ਏਸ਼ੀਅਨ ਮੁਲਕਾਂ ਨਾਲ ਕਾਰੋਬਾਰੀ ਤੇ ਸਕਿਊਰਿਟੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਨ ਟਰੂਡੋ


ਮਨੀਲਾ, ਫਿਲੀਪੀਨਜ਼, 12 ਨਵੰਬਰ (ਪੋਸਟ ਬਿਊਰੋ) : ਐਤਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਫਿਲੀਪੀਨਜ਼ ਪਹੁੰਚ ਗਏ। ਟਰੂਡੋ ਸਕਿਊਰਿਟੀ ਤੇ ਵਪਾਰ ਦੇ ਮਾਮਲੇ ਵਿੱਚ ਏਸ਼ੀਆ ਪੈਸੇਫਿਕ ਖਿੱਤੇ ਵਿੱਚ ਕੈਨੇਡਾ ਦਾ ਨਾਂ ਚਮਕਾਉਣ ਦੇ ਇਰਾਦੇ ਨਾਲ ਉੱਥੇ ਗਏ ਹਨ।
ਇਸ ਹਫਤੇ ਟਰੂਡੋ ਪਹਿਲੇ ਅਜਿਹੇ ਮੌਜੂਦਾ ਕੈਨੇਡੀਅਨ ਪ੍ਰਧਾਨ ਮੰਤਰੀ ਬਣ ਜਾਣਗੇ ਜਿਹੜੇ ਸਾਲਾਨਾ ਈਸਟ ਏਸ਼ੀਆ ਸਮਿਟ ਵਿੱਚ ਹਿੱਸਾ ਲੈਣਗੇ। ਟਰੂਡੋ ਪਹਿਲੇ ਅਜਿਹੇ ਕੈਨੇਡੀਅਨ ਪ੍ਰਧਾਨ ਮੰਤਰੀ ਵੀ ਹੋਣਗੇ ਜਿਨ੍ਹਾਂ ਨੂੰ ਇਸ ਸਿਖਰ ਵਾਰਤਾ ਵਿੱਚ ਹਿੱਸਾ ਲੈਣ ਲਈ ਸੱਦਿਆ ਗਿਆ ਹੈ। ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਐਤਵਾਰ ਨੂੰ ਆਖਿਆ ਕਿ ਟਰੂਡੋ ਤੇ ਉਨ੍ਹਾਂ ਦੇ ਮਨੀਲਾ ਪਹੁੰਚਣ ਤੋਂ ਬਾਅਦ ਈਸਟ ਏਸ਼ੀਆ ਸਮਿਟ ਵਿੱਚ ਉਨ੍ਹਾਂ ਨੂੰ ਖਿੱਤੇ ਵਿੱਚ ਸਰਬਉੱਚ ਸਕਿਊਰਿਟੀ ਟੇਬਲ ਉੱਤੇ ਸੀਟ ਮੁਹੱਈਆ ਕਰਵਾਈ ਜਾਵੇਗੀ।
ਗੱਲਬਾਤ ਦੌਰਾਨ ਟਰੂਡੋ, ਚੀਨ ਦੇ ਰਾਸ਼ਟਰਪਤੀ ਜ਼ੀ ਜਿ਼ਨਪਿੰਗ ਤੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਬੈਠਣਗੇ। ਗੱਲਬਾਤ ਦਾ ਮੁੱਖ ਮੁੱਦਾ ਉੱਤਰੀ ਕੋਰੀਆ ਨਾਲ ਪੈਦਾ ਹੋਏ ਹਾਲਾਤ ਬਾਰੇ ਸਕਿਊਰਿਟੀ ਨੂੰ ਲੈ ਕੇ ਰਹੇਗਾ। ਫਰੀਲੈਂਡ ਨੇ ਆਖਿਆ ਕਿ ਇਹ ਸੱਚਮੁੱਚ ਹੀ ਵੱਡੀ ਗੱਲ ਹੈ ਕਿਉਂਕਿ ਕੈਨੇਡਾ ਅਜਿਹੀ ਸਿਖਰ ਵਾਰਤਾ ਵਿੱਚ ਪਹਿਲਾਂ ਕਦੇ ਸ਼ਾਮਲ ਨਹੀਂ ਹੋਇਆ।
ਆਸੀਆਨ ਸਿਖਰ ਵਾਰਤਾ ਵਿੱਚ ਟਰੂਡੋ ਨੂੰ 10 ਦੱਖਣਪੂਰਬੀ ਏਸ਼ੀਆਈ ਮੁਲਕਾਂ ਨਾਲ ਆਪਣਾ ਕਾਰੋਬਾਰੀ ਏਜੰਡਾ ਅੱਗੇ ਵਧਾਉਣ ਦਾ ਆਪਣੇ ਆਪ ਮੌਕਾ ਮਿਲ ਜਾਵੇਗਾ। ਇਹ ਦੇਸ਼ ਪਹਿਲਾਂ ਹੀ ਕੈਨੇਡਾ ਦੇ ਛੇ ਸੱਭ ਤੋਂ ਵੱਡੇ ਕਾਰੋਬਾਰੀ ਭਾਈਵਾਲਾਂ ਵਿੱਚੋਂ ਇੱਕ ਹਨ। ਰਲ ਕੇ ਇਹ ਮੁਲਕ 640 ਮਿਲੀਅਨ ਲੋਕਾਂ ਮਾਰਕਿਟ ਹੈ ਤੇ ਲਗਾਤਾਰ ਪਸਾਰ ਕਰ ਰਿਹਾ ਮੱਧਵਰਗ ਹੈ। ਕੈਨੇਡਾ ਦੀ ਨਾਫਟਾ ਸਬੰਧੀ ਮੁੜ ਗੱਲਬਾਤ ਵਿੱਚ ਅਸਥਿਰਤਾ ਆਉਣ ਕਾਰਨ ਏਸ਼ੀਆ ਪੈਸੇਫਿਕ ਦੀ ਸਰਕਾਰ ਦੀ ਨਜ਼ਰ ਵਿੱਚ ਅਹਿਮੀਅਤ ਹੋਰ ਵੱਧ ਗਈ ਹੈ।
ਓਟਵਾ ਨੇ ਇਸ ਖਿੱਤੇ ਵਿੱਚ ਆਪਣੀ ਹੋਂਦ ਨੂੰ ਵਧਾਉਣ ਲਈ ਕੋਸਿ਼ਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਸਤੰਬਰ ਵਿੱਚ ਫੈਡਰਲ ਸਰਕਾਰ ਨੇ ਆਸੀਆਨ ਨਾਲ ਮੁਕਤ ਵਪਾਰ ਸਬੰਧੀ ਗੱਲਬਾਤ ਸ਼ੁਰੂ ਕੀਤੀ ਸੀ ਤੇ ਪਿਛਲੇ ਸਾਲ ਸਰਕਾਰ ਨੇ ਇਸ ਖਿੱਤੇ ਲਈ ਆਪਣਾ ਦੂਤ ਵੀ ਨਿਯੁਕਤ ਕੀਤਾ ਸੀ। ਕੌਮਾਂਤਰੀ ਟਰੇਡ ਮੰਤਰੀ ਫਰੈਂਕੌਇਸ ਫਿਲਿਪ ਸੈ਼ਂਪੇਨ ਦਾ ਕਹਿਣਾ ਹੈ ਕਿ ਅਸੀਂ ਪੂਰੀ ਤਰ੍ਹਾਂ ਖੁਦ ਨੂੰ ਏਸ਼ੀਆ ਪੈਸੇਫਿਕ ਵਿੱਚ ਸਥਾਪਿਤ ਕਰਨ ਦੀ ਕੋਸਿ਼ਸ਼ ਕਰ ਰਹੇ ਹਾਂ।