ਆਸਟਰੇਲੀਆ ਦੇ ਵਿਕਟੋਰੀਆ ਦੀ ਕੋਰਟ ਵੱਲੋਂ ਸਿੱਖ ਵਿਦਿਆਰਥੀ ਦੇ ਪੱਖ ਵਿੱਚ ਫ਼ੈਸਲਾ

victoria cout australia
* ਪਟਕੇ ਉੱਤੇ ਪਾਬੰਦੀ ਲਈ ਇਸਾਈ ਸਕੂਲ ਦੀ ਕਾਰਵਾਈ ਪੱਖਪਾਤੀ ਕਰਾਰ
ਮੈਲਬਰਨ, 19 ਸਤੰਬਰ, (ਪੋਸਟ ਬਿਊਰੋ)- ਆਸਟਰੇਲੀਆ ਦੇ ਮੈਲਬੌਰਨ ਵਿੱਚ ਇੱਕ ਸਿੱਖ ਵਿਦਿਆਰਥੀ ਉੱਤੇ ਪਟਕਾ ਬੰਨ੍ਹ ਕੇ ਸਕੂਲ ਆਉਣ ਦੇ ਵਿਰੁੱਧ ਈਸਾਈ ਸਕੂਲ ਵੱਲੋਂ ਲਾਈ ਪਾਬੰਦੀ ਨੂੰ ਵਿਕਟੋਰੀਆ ਦੀ ਅਦਾਲਤ ਨੇ ਗ਼ੈਰ-ਕਾਨੂੰਨੀ ਅਤੇ ਪੱਖ-ਪਾਤੀ ਕਰਾਰ ਦਿੱਤਾ ਹੈ। ਪੀੜਤ ਸਿੱਖ ਪਰਿਵਾਰ ਦੇ ਹੱਕ ਵਿੱਚ ਆਏ ਇਸ ਫ਼ੈਸਲੇ ਨਾਲ ਸਿੱਖ ਭਾਈਚਾਰੇ ਨੇ ਖ਼ੁਸ਼ੀ ਅਤੇ ਰਾਹਤ ਮਹਿਸੂਸ ਕੀਤੀ ਹੈ। ਸਕੂਲ ਦੇ ਬੁਲਾਰੇ ਨੇ ਕਿਹਾ ਕਿ ਅਦਾਲਤ ਦੇ ਇਸ ਫ਼ੈਸਲੇ ਮਗਰੋਂ ਵਿਦਿਆਰਥੀ ਦੇ ਮਾਪਿਆਂ ਨਾਲ ਮਿਲ ਕੇ ਇਹ ਮਸਲਾ ਹੱਲ ਕਰ ਲਿਆ ਜਾਵੇਗਾ।
ਵਰਨਣ ਯੋਗ ਹੈ ਕਿ ਇਸ ਸ਼ਹਿਰ ਵਿਚਲੇ ਮੈਲਟਨ ਕ੍ਰਿਸ਼ਚਨ ਸਕੂਲ ਨੇ ਪਿਛਲੇ ਸਾਲ ਪੰਜ ਸਾਲਾ ਵਿਦਿਆਰਥੀ ਸਿਦਕ ਸਿੰਘ ਅਰੋੜਾ ਦੇ ਪਟਕਾ ਬੰਨ੍ਹ ਕੇ ਸਕੂਲ ਆਉਣ ਉੱਤੇ ਰੋਕ ਲਾ ਦਿੱਤੀ ਸੀ। ਸਕੂਲ ਪ੍ਰਬੰਧਕਾਂ ਦੀ ਇਹ ਦਲੀਲ ਸੀ ਕਿ ਸਿਰ ਉੱਤੇ ਬੰਨ੍ਹਿਆ ਪਟਕਾ ਸਕੂਲੀ ਵਰਦੀ ਨੀਤੀ ਦੇ ਘੇਰੇ ਵਿੱਚ ਨਹੀਂ ਆਉਂਦਾ। ਇਸ ਪਿੱਛੋਂ ਪੀੜਤ ਬੱਚੇ ਦੇ ਪਿਤਾ ਸਾਗਰਦੀਪ ਸਿੰਘ ਅਰੋੜਾ ਅਤੇ ਮਾਂ ਅਨੁਪ੍ਰੀਤ ਨੇ ਇਸ ਦੇ ਖ਼ਿਲਾਫ਼ ਅਦਾਲਤ ਦਾ ਬੂਹਾ ਖੜਕਾਇਆ ਸੀ। ਬਰਾਬਰੀ ਵਾਲੇ ਕਾਨੂੰਨ ਦੀ ਸਿੱਧੀ ਉਲੰਘਣਾ ਕਰਦੇ ਇਸ ਕੇਸ ਵਿੱਚ ਬੱਚੇ ਸਿਦਕ ਸਿੰਘ ਲਈ ਕੌਮਾਂਤਰੀ ਪੱਧਰ ਉੱਤੇ ਸਹਿਯੋਗ ਮਿਲਿਆ ਸੀ। ਅੱਜ ਸੁਣਾਏ ਗਏ ਫ਼ੈਸਲੇ ਵਿੱਚ ਟ੍ਰਿਬਿਊਨਲ ਮੈਂਬਰ ਜੂਲੀ ਗਰੈਂਗਰ ਨੇ ਸਕੂਲ ਦੀ ਗ਼ੈਰ-ਈਸਾਈ ਵਿਦਿਆਰਥੀਆਂ ਵਾਸਤੇ ਵਰਦੀ ਨੀਤੀ ਨੂੰ ਪੱਖ-ਪਾਤੀ ਦੱਸਿਆ ਹੈ।
ਇਹ ਸਕੂਲ ਹੁਣ ਤੱਕ ਬਰਾਬਰਤਾ ਕਾਨੂੰਨ ਦੀ ਮੱਦ 42 ਨੂੰ ਆਧਾਰ ਬਣਾ ਕੇ ਵਰਦੀ ਵਿੱਚ ਜਾਇਜ਼ ਪੱਧਰ ਨੂੰ ਬਣਾਈ ਰੱਖਣ ਦੀ ਛੋਟ ਨੂੰ ਆਪਣੇ ਹੱਕ ਵਿੱਚ ਪੇਸ਼ ਕਰਦਾ ਰਿਹਾ ਹੈ। ਅੱਜ ਦੇ ਅਦਾਲਤੀ ਫ਼ੈਸਲੇ ਉੱਤੇ ਬਰਾਬਰੀ ਅਤੇ ਮਨੁੱਖੀ ਅਧਿਕਾਰਾਂ ਬਾਰੇ ਕਮਿਸ਼ਨ ਨੇ ਵੀ ਤਸੱਲੀ ਪ੍ਰਗਟਾਈ ਹੈ। ਸਿਦਕ ਸਿੰਘ ਦੇ ਪਿਤਾ ਨੇ ਕੇਸ ਜਿੱਤਣ ਮਗਰੋਂ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਫ਼ੈਸਲਾ ਭਵਿੱਖ ਲਈ ਸਿੱਖ ਪਛਾਣ ਦਾ ਮਜ਼ਬੂਤ ਅਧਾਰ ਬਣੇਗਾ।