ਆਸ ਦਾ ਦੀਵਾ

-ਸੁਖਦੇਵ ਸਿੰਘ ਸ਼ਾਂਤ

ਕਦੇ-ਕਦੇ ਮੈਂ ਅੱਕ ਜਾਂਦਾ ਹਾਂ।
ਕਦੇ-ਕਦੇ ਮੈਂ ਥੱਕ ਜਾਂਦਾ ਹਾਂ।
ਕੀ ਫਾਇਦਾ ਮੇਰੇ ਗੀਤ ਗਾਉਣ ਦਾ?
ਕੀ ਫਾਇਦਾ ਮੋਮਬੱਤੀਆਂ ਲਾਉਣ ਦਾ?

ਕਿਸ ਕੰਮ ਨੇ ਇਹ ਸੈਮੀਨਾਰ?
ਕਿਸ ਕੰਮ ਨੇ ਸੰਵਾਦ ਵਿਚਾਰ?
ਪਾਣੀ ਵਿੱਚ ਜਿਉਂ ਲੀਕਾਂ ਵਾਹੀਏ।
ਪਾਣੀ ਵਿੱਚ ਮਧਾਣੀ ਪਾਈਏ।

ਇਸ ਕੋਸ਼ਿਸ਼ ਵਿੱਚ ਕੁਝ ਨਹੀਂ ਬਚਦਾ।
ਇਸ ਕੋਸ਼ਿਸ਼ ਵਿੱਚ ਕੁਝ ਨਹੀਂ ਮਿਲਦਾ।
ਝੱਖਣਾ ਝਾਖ ਅਮਨਾਂ ਦੇ ਨਾਅਰੇ।
ਝੱਖਣਾ ਝਾਖ ਇਹ ਬੋਲ ਪਿਆਰੇ।

ਨਿੱਤ ਦਿਹਾੜੇ ਬੰਬ ਧਮਾਕੇ।
ਨਿੱਤ ਦਿਹਾੜੇ ਪੈਂਦੇ ਡਾਕੇ।
ਦੇਸ਼ਾਂ ਦੇ ਵਿੱਚ ਪਏ ਬਖੇੜੇ।
ਦੇਸ਼ਾਂ ਦੇ ਵਿੱਚ ਝਗੜੇ ਝੇੜੇ।

ਬਿਨਾਂ ਕਸੂਰੋਂ ਖੂਨ ਹੈ ਡੁੱਲ੍ਹਦਾ।
ਬਿਨਾਂ ਕਸੂਰੋਂ ਝੱਖੜ ਝੁੱਲਦਾ।
ਨਫਰਤ ਫਲ ਤੇ ਫੁੱਲ ਰਹੀ ਏ।
ਨਫਰਤ ਨੇਰ੍ਹੀ ਝੁੱਲ ਰਹੀ ਏ।

ਧਰਮ ਦੇ ਨਾਂਅ ‘ਤੇ ਜ਼ੁਲਮ ਹੋ ਰਿਹਾ।
ਧਰਮ ਦੇ ਨਾਂਅ ‘ਤੇ ਸਿਤਮ ਹੋ ਰਿਹਾ।
ਅਸਲ ਧਰਮ ਕਿਤੇ ਗੁੰਮ ਹੋ ਗਿਆ।
ਅਸਲ ਧਰਮ ਗੁੰਮ ਸੁੰਮ ਹੋ ਗਿਆ।

ਫਿਰ ਸੋਚਾਂ ਕਿਉਂ ਢੇਰੀ ਢਾਹਵਾਂ?
ਫਿਰ ਸੋਚਾਂ ਕਿਉਂ ਹਾਰ ਮੈਂ ਜਾਵਾਂ?
ਆਸ ਦਾ ਦੀਵਾ ਫਿਰ ਜਗਾਵਾਂ।
ਆਸ ਦਾ ਦੀਵਾ ਫਿਰ ਰੁਸ਼ਨਾਵਾਂ?

ਨਫਰਤ ਹੋ ਜੇ ਛਾਈ ਮਾਈ।
ਨਫਰਤ ਦੀਆਂ ਮਿਟ ਜਾਣ ਬਲਾਈ।
ਧਰਮ ਪ੍ਰੇਮ ਪਿਆਰ ਫੈਲਾ ਦਏ।
ਧਰਮ ਇਨਸਾਨੀਅਤ ਜਗਾ ਦਏ।

ਬੰਦ ਹੋ ਜਾਵਣ ਬੰਬ ਧਮਾਕੇ।
ਬੰਦ ਹੋ ਜਾਵਣ ਚੋਰੀ ਡਾਕੇ।
ਤੁਰ ਪੈਂਦਾ ਹਾਂ ਮੋਮਬੱਤੀਆਂ ਲਾਵਣ।
ਤੁਰ ਪੈਂਦਾ ਹਾਂ ਕੋਈ ਦੀਪ ਜਗਾਵਣ।