ਆਸਟਰੇਲੀਆ ਦੇ ਪ੍ਰਧਾਨ ਮੰਤਰੀ ਤੇ ਡਿਪਟੀ ਪ੍ਰਧਾਨ ਮੰਤਰੀ ਵਿਚਾਲੇ ਸ਼ਬਦੀ ਜੰਗ ਛਿੜੀ


ਕੈਨਬਰਾ, 17 ਫਰਵਰੀ (ਪੋਸਟ ਬਿਊਰੋ)- ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਅਤੇ ਡਿਪਟੀ ਪੀ ਐਮ ਬਾਰਨਬਾਏ ਜਾਇਸ ਦੀ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਰਾਜਸੀ ਤੌਰ ‘ਤੇ ਨੁਕਸਾਨ ਕਰਨ ਵਾਲੀ ਨਿੱਜੀ ਜ਼ਿੰਦਗੀ ਨਾਲ ਜੁੜੀ ਗੱਲ ਜ਼ਾਹਰ ਕਰਨ ਬਾਰੇ ਦੋਵਾਂ ਨੇਤਾਵਾਂ ਨੇ ਇਕ ਦੂਸਰੇ ਦੀ ਜਨਤਕ ਆਲੋਚਨਾ ਕੀਤੀ ਹੈ।
ਪਿਛਲੇ ਦਿਨੀਂ ਪਤਾ ਲੱਗਾ ਸੀ ਕਿ ਚਾਰ ਬੇਟੀਆਂ ਦੇ ਪਿਤਾ ਜਾਇਸ ਦਾ ਆਪਣੇ ਦਫਤਰ ਦੀ ਮੁਲਾਜ਼ਮ ਔਰਤ ਨਾਲ ਅਫੇਅਰ ਚੱਲ ਰਿਹਾ ਹੈ ਤੇ ਉਹ ਉਨ੍ਹਾਂ ਦੇ ਬੱਚੇ ਦੀ ਮਾਂ ਵੀ ਬਣਨ ਵਾਲੀ ਹੈ। ਇਸ ‘ਤੇ ਟਰਨਬੁਲ ਨੇ ਬੀਤੇ ਦਿਨੀਂ ਇਕ ਆਦੇਸ਼ ਪਾਸ ਕਰਕੇ ਮੰਤਰੀਆਂ ਦੇ ਆਪਣੇ ਸਟਾਫ ਨਾਲ ਜਿਨਸੀ ਸਬੰਧ ਬਣਾਉਣ ਉੱਤੇ ਰੋਕ ਲਾ ਦਿੱਤੀ ਸੀ। ਪ੍ਰਧਾਨ ਮੰਤਰੀ ਟਰਨਬੁਲ ਨੇ ਇਸ ਦੇ ਨਾਲ ਕਿਹਾ ਸੀ ਕਿ ਡਿਪਟੀ ਪ੍ਰਧਾਨ ਮੰਤਰੀ ਜਾਇਸ ਦਾ ਇਕ ਦਫਤਰ ਸਟਾਫ ਨਾਲ ਅਫੇਅਰ ਦਾ ਫੈਸਲਾ ਹੈਰਾਨ ਕਰਨ ਵਾਲਾ ਹੈ। ਇਸ ਨਾਲ ਉਸ ਦੀ ਪਤਨੀ ਤੇ ਚਾਰ ਬੇਟੀਆਂ ਨੂੰ ਸਦਮਾ ਲੱਗਾ ਹੈ, ਉਨ੍ਹਾਂ ਦੀ ਨਵੀਂ ਪਾਰਟਨਰ ਅਪ੍ਰੈਲ ‘ਚ ਮਾਂ ਬਣਨ ਵਾਲੀ ਹੈ। ਅੱਗੋਂ ਪਲਟਵਾਰ ਕਰਦੇ ਹੋਏ 50 ਸਾਲਾ ਜਾਇਸ ਨੇ ਕੱਲ੍ਹ ਟਰਨਬੁਲ ਦੀਆਂ ਟਿੱਪਣੀਆਂ ਨੂੰ ਬੇਤੁਕਾ ਤੇ ਗੈਰ ਜ਼ਰੂਰੀ ਕਰਾਰ ਦਿੱਤਾ। ਉਨ੍ਹਾਂ ਨੇ ਇਹ ਵੀ ਸਾਫ ਕਰ ਦਿੱਤਾ ਕਿ ਉਨ੍ਹਾਂ ਦਾ ਗੱਠਜੋੜ ਸਰਕਾਰ ਤੋਂ ਅਸਤੀਫਾ ਦੇਣ ਦਾ ਕੋਈ ਇਰਾਦਾ ਨਹੀਂ। ਉਨ੍ਹਾਂ ਦੇ ਇਸ ਬਿਆਨ ‘ਤੇ ਟਰਨਬੁਲ ਨੇ ਕਿਹਾ ਕਿ ਇਹ ਉਨ੍ਹਾਂ ਲਈ ਕਾਫੀ ਤਣਾਅ ਪੂਰਨ ਸਮਾਂ ਹੈ।
ਪਿਛਲੇ ਹਫਤੇ ਜਾਇਸ ਦੇ ਅਫੇਅਰ ਦੀ ਖਬਰ ਸਾਹਮਣੇ ਆਉਣ ਪਿੱਛੋਂ ਟਰਨਬੁਲ ਇਸ ਮਾਮਲੇ ਉੱਤੇ ਕੁਝ ਬੋਲਣ ਤੋਂ ਕਤਰਾਉਂਦੇ ਰਹੇ ਸਨ, ਪ੍ਰੰਤੂ ਬੀਤੇ ਦਿਨੀਂ ਉਨ੍ਹਾਂ ਨੇ ਆਪਣੇ ਮੰਤਰੀਆਂ ਦੇ ਸਟਾਫ ਦੇ ਨਾਲ ਜਿਨਸੀ ਸਬੰਧ ਬਣਾਉਣ ‘ਤੇ ਰੋਕ ਲਗਾਉਣ ਦਾ ਐਲਾਨ ਕਰਦੇ ਹੋਏ ਆਪਣੀ ਚੁੱਪੀ ਤੋੜ ਦਿੱਤੀ।