈਂ ਵੀ ਕਤਾਰ ‘ਚ ਲੱਗ ਗਿਆ। ਮੂਹਰੇ ਚਾਰ ਪੰਜ ਬੰਦੇ ਰਹਿੰਦਿਆਂ ਮੈਂ ਦੇਖਿਆ ਕਿ ਵਰਾਂਡੇ ‘ਚ ਕੁਰਸੀ ‘ਤੇ ਬੈਠਾ ਪਟਵਾਰੀ ਰਜਿਸਟਰੀ ਦੀ ਫੋਟੋ ਕਾਪੀ ਰੱਖ ਕੇ ਅਸਲ ਰਜਿਸਟਰੀ ਉੱਤੇ ਮਾਰਕ ਕਰਕੇ ਦੇ ਰਿਹਾ ਸੀ ਅਤੇ ਕੋਲ ਖੜਾ ਸੇਵਾਦਾਰ ਇੰਤਕਾਲ ਕਰਵਾਉਣ ਵਾਲੇ ਬੰਦੇ ਤੋਂ ਹਜ਼ਾਰ ਰੁਪਏ ਫੀਸ ਫੜ ਕੇ ਕੁਰਸੀ ਅੱਗੇ ਰੱਖੇ ਮੇਜ਼ ਦੇ ਦਰਾਜ ‘ਚ ਪਾ ਰਿਹਾ ਸੀ।
ਵਾਰੀ ਆਉਣ ਉੱਤੇ ਜਦੋਂ ਮੈਂ ਅਸਲ ਰਜਿਸਟਰੀ ਤੇ ਫੋਟੋ ਕਾਪੀ ਪਟਵਾਰੀ ਨੂੰ ਪੜ੍ਹਾਈ ਤਾਂ ਸੇਵਾਦਾਰ ਨੇ ਮੈਨੂੰ ਇੰਤਕਾਲ ਦੀ ਫੀਸ ਇਕ ਹਜ਼ਾਰ ਰੁਪਏ ਦੇਣ ਨੂੰ ਕਿਹਾ। ਮੈਂ ਪਰਸ ‘ਚੋਂ ਪੈਸੇ ਕੱਢਦਿਆਂ ਬੜੇ ਠਰੰ੍ਹਮੇ ਨਾਲ ਪਟਵਾਰੀ ਨੂੰ ਇਕ ਹਜ਼ਾਰ ਰੁਪਏ ਦੀ ਰਸੀਦ ਦੇਣ ਲਈ ਕਿਹਾ। ਰਸੀਦ ਦੇ ਨਾਂ ‘ਤੇ ਪਟਵਾਰੀ ਤਲਖੀ ‘ਚ ਆ ਗਿਆ। ਇਤਫਾਕ ਵਸ ਓਦੋਂ ਵੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ। ਅਖਬਾਰਾਂ ‘ਚ ਸਰਕਾਰ ਵੱਲੋਂ ਰਿਸ਼ਵਤਖੋਰ ਅਧਿਕਾਰੀਆਂ ਨੂੰ ਫੜਾਉਣ ‘ਤੇ ਇਨਾਮ ਦੇਣ ਦੀਆਂ ਖਬਰਾਂ ਆਈਆਂ ਸਨ। ਖਬਰਾਂ ਪੜ੍ਹੀਆਂ ਹੋਣ ਕਰਕੇ ਮੈਂ ਪਟਵਾਰੀ ਤੇ ਸੇਵਾਦਾਰ ਨੂੰ ਕਿਹਾ, ‘ਕੈਪਟਨ ਸਰਕਾਰ ਰਿਸ਼ਵਤਖੋਰਾਂ ਨੂੰ ਫੜਾਉਣ ‘ਤੇ ਇਨਾਮ ਦੇਣ ਲਈ ਖਬਰਾਂ ਦਿੰਦੀ ਆ ਤੇ ਤੁਸੀਂ ਸ਼ਰੇਆਮ ਇੰਤਕਾਲ ਕਰਵਾਉਣ ਦੇ ਨਾਂ ‘ਤੇ ਰਿਸ਼ਵਤ ਇਕੱਠੀ ਕਰੀ ਜਾਂਦੇ ਓ। ਮੈਂ ਇੰਤਕਾਲ ਦੀ ਸਰਕਾਰੀ ਫੀਸ ਤੋਂ ਵੱਧ ਇਕ ਪੈਸਾ ਵੀ ਨਹੀਂ ਦੇਵਾਂਗਾ।’
ਮੇਰੇ ਉਚੀ-ਉਚੀ ਬੋਲਣ ਨਾਲ ਪਿੱਛੇ ਕਤਾਰ ‘ਚ ਖੜੇ ਬੰਦਿਆਂ ‘ਚ ਘੁਸਰ ਮੁਸਰ ਸ਼ੁਰੂ ਹੋ ਗਈ। ਰੌਲਾ ਸੁਣ ਕੇ ਨਾਲ ਦੇ ਕਮਰੇ ਵਿੱਚੋਂ ਕਾਨੂੰਗੋ ਆ ਗਿਆ। ਸਾਰੀ ਗੱਲ ਸੁਣ ਕੇ ਉਹ ਮੈਨੂੰ ਆਪਣੇ ਕਮਰੇ ‘ਚ ਲੈ ਗਿਆ। ਉਸ ਨੇ ਪੈਸੇ ਲੈਣ ਦਾ ਕੰਮ ਰੁਕਵਾ ਕੇ ਸੇਵਾਦਾਰ ਨੂੰ ਮੈਨੂੰ ਪਾਣੀ ਪਿਲਾਉਣ ਲਈ ਕਿਹਾ। ਉਪਰੰਤ ਕਾਨੂੰਗੋ ਨੇ ਨਿਮਰਤਾ ਨਾਲ ਮੇਰਾ ਮੋਬਾਈਲ ਨੰਬਰ ਪੁੱਛ ਕੇ ਡਾਇਰੀ ‘ਤੇ ਨੋਟ ਕਰਨ ਮਗਰੋਂ ਮੈਨੂੰ ਵੀਹ ਦਿਨਾਂ ਬਾਅਦ ਮੇਰੇ ਨਾਂ ਇੰਤਕਾਲ ਦਰਜ ਹੋਣ ਦੀ ਗੱਲ ਆਖੀ। ਚਾਹ ਪੀਣ ਲਈ ਬਹੁਤ ਜ਼ੋਰ ਲਾਇਆ ਤੇ ਮੇਰੇ ਵਾਰ-ਵਾਰ ਕਹਿਣ ਦੇ ਬਾਵਜੂਦ ਇੰਤਕਾਲ ਦੀ ਸਰਕਾਰੀ ਫੀਸ ਨਹੀਂ ਲਈ। ਇਸ ਘਟਨਾ ਤੋਂ ਇਕ ਮਹੀਨੇ ਬਾਅਦ ਮੈਂ ਉਸੇ ਪਟਵਾਰਖਾਨੇ ਵਿੱਚੋਂ ਆਪਣੇ ਨਾਂ ਦਰਜ ਹੋਏ ਇੰਤਕਾਲ ਦੀ ਫਰਦ ਵੀ ਲੈ ਆਇਆ।
ਤੀਜੀ ਘਟਨਾ ਜਨਵਰੀ 2015 ਦੀ ਹੈ। ਇਕੋ ਘਰ ਵਿਆਹੇ ਮੇਰੇ ਤੋਂ ਛੋਟੇ ਦੋਵਾਂ ਭਰਾਵਾਂ ਦਾ ਰਾਤ ਨੂੰ ਸਹੁਰੇ ਘਰ ਕਿਸੇ ਗੱਲੋਂ ਝਗੜਾ ਹੋ ਗਿਆ। ਸਹੁਰੇ ਪਰਵਾਰ ਨੇ ਉਨ੍ਹਾਂ ਨੂੰ ਥਾਣੇ ਫੜਾ ਦਿੱਤਾ। ਦੂਜੇ ਦਿਨ ਤੜਕੇ ਮੇਰੇ ਭਰਾਵਾਂ ਦੇ ਰਿਸ਼ਤੇਦਾਰ ਨੇ ਮੈਨੂੰ ਫੋਨ ਕਰਕੇ ਸਾਰੀ ਗੱਲ ਦੱਸ ਦਿੱਤੀ। ਉਸੇ ਦਿਨ ਮੈਂ ਬਾਪੂ ਤੇ ਸਰਪੰਚ ਸਣੇ ਸਮੁੱਚੀ ਪੰਚਾਇਤ ਲੈ ਕੇ ਥਾਣੇ ਪਹੁੰਚ ਗਿਆ। ਥਾਣੇਦਾਰ ਅਦਾਲਤ ‘ਚ ਤਰੀਕ ‘ਤੇ ਗਿਆ ਹੋਣ ਕਰਕੇ ਸ਼ਾਮ ਦੇ ਪੰਜ ਵੱਜ ਗਏ। ਅਸੀਂ ਸਾਰਾ ਦਿਨ ਥਾਣੇਦਾਰ ਨੂੰ ਉਡੀਕ-ਉਡੀਕ ਕੇ ਬੁੱਢੇ ਹੋ ਗਏ। ਦੋਵਾਂ ਧਿਰਾਂ ਨੂੰ ਘੂਰ ਘੱਪ ਕੇ ਤਕਰੀਬਨ ਅੱਧੇ ਘੰਟੇ ‘ਚ ਥਾਣੇਦਾਰ ਨੇ ਸਾਡਾ ਲਿਖਤੀ ਰਾਜ਼ੀਨਾਮਾ ਕਰਵਾ ਦਿੱਤਾ। ਸਾਰੇ ਦਿਨ ਦਾ ਅੱਕਿਆ ਤੇ ਥੱਕਿਆ ਹੋਇਆ ਜਦੋਂ ਪੰਚਾਇਤ ਸਣੇ ਮੈਂ ਆਪਣੇ ਭਰਾਵਾਂ ਨੂੰ ਨਾਲ ਲੈ ਕੇ ਥਾਣਿਓਂ ਬਾਹਰ ਆਉਣ ਲੱਗਿਆ ਤਾਂ ਗੇਟ ‘ਤੇ ਖੜੇ ਪਹਿਰੇਦਾਰ ਸਿਪਾਹੀ ਨੇ ਸਾਨੂੰ ਮੂਹਰੇ ਹੋ ਕੇ ਰੋਕਦਿਆਂ ਕਿਹਾ, ‘ਹਾ ਬਈ! ਹੋ ਗਿਆ ਸਮਝੌਤਾ। ਲੜਿਆ ਨਾ ਕਰੋ, ਰਲ ਮਿਲ ਕੇ ਰਿਹਾ ਕਰੋ। ਲਿਆਓ ਸੰਤਰੀ ਦੀ ਫੀਸ ਦਿਓ।’
‘ਕਿਹੜੀ ਫੀਸ?’ ਮੈਂ ਤਲਖੀ ਨਾਲ ਕਿਹਾ।
ਸਿਪਾਹੀ ਦੇ ਬੋਲਣ ਤੋਂ ਪਹਿਲਾਂ ਹੀ ਸਰਪੰਚ ਬੋਲਿਆ। ‘ਕੋਈ ਗੱਲ ਨਹੀਂ ਮਾਸਟਰ ਜੀ, ਦੇ ਦਿਓ ਇਹਨੂੰ ਸੌ ਰੁਪਿਆ। ਸੰਤਰੀ ਤਾਂ ਫੀਸ ਲੈਂਦਾ ਹੀ ਹੁੰਦੈ।’
‘ਕਿਉਂ ਦੇਵਾਂ ਮੈਂ ਇਹਨੂੰ ਸੌ ਰੁਪਿਆ। ਇਹਨੂੰ ਸਰਕਾਰ ਥੱਬਾ ਰੁਪਿਆਂ ਦਾ ਤਨਖਾਹ ਦਿੰਦੀ ਆ।’ ਮੈਂ ਆਪੇ ਤੋਂ ਬਾਹਰ ਹੋ ਕੇ ਕਿਹਾ।
‘ਚੰਗਾ ਬਈ! ਗਰਮ ਨਾ ਹੋਵੇ, ਕੋਈ ਗੱਲ ਨਹੀਂ ਜਾਓ।’ ਸਿਪਾਹੀ ਨੇ ਮੇਰਾ ਮੂਡ ਦੇਖਦਿਆਂ ਬੜੀ ਨਿਮਰਤਾ ਨਾਲ ਕਿਹਾ।
ਰਿਸ਼ਵਤਖੋਰਾਂ ਦੀ ਜ਼ਮੀਰ ਨੂੰ ਝੰਜੋੜਨ ਲਈ ਹਰ ਵਿਅਕਤੀ ਨੂੰ ਜਾਇਜ਼ ਕੰਮ ਕਰਵਾਉਣ ਲਈ ਠਰੰ੍ਹਮੇ ਅਤੇ ਜੁਰੱਅਤ ਤੋਂ ਕੰਮ ਲੈਣਾ ਚਾਹੀਦਾ ਹੈ। ਨਾਜਾਇਜ਼ ਤੇ ਗੈਰ ਕਾਨੂੰਨੀ ਕੰਮ ਕਰਨ-ਕਰਵਾਉਣ ਤੋਂ ਪ੍ਰਹੇਜ਼ ਕਰਨਾ ਪਵੇਗਾ।