ਆ ਚੰਨ ਫੜੀਏ

-ਸਿਮਰਜੀਤ ਸਿੰਮੀ

ਰਾਤ ਆਸਮਾਨ ‘ਤੇ
ਉਤਰ ਰਹੀ ਹੈ
ਆ ਤਾਰਿਆਂ ਦੀ ਛਾਵੇਂ ਬੈਠੀਏ
ਚੰਨ ਦੀ ਚਾਨਣੀ ਮਾਣੀਏ

ਰੁੱਖਾਂ ਨਾਲ ਗੱਲਾਂ ਕਰੀਏ
ਆਲ੍ਹਣਿਆਂ ‘ਚ ਬੈਠੇ
ਮਾਸੂਮ ਬੋਟਾਂ ਨੂੰ ਤੱਕੀਏ
ਪੌਣਾਂ ਦਾ ਸੰਗੀਤ ਸੁਣੀਏ

ਅਨਹਦ ਨਾਦ ‘ਚ ਗੁੰਮ ਹੋਈਆਂ
ਚੱਲ ਕੁਦਰਤ ਨੂੰ ਗਵਾਹ ਰੱਖੀਏ
ਮੈਂ ਬਾਤ ਪਾਵਾਂਗਾ
ਤੂੰ ਹੁੰਗਾਰੇ ਭਰੀਂ

ਦੇਖ ਪੌਣ ਕਿੰਨੀ ਖੁਸ਼ ਹੈ
ਆਪਣੇ ਮੋਹ ‘ਚ ਲੁਪਤ ਹੈ
ਸੁਨਹਿਰੀ ਮੋਹਰਾਂ ਦੀ ਭਾਲ ‘ਚ
ਹਰ ਪਲ ਰੁਲਦੇ ਹਾਂ

ਗਰਜ਼ਾਂ ਦੀ ਤੱਕੜੀ ‘ਚ
ਬੇਵਜ੍ਹਾ ਤੁਲਦੇ ਹਾਂ
ਆ ਚੱਪਾ ਕੁ ਚੰਨ
ਮੁੱਠੀ ਵਿੱਚ ਘੁੱਟ ਲਈਏ
ਪੰਛੀਆਂ ਜਿਹੀ ਪਾਕ ਮੁਹੱਬਤ ਸਿਰਜੀਏ
ਆ ਚੰਨ ਫੜੀਏ।