ਆਸਟਰੇਲੀਆ ਵਿੱਚ ਭਾਰਤੀ ਜੋੜੇ ਉੱਤੇ ਨੌਕਰਾਣੀ ਨੂੰ ਅੱਠ ਸਾਲ ਕੈਦ ਰੱਖ ਕੇ ਤਸ਼ੱਦਦ ਕਰਨ ਦਾ ਦੋਸ਼


ਮੈਲਬਰਨ, 13 ਦਸੰਬਰ (ਪੋਸਟ ਬਿਊਰੋ)- ਮੈਲਬਰਨ ‘ਚ ਇਕ ਭਾਰਤੀ ਜੋੜੇ ਨੇ ਨਾ ਕੇਵਲ ਨੌਕਰਾਣੀ ਨੂੰ ਅੱਠ ਸਾਲ ਦੇ ਸਮੇਂ ਤੱਕ ਆਪਣੇ ਘਰ ਕੈਦ ਕਰਕੇ ਰੱਖਿਆ, ਉਸ ਉਤੇ ਤਸ਼ੱਦਦ ਵੀ ਢਾਹਿਆ। ਇਸ ਭਾਰਤੀ ਨੌਕਰਾਣੀ ਨੂੰ ਇਹ ਜੋੜਾ 2007 ਵਿੱਚ ਭਾਰਤ ਤੋਂ ਆਸਟਰੇਲੀਆ ਲਿਆਇਆ ਸੀ ਤੇ ਮੈਲਬਰਨ ਦੇ ਇਲਾਕੇ ਮਾਊਂਟ ਵੇਵਰਲੀ ‘ਚ ਆਪਣੇ ਘਰ ਵਿੱਚ ਕੈਦ ਕਰਕੇ ਰੱਖਿਆ ਸੀ, ਜਿਥੋਂ ਉਸ ਨੂੰ 2015 ਵਿੱਚ ਆਜ਼ਾਦ ਕਰਵਾਇਆ ਗਿਆ ਸੀ। ਇਸ ਭਾਰਤੀ ਜੋੜੇ ਦਾ ਨਾ ਕੰਦਾਸਵਾਮੀ ਕੰਨਨ ਅਤੇ ਕੂਮੁਥੂਨੀ ਕੰਨਨ ਹੈ।
ਬੀਤੇ ਸੋਮਵਾਰ ਮੈਲਬਰਨ ਮੈਜਿਸਟਰੇਟ ਕੋਰਟ ਵਿੱਚ ਇਸ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੇ ਦੋਵਾਂ ਪਤੀ-ਪਤਨੀ ਉੱਤੇ ਨੌਕਰਾਣੀ ਨਾਲ ਮਾੜਾ ਵਤੀਰਾ ਕਰਨ, ਬੰਦੀ ਬਣਾ ਕੇ ਰੱਖਣ ਅਤੇ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ। ਅਦਾਲਤ ਵਿੱਚ ਸੁਣਵਾਈ ਅਜੇ ਜਾਰੀ ਹੈ। ਅਦਾਲਤ ਨੂੰ ਦੱਸਿਆ ਗਿਆ ਕਿ ਨੌਕਰਾਣੀ ਨੂੰ ਉਸ ਵਕਤ ਵੀ ਇਕ ਮਹੀਨਾ ਘਰ ਅੰਦਰ ਬੰਦ ਕਰਕੇ ਰੱਖਿਆ ਗਿਆ, ਜਦੋਂ ਪੂਰਾ ਪਰਵਾਰ ਛੁੱਟੀਆਂ ਮਨਾਉਣ ਭਾਰਤ ਗਿਆ ਹੋਇਆ ਸੀ। ਨੌਕਰਾਣੀ ਨੇ ਪੁਲਸ ਨੂੰ ਦੱਸਿਆ ਕਿ ਜੇ ਰਸੋਈ ਦੇ ਕਿਸੇ ਕੰਮ ਵਿੱਚ ਉਸ ਨੂੰ ਨੁਕਸ ਨਜ਼ਰ ਆਉਂਦਾ ਸੀ ਤਾਂ ਘਰ ਦੀ ਮਾਲਕਣ ਉਸ ਨੂੰ ਵਾਲਾਂ ਤੋਂ ਫੜ ਕੇ ਘੜੀਸਦੀ, ਚਪੇੜਾਂ ਤੇ ਠੁੱਡੇ ਮਾਰਦੀ ਸੀ ਤੇ ਇਸ ਸਭ ਦੇ ਬਦਲੇ ਉਸ ਨੂੰ ਪੇਟ ਭਰ ਖਾਣਾ ਵੀ ਨਹੀਂ ਸੀ ਮਿਲਦਾ ਤੇ ਕੋਈ ਤਨਖਾਹ ਨਹੀਂ ਦਿੱਤੀ ਜਾਂਦੀ ਸੀ। ਇਸ ਪੂਰੇ ਮਾਮਲੇ ਦਾ ਖੁਲਾਸਾ ਉਸ ਵਕਤ ਹੋਇਆ, ਜਦ 2015 ‘ਚ ਕੁਮਥੂਨੀ ਕੰਨਨ ਨੇ ਟਿ੍ਰਪਲ ਜ਼ੀਰੋ ਉੱਤੇ ਫੋਨ ਕਰਕੇ ਕਿਹਾ ਸੀ ਕਿ ਉਨ੍ਹਾਂ ਦੇ ਘਰ ਦੇ ਗੁਸਲਖਾਨੇ ਵਿੱਚ ਇਕ ਔਰਤ ਡਿੱਗ ਪਈ ਹੈ ਅਤੇ ਉਹ ਉਠ ਨਹੀਂ ਸਕਦੀ।