ਆਸਟਰੇਲੀਆ ਵਿੱਚ ਚਾਰ ਸਾਲਾਂ ਤੋਂ ਲਾਪਤਾ ਭਾਰਤੀ ਬਾਰੇ ਜਾਣਕਾਰੀ ਨਹੀਂ ਮਿਲ ਰਹੀ


ਮੈਲਬਰਨ, 15 ਮਈ (ਪੋਸਟ ਬਿਊਰੋ)- ਆਸਟਰੇਲੀਆ ‘ਚ ਪਿਛਲੇ ਚਾਰ ਸਾਲਾਂ ਤੋਂ ਲਾਪਤਾ ਹੋਏ ਭਾਰਤੀ ਨੌਜਵਾਨ ਦਾ ਅੱਜ ਤੱਕ ਵੀ ਕੋਈ ਥਹੁ ਪਤਾ ਨਹੀਂ ਲੱਗ ਸਕਿਆ।
ਸ਼ਿਵ ਚੌਹਾਨ ਇਕ ਮਈ 2014 ਨੂੰ ਮੈਲਬਰਨ ਤੋਂ ਉਸ ਸਮੇਂ ਗੁੰਮ ਹੋ ਗਿਆ ਜਦੋਂ ਉਹ ਕੋਰੀਅਰ ਦਾ ਕੰਮ ਕਰ ਰਿਹਾ ਸੀ। ਪੁਲਸ ਨੂੰ ਉਸ ਦੀ ਵੈਨ, ਜਿਸ ‘ਤੇ ਉਹ ਕੰਮ ਕਰਦਾ ਸੀ, ਮਿਲ ਗਈ ਸੀ, ਪਰ ਉਹ ਨਹੀਂ ਮਿਲਿਆ। ਉਸ ਦਾ ਪਰਵਾਰ ਭਾਰਤ ‘ਚ ਉਸ ਬਾਰੇ ਚਿੰਤਤ ਹੈ ਕਿ ਆਖਰ ਉਸ ਨਾਲ ਕੀ ਵਾਪਰਿਆ ਹੈ। ਉਸ ਦਾ ਵੱਡਾ ਭਰਾ ਦਿਨੇਸ਼ ਚੌਹਾਨ ਜੁਲਾਈ 2014 ‘ਚ ਉਸ ਦੀ ਭਾਲ ਲਈ ਇਥੇ ਆਇਆ ਸੀ, ਪਰ ਉਹ ਵੀ ਨਿਰਾਸ਼ ਹੀ ਵਾਪਸ ਪਰਤ ਗਿਆ। ਵਿਕਟੋਰੀਆ ਪੁਲਸ ਦੀ ਗੁੰਮਸ਼ੁਦਾ ਇਕਾਈ ਦੇ ਜਾਂਚ ਕਰਤਾਵਾਂ ਨੇ 2015 ‘ਚ ਇਹ ਕਿਹਾ ਸੀ ਕਿ ਉਹ ਹਾਲੇ ਤੱਕ ਮਰ ਗਿਆ ਹੋਵੇਗਾ। ਉਸ ਦਾ ਪਰਵਾਰ ਉਸ ਨੂੰ ਮੰਨਣ ਨੂੰ ਤਿਆਰ ਨਹੀਂ ਤੇ ਆਸ ਕਰਦਾ ਹੈ ਕਿ ਉਹ ਜ਼ਿੰਦਾ ਹੋਵੇਗਾ। ਉਸ ਦੀ ਗੁੰਮਸ਼ੁਦਗੀ ਨੂੰ ਕਿਸੇ ਔਰਤ ਨਾਲ ਜੋੜਿਆ ਜਾ ਰਿਹਾ ਸੀ ਅਤੇ ਹੋ ਸਕਦਾ ਹੈ ਕਿ ਇਸ ਸਭ ਲਈ ਇਹ ਕਾਰਨ ਹੈ। ਪੁਲਸ ਦੇ ਕਰਾਈਮ ਵਿਭਾਗ ਨੇ ਉਸ ਬਾਰੇ ਕੋਈ ਜਾਣਕਾਰੀ ਰੱਖਣ ਵਾਲੇ ਨੂੰ ਸੰਪਰਕ ਕਰਨ ਲਈ ਕਿਹਾ ਹੈ।