ਆਸ

-ਕਰਮਜੀਤ ਕੌਰ
ਮਾਰਚ ਵਿੱਚ ਸਾਲਾਨਾ ਨਤੀਜੇ ਤੋਂ ਕੁਝ ਦਿਨ ਬਾਅਦ ਬੱਚੇ ਨਵੀਆਂ ਕਿਤਾਬਾਂ ਕਾਪੀਆਂ ਲੈਣ ਤੇ ਦਾਖਲੇ ਭਰਨ ਲਈ ਸਕੂਲ ਆਉਣ ਲੱਗੇ। ਮੇਰੀ ਵੀ ਉਸ ਅਧਿਆਪਕ ਨਾਲ ਡਿਊਟੀ ਲਾ ਦਿੱਤੀ ਗਈ, ਜੋ ਪੁਸਤਕਾਂ ਦੇਣ ਲਈ ਬੈਠੇ ਸਨ।
ਇਕ ਦਿਨ ਅਸੀਂ ਇਕ ਕਮਰੇ ਵਿੱਚ ਬੈਠੇ ਮਾਪਿਆਂ ਦੀ ਉਡੀਕ ਕਰ ਰਹੇ ਸੀ। ਇਕ ਬਜ਼ੁਰਗ ਇਕ ਬੱਚੇ ਦੀ ਉਂਗਲ ਫੜ ਕੇ ਅੰਦਰ ਦਾਖਲ ਹੋਇਆ। ਬੜੀ ਨਿਮਰਤਾ ਨਾਲ ਉਸ ਨੇ ਸਾਡੀ ‘ਸਤਿ ਸ੍ਰੀ ਅਕਾਲ’ ਪ੍ਰਵਾਨ ਕੀਤੀ ਅਤੇ ਕੁਰਸੀ ‘ਤੇ ਬੈਠ ਗਿਆ। ਬਜ਼ੁਰਗ ਨੇ ਪੁੱਛਿਆ, ‘ਬੀਬਾ, ਇਹ ਪੜ੍ਹਾਈ ਵਿੱਚ ਕਿਵੇਂ ਹੈ?’
ਬੱਚੇ ਦੀ ਅਧਿਆਪਕਾ ਨੇ ਉਸ ਦੀ ਪ੍ਰਸ਼ੰਸਾ ਕੀਤੀ ਤੇ ਚੰਗੇ ਅੰਕਾਂ ਨਾਲ ਪਾਸ ਹੋਣ ਦੀ ਵਧਾਈ ਦਿੱਤੀ। ਬਜ਼ੁਰਗ ਤੋਂ ਖੁਸ਼ੀ ਸੰਭਾਲੀ ਨਾ ਗਈ। ‘ਚੰਗਾ ਜੇ ਪੜ੍ਹ ਜਾਵੇ। ਆਖਦਾ ਹੁੰਦੈ; ਬਾਪੂ! ਮੈਂ ਨ੍ਹੀਂ ਪਿਓ ਵਾਂਗੂੰ ਦਿਹਾੜੀ ਕਰਨੀ, ਮੈਂ ਡਾਕਟਰ ਬਣੂੰਗਾ,’ ਕਹਿੰਦਿਆਂ ਉਸ ਬਜ਼ੁਰਗ ਦੀਆਂ ਅੱਖਾਂ ਵਿੱਚ ਚਮਕ ਆ ਗਈ।
‘ਭਾਈ ਬੀਬਾ, ਫਿਰ ਤੀਜੀ ਕਲਾਸ ਦੀਆਂ ਕਿਤਾਬਾਂ ਦੇ ਦਿਓ,’ ਬਜ਼ੁਰਗ ਨੇ ਕਿਹਾ। ਅਧਿਆਪਕਾ ਨੇ ਕਿਤਾਬਾਂ ਲਿਆ ਕੇ ਬਜ਼ੁਰਗ ਦੇ ਅੱਗੇ ਰੱਖ ਦਿੱਤੀਆਂ ਤੇ ਮੈਨੂੰ ਪਰਚੀ ਕੱਟਣ ਲਈ ਕਹਿ ਦਿੱਤਾ।
‘ਬੀਬਾ, ਕਿੰਨੇ ਦੀਆਂ ਨੇ..?’ ਚਾਰ ਕੁ ਕਿਤਾਬਾਂ ਹੱਥ ਵਿੱਚ ਫੜੀ ਬਜ਼ੁਰਗ ਉਨ੍ਹਾਂ ਦੀ ਚਮਕ ਵਿੱਚ ਆਪਣੇ ਪੋਤੇ ਦਾ ਭਵਿੱਖ ਲੱਭ ਰਿਾਹ ਸੀ। ਅਧਿਆਪਕਾ ਨੇ ਕਿਹਾ, ‘‘1100 ਦੀਆਂ ਨੇ ਜੀ..।’
‘1100 ਦੀਆਂ..!’ ਬਾਬਾ ਸੋਚੀਂ ਪੈ ਗਿਆ। ਮੈਲੇ ਕੁਚੈਲੇ ਕੁੜਤੇ ਦੇ ਖੀਸੇ ਵਿੱਚ ਹੱਥ ਮਾਰ ਬਾਬੇ ਨੇ ਕੁਝ ਪੈਸੇ ਕੱਢੇ। ਇਕ 500 ਦਾ ਨੋਟ ਅਤੇ ਬਾਕੀ 50-50 ਰੁਪਏ ਦੇ ਚਾਰ ਨੋਟ ਸਨ। ‘ਬੀਬਾ, ਮੇਰੇ ਕੋਲ ਅਜੇ ਇੰਨੇ ਹੀ ਨੇ..! ਬਾਕੀ ਫੇਰ ਦੇ ਦੇਵਾਂਗਾ। ਮੈਂ ਸੋਚਿਆ ਸੀ ਕਿ ਇਸੇ ਵਿੱਚ ਨਵੀਆਂ ਕਿਤਾਬਾਂ ਤੇ ਬਸਤਾ ਲੈ ਆਵਾਂਗੇ..।’ ਉਸ ਦੇ ਚਿਹਰੇ ਦੀ ਚਮਕ ਹੁਣ ਮੱਧਮ ਪੈ ਗਈ। ਉਸ ਦੀਆਂ ਅੱਖਾਂ ਵਿਚਲੇ ਸੁਪਨੇ ਧੁੰਦਲੇ ਜਿਹੇ ਲੱਗੇ। ਉਸ ਦੀ ਚਾਲ ਵਿੱਚ ਮੱਠਾਪਣ ਸੀ। ਮੈਂ ਸੋਚਣ ਲੱਗੀ ਕਿ ਉਸ ਬੱਚੇ ਦੇ ਸੁਪਨਿਆਂ ਤੇ ਬਜ਼ੁਰਗ ਦੀ ਆਸ ਨੂੰ ਬੂਰ ਪਵੇਗਾ ਜਾਂ..?
ਕਿਸੇ ਹੋਰ ਟੁੱਟੀ ਆਸ ਦਾ ਸਾਹਮਣਾ ਕਰਨ ਦੇ ਡਰੋਂ ਮੈਂ ਉਥੇ ਕਿਸੇ ਹੋਰ ਅਧਿਆਪਕ ਦੀ ਡਿਊਟੀ ਲਵਾ ਕੇ ਕਮਰੇ ਤੋਂ ਬਾਹਰ ਆ ਗਈ।