ਆਸਟਰੇਲੀਆ ਵਿੱਚ ਚਾਕੂ ਮਾਰ ਕੇ ਪਾਕਿ ਮੂਲ ਦੇ ਬੰਦੇ ਦਾ ਕਤਲ

murder melbourne
ਮੈਲਬਰਨ, 8 ਅਪ੍ਰੈਲ (ਪੋਸਟ ਬਿਊਰੋ)- ਆਸਟਰੇਲੀਆ ਵਿੱਚ ਦੋ ਮੁੰਡਿਆਂ ਨੇ 29 ਸਾਲਾ ਪਾਕਿਸਤਾਨੀ ਮੂਲ ਦੇ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਇਸ ਹਮਲੇ ਦੀ ਇਸਲਾਮਿਕ ਸਟੇਟ ਅੱਤਵਾਦੀ ਗਰੁੱਪ ਤੋਂ ਪ੍ਰੇਰਿਤ ਹੋਣ ਪੱਖੋਂ ਫੌਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਬੀਤੀ ਰਾਤ ਨਿਊ ਸਾਊਥ ਵੇਲਜ਼ ਦੇ ਕੈਲਟੈਕਸ ਸਰਵਿਸ ਸਟੇਸ਼ਨ ਦੇ ਅਟੈਂਡੈਂਟ ਜਾਸ਼ੀਨ ਅਕਬਰ ਨੂੰ ਇਕ ਸਾਥੀ ਮੁਲਾਜ਼ਮ ਨੇ ਜ਼ਖਮੀ ਹਾਲਤ ਵਿੱਚ ਦੇਖਿਆ। ‘ਦਿ ਡੇਲੀ ਟੈਲੀਗ੍ਰਾਫ’ ਦੀ ਰਿਪੋਰਟ ਅਨੁਸਾਰ ਅਕਬਰ ਜ਼ਮੀਨ ਉਤੇ ਪਿਆ ਸੀ ਤੇ ਖਿੜਕੀ ਦੇ ਸ਼ੀਸ਼ੇ ਟੁੱਟੇ ਹੋਏ ਸਨ। ਅੱਤਵਾਦ ਵਿਰੋਧੀ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਅਟੈਂਡੈਂਟ ਦਾ ਕਤਲ ਕਰਨ ਵਾਲੇ 15 ਤੇ 16 ਸਾਲਾਂ ਦੀ ਉਮਰ ਦੇ ਲੜਕੇ ਇਸਲਾਮਿਕ ਅੱਤਵਾਦ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਸਨ। ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਪੁਲਸ ਨੇ ਹੋਰ ਵੇਰਵੇ ਨਹੀਂ ਦਿੱਤੇ। ਆਸਟਰੇਲਿਆਈ ਮੀਡੀਆ ਦੇ ਮੁਤਾਬਕ ਅਟੈਂਡੈਂਟ ਨੂੰ ਚਾਕੂ ਮਾਰਨ ਮਗਰੋਂ ਸਰਵਿਸ ਸਟੇਸ਼ਨ ਦੀ ਖਿੜਕੀ ਉਤੇ ਕਾਗਜ਼ ਦੀ ਸ਼ੀਟ ਵਾਲੇ ਹਿੱਸੇ ਵਿੱਚ ਖੂਨ ਨਾਲ ‘ਆਈ ਐਸ’ ਲਿਖਿਆ ਗਿਆ ਹੈ। ਪੁਲਸ ਦਾ ਮੰਨਣਾ ਹੈ ਕਿ ਕੁਏਨਬੇਯਾਨ ਨਾਲ ਸਬੰਧਤ ਇਹ ਨੌਜਵਾਨ ਹੁੱਲੜਬਾਜ਼ੀ ਕਰ ਰਹੇ ਸਨ। ਉਨ੍ਹਾਂ ਇਕ ਹੋਰ ਵਿਅਕਤੀ ਦੇ ਢਿੱਡ ਵਿੱਚ ਚਾਕੂ ਮਾਰਿਆ, ਜਦੋਂ ਕਿ ਇਕ ਹੋਰ ਉਤੇ ਟਾਇਰ ਖੋਲ੍ਹਣ ਵਾਲੇ ਪਾਨੇ ਨਾਲ ਹਮਲਾ ਕੀਤਾ। ਇਸ ਤੋਂ ਇਲਾਵਾ ਇਨ੍ਹਾਂ ਨੇ ਇਕ ਵਿਅਕਤੀ ਦੇ ਬੀਅਰ ਦੀ ਬੋਤਲ ਵੀ ਮਾਰੀ।