ਆਲ੍ਹਣਾ

-ਕਮਲ ਸੇਖੋਂ
ਮੈਂ ਮਸਾਂ ਨੌਂ ਕੁ ਵਰ੍ਹਿਆਂ ਦਾ ਸੀ, ਜਦੋਂ ਬਾਪੂ ਚਲਾਣਾ ਕਰ ਗਿਆ। ਬੇਬੇ ਨੇ ਬੜੀ ਮਿਹਨਤ ਨਾਲ ਮੈਨੂੰ ਪਾਲਿਆ ਤੇ ਪੜ੍ਹਾਇਆ। ਮੈਂ ਮੈਟਿ੍ਰਕ ਕਰਨ ਤੋਂ ਬਾਅਦ ਆਪਣੀ ਝੋਟੇ ਦੇ ਸਿਰ ਵਰਗੀ ਸੱਤ ਕਿਲੇ ਪੈਲੀ ਆਪ ਵਾਹੁਣੀ ਸ਼ੁਰੂ ਕਰ ਦਿੱਤੀ। ਮੈਂ ਕੰਮ ਸਾਂਭਿਆ ਤਾਂ ਬੇਬੇ ਨੂੰ ਮੇਰੇ ਵਿਆਹ ਦੀ ਕਾਹਲ ਹੋਣ ਲੱਗੀ। ਨੰਬਰਦਾਰਾਂ ਦੇ ਮੁੰਡੇ ਦੇ ਵਿਆਹ ‘ਤੇ ਮੇਲਣ ਬਣ ਕੇ ਆਈ ਬਸੰਤ ਕੌਰ ਬੇਬੇ ਨੂੰ ਪਸੰਦ ਆ ਗਈ। ਦੋਵਾਂ ਧਿਰਾਂ ਦੀ ਸਹਿਮਤੀ ਨਾਲ ਬਸੰਤ ਕੌਰ ਮੇਰੇ ਨਾਲ ਪਰਨਾਈ ਗਈ।
ਬਸੰਤ ਕੌਰ ਦੇ ਆਉਣ ਨਾਲ ਘਰ ਵਿੱਚ ਜਿਵੇਂ ਬਹਾਰ ਜਿਹੀ ਆ ਗਈ ਹੋਵੇ। ਛਮ-ਛਮ ਕਰਦੀ ਫਿਰਦੀ ਬਸੰਤ ਕੌਰ ‘ਤੇ ਮੈਨੂੰ ਅੰਤਾਂ ਦਾ ਮੋਹ ਆਉਂਦਾ। ਖੇਤੋਂ ਆਏ ਨੂੰ ਮੈਨੂੰ ਜਦੋਂ ਉਹ ਕਾੜ੍ਹਨੀ ਵਿੱਚੋਂ ਨੱਕੋ-ਨੱਕ ਭਰ ਪਿੱਤਲ ਦਾ ਕੰਗਣੀ ਵਾਲਾ ਗਲਾਸ ਫੜਾਉਂਦੀ ਤਾਂ ਮੇਰੀ ਸਾਰੀ ਥਕਾਵਟ ਉਤਰ ਜਾਂਦੀ। ਮੇਰੇ ਨਾਲ ਨਾਲ ਉਹ ਬੇਬੇ ਦਾ ਵੀ ਬੜਾ ਧਿਆਨ ਰੱਖਦੀ। ਬੇਬੇ ਨੂੰ ਉਹ ਕੋਈ ਕੰਮ ਨਾ ਕਰਨ ਦਿੰਦੀ। ਬੈਠੀ ਬਿਠਾਈ ਨੂੰ ਵੇਲੇ ਸਿਰ ਚਾਹ ਪਾਣੀ ਦਿੰਦੀ। ਬੇਬੇ ਵੀ ਉਹਤੋਂ ਵਾਰੀ ਵਾਰੀ ਜਾਂਦੀ।
ਵਿਆਹ ਤੋਂ ਬਾਅਦ ਬੇਬੇ ਛੇਤੀ ਪੋਤੇ ਦਾ ਮੰੂਹ ਵੇਖਣ ਦੀ ਜ਼ਿੱਦ ਕਰਨ ਲੱਗੀ। ਬਸੰਤ ਕੌਰ ਦਾ ਪੈਰ ਭਾਰੀ ਹੋਇਆ ਤਾਂ ਬੇਬੇ ਉਹਨੂੰ ਬਾਹਲਾ ਕੰਮ ਨਾ ਕਰਨ ਦਿੰਦੀ। ਬੇਬੇ ਨਾਲ ਨਾਲ ਕੰਮ ਕਰਾਉਂਦੀ ਫਿਰਦੀ ਤੇ ਨਾਲ ਨਾਲ ਮੱਤਾਂ ਦਿੰਦੀ। ਗੋਹੇ ਕੂੜੇ ਨੂੰ ਪਹਿਲਾਂ ਹੀ ਕੰਮ ਵਾਲੀ ਲੱਗੀ ਹੋਈ ਸੀ।
ਜੋਤ ਜੰਮਿਆ ਤਾਂ ਬੇਬੇ ਨੇ ਸਾਰੇ ਪਿੰਡ ਵਿੱਚ ਲੱਡੂ ਵੰਡੇ। ਜੋਤ ਵਿੱਚ ਬੇਬੇ ਦੀ ਜਾਨ ਵਸਦੀ ਸੀ। ਉਹ ਰੋਂਦਾ ਤਾਂ ਬੇਬੇ ਉਹਦੀਆਂ ਨਜ਼ਰਾਂ ਉਤਾਰਦੀ ਨਾ ਥੱਕਦੀ। ਕਦੇ ਸਿਰ ਤੋਂ ਮਿਰਚਾਂ ਵਾਰ ਕੇ ਸੁੱਟਦੀ ਅਤੇ ਕਦੇ ਕਿਸੇ ਸਿਆਣੇ ਤੋਂ ‘ਥੌਲਾ ਪਵਾਉਣ ਤੁਰ ਪੈਂਦੀ। ਉਹ ਬਸੰਤ ਕੌਰ ਨੂੰ ਕਹਿ ਕੇ ਉਸ ਦੇ ਕਾਲਾ ਟਿੱਕਾ ਵੀ ਲਵਾਉਂਦੀ।
ਇਸ ਸਾਲ ਸੁੱਖ ਨਾਲ ਫਸਲ ਵੀ ਚੰਗੀ ਹੋਈ ਸੀ। ਅਸੀਂ ਆਪਣਾ ਪੁਰਾਣਾ ਘਰ ਢਾਹ ਕੇ ਨਵਾਂ ਬਣਾਇਆ ਸੀ। ਮੈਂ ਨਵੇਂ ਡਿਜ਼ਾਈਨ ਨਾਲ ਘਰ ਬਣਾਉਣਾ ਚਾਹੁੰਦਾ ਸੀ, ਪਰ ਬਸੰਤ ਕੌਰ ਨੂੰ ਖੁੱਲ੍ਹੇ ਵਿਹੜੇ ਵਾਲਾ ਘਰ ਚਾਹੀਦਾ ਸੀ। ਅਸੀਂ ਪਿੱਛੇ ਦੋ ਕਮਰੇ ਛੱਤ ਕੇ ਇੱਕ ਕਮਰੇ ਨਾਲ ਰਸੋਈ ਬਣਾ ਲਈ ਤੇ ਬਾਕੀ ਵਰਾਂਡਾ ਛੱਤ ਲਿਆ। ਵਰਾਂਡੇ ਵਿੱਚ ਚਾਨਣ ਤੇ ਹਵਾ ਲਈ ਰੋਸ਼ਨਦਾਨ ਰੱਖਿਆ ਸੀ। ਰੋਸ਼ਨਦਾਨ ਵਿੱਚ ਚਿੜੀਆਂ ਨੇ ਡੱਕਾ-ਡੱਕਾ ‘ਕੱਠਾ ਕਰ ਆਲ੍ਹਣਾ ਬਣਾ ਲਿਆ। ਚਿੜੀਆਂ ਸਾਰੀ ਦਿਹਾੜੀ ਚੀਕ ਚਿਹਾੜਾ ਪਾਉਂਦੀਆਂ ਰਹਿੰਦੀਆਂ। ਉਨ੍ਹਾਂ ਦੇ ਆਲ੍ਹਣੇ ਵਿੱਚੋਂ ਡੱਕੇ ਥੱਲੇ ਡਿੱਗਦੇ ਰਹਿੰਦੇ। ਇੱਕ ਦਿਨ ਮੈਂ ਉਨ੍ਹਾਂ ਦਾ ਆਲ੍ਹਣਾ ਲਾਹ ਕੇ ਸੁੱਟਣ ਲੱਗਾ ਤਾਂ ਬਸੰਤ ਕਰ ਨੇ ਇਹ ਕਹਿ ਕੇ ਰੋਕ ਦਿੱਤਾ, ‘‘ਇਹ ਵਿਚਾਰੀਆਂ ਕਿੱਥੇ ਜਾਣ? ਹਾੜਾ! ਇਨ੍ਹਾਂ ਨੂੰ ਇਥੇ ਹੀ ਰਹਿਣ ਦਿਓ।” ਉਸ ਦਿਨ ਤੋਂ ਬਾਅਦ ਮੈਂ ਕਦੇ ਆਲ੍ਹਣਾ ਲਾਹੁਣ ਬਾਰੇ ਨਾ ਸੋਚਿਆ। ਬਸੰਤ ਕੌਰ ਚਿੜੀਆਂ ਦਾ ਬੜਾ ਧਿਆਨ ਰੱਖਦੀ। ਸਵੇਰੇ ਉਠ ਕੇ ਉਹ ਚਿੜੀਆਂ ਵਾਸਤੇ ਬਾਜਰਾ ਤੇ ਪਾਣੀ ਪਾਉਣਾ ਨਾ ਭੁੱਲਦੀ।
ਵਕਤ ਆਪਣੀ ਚਾਲੇ ਤੁਰਦਾ ਗਿਆ। ਬੇਬੇ ਇਸ ਦੁਨੀਆ ਤੋਂ ਕੂਚ ਕਰ ਗਈ। ਜੋਤ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਨਿਕਲਿਆ। ਉਹ ਦਸਵੀਂ ਵਿੱਚੋਂ ਫਸਟ ਆਇਆ ਸੀ। ਗਿਆਰਵੀਂ ਵਿੱਚ ਉਸ ਨੇ ਸ਼ਹਿਰ ਕਾਲਜ ਵਿੱਚ ਦਾਖਲਾ ਲੈ ਲਿਆ। ਮੈਡੀਕਲ ਰੱਖਿਆ ਹੋਣ ਕਰ ਕੇ ਉਸ ਦਾ ਸਾਰਾ ਦਿਨ ਕਾਲਜ ਜਾਂ ਟਿਊਸ਼ਨਾਂ ਵਿੱਚ ਨਿਕਲ ਜਾਂਦਾ। ਪਿੰਡ ਆਉਣ ਜਾਣ ਵਿੱਚ ਉਸ ਦੀ ਪੜ੍ਹਾਈ ਵਿੱਚ ਵਿਘਨ ਪੈਣ ਲੱਗਾ ਤਾਂ ਉਹ ਸ਼ਹਿਰ ਆਪਣੇ ਮਾਮੇ ਦੇ ਘਰ ਰਹਿ ਕੇ ਪੜ੍ਹਾਈ ਕਰਨ ਲੱਗਾ। ਸ਼ਨੀ, ਐਤਵਾਰ ਨੂੰ ਉਹ ਸਾਨੂੰ ਮਿਲਣ ਆ ਜਾਂਦਾ ਜਾਂ ਅਸੀਂ ਉਸ ਨੂੰ ਮਿਲ ਜਾਂਦੇ। ਮੇਰਾ ਜ਼ਿਆਦਾ ਵਕਤ ਖੇਤਾਂ ਵਿੱਚ ਬੀਤ ਜਾਂਦਾ। ਬਸੰਤ ਕੌਰ ਘਰ ‘ਕੱਲੀ ਰਹਿ ਜਾਂਦੀ ਤਾਂ ਪਿੰਡ ਦੀਆਂ ਕੁੜੀਆਂ ਉਹਤੋਂ ਕੁਝ ਨਾ ਕੁਝ ਸਿੱਖਣ ਆ ਜਾਂਦੀਆਂ। ਬਹੁਤੀਆਂ ਤਾਂ ਕਰੋਸ਼ੀਆ ਸਿੱਖਣ ਆਉਂਦੀਆਂ। ਬਸੰਤ ਕੌਰ ਨੂੰ ਕਰੋਸ਼ੀਏ ਦੇ ਬਹੁਤ ਨਮੂਨੇ ਆਉਂਦੇ।
ਇੱਕ ਦਿਨ ਮੈਂ ਦੁਪਹਿਰ ਵੇਲੇ ਖੇਤੋਂ ਆਇਆ। ਬਸੰਤ ਕੌਰ ਦੁੱਧ ਲੈਣ ਰਸੋਈ ਵਿੱਚ ਚਲੀ ਗਈ। ਮੈਂ ਵਰਾਂਡੇ ਵਿੱਚ ਮੰਜਾ ਡਾਹ ਕੇ ਲੰਮਾ ਪੈ ਗਿਆ।
ਮੇਰਾ ਧਿਆਨ ਚਿੜੀਆਂ ਦੇ ਆਲ੍ਹਣੇ ਵੱਲ ਚਲਾ ਗਿਆ। ਆਲ੍ਹਣੇ ਵਿੱਚ ਚਿੜੀਆਂ ਦੇ ਨਿੱਕੇ-ਨਿੱਕੇ ਬੋਟ ਸਨ। ਕਦੇ ਚਿੜਾ ਬਾਜਰੇ ਦਾ ਦਾਣਾ ਚੁਝ ਵਿੱਚ ਲਿਆ ਕੇ ਬੋਟਾਂ ਦੇ ਮੂੰਹ ‘ਚ ਪਾਊਂਦਾ, ਕਦੇ ਚਿੜੀ। ਬੋਟਾਂ ਨੂੰ ਮਾਂ-ਪਿਓ ਦੇ ਆਉਣ ਦਾ ਪਤਾ ਲੱਗਦਾ ਤਾਂ ਉਹ ਆਪਣੀ ਨਿੱਕੀ ਜਿੰਨੀ ਚੂੰਝ ਪੂਰੀ ਖੋਲ੍ਹ ਲੈਂਦੇ। ਮੈਨੂੰ ਇਹ ਸਭ ਦੇਖ ਕੇ ਬਹੁਤ ਆਨੰਦ ਆਇਆ। ਉਸ ਦਿਨ ਤੋਂ ਬਾਅਦ ਮੈਨੂੰ ਵੀ ਚਿੜੀਆਂ ‘ਤੇ ਮੋਹ ਆਉਣ ਲੱਗ ਪਿਆ। ਬਸੰਤ ਕੌਰ ਦੇ ਨਾਲ-ਨਾਲ ਮੈਂ ਵੀ ਹੁਣ ਉਨ੍ਹਾਂ ਦੇ ਦਾਣੇ ਪਾਣੀ ਦਾ ਧਿਆਨ ਰੱਖਣ ਲੱਗਾ।
ਜੋਤ ਦੀ ਡਾਕਟਰੀ ਦੀ ਪੜ੍ਹਾਈ ਪੂਰੀ ਹੋ ਗਈ ਸੀ। ਸਾਡਾ ਦੋਵਾਂ ਦਾ ਸੁਫਨਾ ਸੀ ਕਿ ਜੋਤ ਡਾਕਟਰ ਬਣ ਕੇ ਪਿੰਡ ਹਸਪਤਾਲ ‘ਚ ਮਰੀਜ਼ਾਂ ਦੀ ਸੇਵਾ ਕਰੇ, ਪਰ ਜੋਤ ਸ਼ਹਿਰ ‘ਚ ਆਪਣਾ ਕਲੀਨਿਕ ਖੋਲ੍ਹਣਾ ਚਾਹੰੁਦਾ ਸੀ। ਬਸੰਤ ਕੌਰ ਹੁਣ ਜੋਤ ਦੇ ਵਿਆਹ ਨੂੰ ਕਾਹਲੀ ਪੈ ਗਈ। ਰਿਸ਼ਤੇਦਾਰੀ ਵਿੱਚ ਉਹ ਸੋਹਣੀਆਂ ਕੁੜੀਆਂ ਵੇਖਦੀ ਰਹਿੰਦੀ। ਕਦੇ ਉਹਨੂੰ ਨਾਲ ਵਾਲੇ ਪਿੰਡ ਦੇ ਮਾਸਟਰ ਸੁਖਦੇਵ ਦੀ ਬੀ ਐਡ ਕਰਦੀ ਧੀ ਪਸੰਦ ਆ ਜਾਂਦੀ ਤੇ ਕਦੇ ਸ਼ਹਿਰ ਵਾਲੇ ਵਕੀਲ ਦੀ ਗੋਰੀ ਚਿੱਟੀ ਸਿਮਰ ਪਸੰਦ ਆ ਜਾਂਦੀ। ਉਹ ਨਿੱਤ ਮੇਰੇ ਨਾਲ ਕਿਸੇ ਨਾ ਕਿਸੇ ਕੁੜੀ ਦਾ ਜ਼ਿਕਰ ਛੇੜ ਬਹਿੰਦੀ। ਜੋਤ ਦੇ ਵਿਆਹ ਦਾ ਉਸ ਨੂੰ ਬੜਾ ਚਾਅ ਸੀ। ਜਦੋਂ ਅਸੀਂ ਜੋਤ ਨਾਲ ਵਿਆਹ ਦੀ ਗੱਲ ਤੋਰੀ ਤਾਂ ਉਸ ਨੇ ਆਪਣੇ ਨਾਲ ਡਾਕਟਰੀ ਕਰਦੀ ਕੁੜੀ ਬਾਰੇ ਦੱਸਿਆ ਕਿ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਜੋਤ ਦੀ ਖੁਸ਼ੀ ਹੀ ਸਾਡੀ ਖੁਸ਼ੀ ਸੀ। ਸਾਨੂੰ ਕੋਈ ਇਤਰਾਜ਼ ਨਹੀਂ ਸੀ, ਇਤਰਾਜ਼ ਤਾਂ ਇਸ ਗੱਲ ਦਾ ਸੀ ਕਿ ਉਹ ਵਿਆਹ ਤੋਂ ਬਾਅਦ ਪਿੰਡ ਨਹੀਂ ਰਹਿਣਾ ਚਾਹੰੁਦਾ ਸੀ। ਉਹ ਸ਼ਹਿਰ ‘ਚ ਕਲੀਨਿਕ ਖੋਲ੍ਹਣਾ ਚਾਹੁੰਦਾ ਸੀ। ਮੈਂ ਤੇ ਬਸੰਤ ਕੌਰ ਨੇ ਆਪਣੇ ਆਪ ਨੂੰ ਸਮਝਾ ਲਿਆ।
ਜੋਤ ਦਾ ਵਿਆਹ ਅਸੀਂ ਬੜੀ ਧੂਮਧਾਮ ਨਾਲ ਕੀਤਾ। ਜੋਤ ਦੀ ਵਹੁਟੀ ਮਾਪਿਆਂ ਦੀ ‘ਕੱਲੀ ਧੀ ਸੀ। ਉਹਦੇ ਮਾਪਿਆਂ ਨੇ ਉਨ੍ਹਾਂ ਵਾਸਤੇ ਅੱਗੇ ਕਲੀਨਿਕ ਤੇ ਪਿੱਛੇ ਕੋਠੀ ਬਣਾ ਕੇ ਵਿਆਹ ‘ਤੇ ਗਿਫਟ ਕੀਤੀ ਸੀ। ਬਸੰਤ ਕੌਰ ਦੇ ਹਾਲੇ ਚਾਅ ਵੀ ਪੂਰੇ ਨਹੀਂ ਹੋਏ ਸੀ ਕਿ ਉਹ ਦੋਵੇਂ ਸ਼ਹਿਰ ਸ਼ਿਫਟ ਹੋ ਗਏ। ਹੁਣ ਉਹ ਕਦੇ ਕਦਾਈਂ ਸਾਨੂੰ ਮਿਲਣ ਆਉਂਦੇ, ਘੰਟਾ ਦੋ ਘੰਟੇ ਰੁਕ ਕੇ ਮੁੜ ਜਾਂਦੇ।
ਬਸੰਤ ਕੌਰ ਨੂੰ ਪਤਾ ਨ੍ਹੀਂ ਕੀ ਝੋਰਾ ਖਾਈ ਜਾਂਦਾ। ਦਿਨ-ਬ ਦਿਨ ਢਲਦੀ ਜਾਂਦੀ ਸੀ। ਜੋਤ ਨੇ ਦਵਾ ਲਿਆ ਦਿੱਤੀ, ਪਰ ਉਹਨੂੰ ਬਹੁਤਾ ਫਰਕ ਨਾ ਪਿਆ। ਮੈਂ ਬਥੇਰਾ ਪੁੱਛਦਾ, ਪਰ ਉਹ ਕੁਝ ਨਾ ਦੱਸਦੀ। ਅੰਦਰੋਂ-ਅੰਦਰੀ ਘੁਲੀ ਜਾਂਦੀ। ਇੱਕ ਦਿਨ ਅਚਾਨਕ ਦਿਲ ਘਬਰਾਉਣ ਦੀ ਸ਼ਿਕਾਇਤ ਕਰਨ ਲੱਗੀ। ਮੈਂ ਭੱਜਦਾ ਪਿੰਡ ਦੇ ਡਾਕਟਰ ਕੋਲ ਗਿਆ। ਸਾਡੇ ਆਉਂਦਿਆਂ ਨੂੰ ਉਹ ਹੋਰ ਹੀ ਦੁਨੀਆ ਵਿੱਚ ਪਹੁੰਚ ਗਈ। ਡਾਕਟਰ ਨੇ ਦੱਸਿਆ ਕਿ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਏ। ਸ਼ਹਿਰੋਂ ਜੋਤ ਤੇ ਵਹੁਟੀ ਵੀ ਆ ਗਏ। ਸਸਕਾਰ ਕਰ ਕੇ ਤੀਜੇ ਦਿਨ ਜਦੋਂ ਅਸੀਂ ਕੀਰਤਪੁਰ ਸਾਹਿਬ ਫੁੱਲ ਪਾਉਣ ਜਦਾ ਰਹੇ ਸੀ ਤਾਂ ਸਾਰੇ ਰਾਹ ਬਸੰਤ ਕੌਰ ਜਾਣੀ ਮੇਰੇ ਨਾਲ ਤੁਰੀ ਜਾਵੇ। ਫੁੱਲ ਜਲ ਪ੍ਰਵਾਹ ਕਰਨ ਲੱਗਿਆਂ ਤਾਂ ਮੇਰੀ ਜਾਨ ਹੀ ਨਿਕਲ ਗਈ। ਬਸੰਤ ਕੌਰ ਮੈਨੂੰ ਪਾਣੀ ਵਿੱਚ ਰੁੜ੍ਹੀ ਜਾਂਦੀ ਦਿਸੀ ਜਾਵੇ। ਅੱਖਾਂ ਭਾਵੇਂ ਚੁੱਪ-ਚਾਪ ਸਭ ਕੁਝ ਵੇਖਦੀਆਂ ਰਹੀਆਂ, ਪਰ ਦਿਲ ਧਾਹੀਂ-ਧਾਹੀਂ ਰੋਇਆ।
ਜੋਤ ਤੇ ਵਹੁਟੀ ਨੂੰ ਪਿੱਛੇ ਬੰਦ ਪਏ ਕਲੀਨਿਕ ਦੀ ਚਿੰਤਾ ਸੀ। ਉਹ ਛੇਤੀ ਸ਼ਹਿਰ ਜਾਣਾ ਚਾਹੰੁਦੇ ਸੀ। ਇਸ ਲਈ ਅਖੰਡ ਪਾਠ ਤੋਂ ਬਾਅਦ ਅੰਤਿਮ ਅਰਦਾਸ ਕਰਵਾ ਦਿੱਤੀ। ਜੋਤ ਤੇ ਵਹੁਟੀ ਮੈਨੂੰ ਆਪਣੇ ਨਾਲ ਸ਼ਹਿਰ ਲੈ ਕੇ ਜਾਣਾ ਚਾਹੁੰਦੇ ਸਨ, ਮੈਂ ਨਾ ਮੰਨਿਆ। ਮੈਂ ਇਸੇ ਘਰ ‘ਚ ਹੀ ਬਸੰਤ ਕੌਰ ਦੀਆਂ ਯਾਦਾਂ ਨਾਲ ਰਹਿਣਾ ਚਾਹੁੰਦਾ ਸੀ।
ਘਰੇ ਜੀਅ ਨਾ ਲੱਗਾ ਤਾਂ ਮੈਂ ਖੇਤਾਂ ਵਿੱਚ ਗੇੜਾ ਮਾਰਨ ਚਲਾ ਗਿਆ। ਮੇਰੇ ਆਉਂਦਿਆਂ ਨੂੰ ਜੋਤ ਤੇ ਵਹੁਟੀ ਸ਼ਹਿਰ ਜਾਣ ਨੂੰ ਤਿਆਰ ਖੜ੍ਹੇ ਸਨ। ਵਹੁਟੀ ਨੇ ਦੱਸਿਆ ਕਿ ਕੰਮ ਵਾਲੀ ਤੋਂ ਘਰ ਦੀ ਸਾਰੀ ਸਫਾਈ ਕਰਵਾ ਦਿੱਤੀ ਹੈ ਤੇ ਉਹੀ ਕੰਮ ਵਾਲੀ ਮੇਰਾ ਰੋਟੀ ਟੁੱਕ ਵੀ ਬਣਾ ਜਾਇਆ ਕਰੂਗੀ। ਫਿਰ ਉਹ ਦੋਵੇਂ ਕਾਰ ਵਿੱਚ ਬਹਿ ਕੇ ਸ਼ਹਿਰ ਲਈ ਰਵਾਨਾ ਹੋ ਗਏ। ਘਰ ਅੰਦਰ ਵੜਦਿਆਂ ਦਿਲ ਨੂੰ ਹੌਲ ਪੈਣ ਲੱਗੇ। ਅੱਖਾਂ ਮੱਲੋ ਮੱਲੀ ਭਰ ਆਈਆਂ। ਸਾਹਮਣੇ ਕੰਧ ‘ਤੇ ਬਸੰਤ ਕੌਰ ਦੀ ਭੋਗ ਲਈ ਵੱਡੀ ਕਰਾਈ ਫੋਟੋ ਟੰਗੀ ਹੋਈ ਹੈ। ਉਹਨੂੰ ਵੇਖਦਿਆਂ ਹੀ ਮੇਰੀਆਂ ਭੁੱਬਾਂ ਨਿਕਲ ਗਈਆਂ। ਫੋਟੋ ਕੋਲ ਰੋ ਕੇ ਮਨ ਕੁਝ ਹੌਲਾ ਹੋ ਗਿਆ। ਚਿੜੀਆਂ ਨੇ ਚੀਂ-ਚੀਂ ਕਰ ਕੇ ਸਾਰਾ ਘਰ ਸਿਰ ‘ਤੇ ਚੁੱਕਿਆ ਹੋਇਆ ਸੀ। ਚਿੜੀਆਂ ਕਦੇ ਇਧਰ ਬੈਠ ਕੇ ਚਿੜ-ਚਿੜ ਕਰਦੀਆਂ, ਕਦੇ ਓਧਰ। ਅਚਾਨਕ ਮੇਰਾ ਧਿਆਨ ਰੋਸ਼ਨਦਾਨ ਵੱਲ ਚਲਾ ਗਿਆ। ਰੋਸ਼ਨਦਾਨ ਵੱਲ ਵੇਖ ਕੇ ਮੇਰਾ ਤ੍ਰਾਹ ਨਿਕਲ ਗਿਆ। ਚਿੜੀਆਂ ਦਾ ਆਲ੍ਹਣਾ ਉਥੇ ਨਹੀਂ ਸੀ। ਬਹੂ ਰਾਣੀ ਨੇ ਸਫਾਈ ਕਰਾਉਂਦੀ ਨੇ ਆਲ੍ਹਣਾ ਲਾਹ ਕੇ ਕੂੜੇ ਵਿੱਚ ਸੁੱਟ ਦਿੱਤਾ ਸੀ। ਚਿੜੀਆਂ ਦੀ ਪੇਸ਼ ਨਾ ਚੱਲਦੀ। ਉਹ ਵਾਰੀ ਵਾਰੀ ਰੋਸ਼ਨਦਾਨ ‘ਚ ਬੈਠ ਕੇ ਚਿੜ-ਚਿੜ ਕਰਦੀਆਂ।
ਮੈਨੂੰ ਜਾਪਿਆ ਕਿ ਬਸੰਤ ਕੌਰ ਦੇ ਤੁਰ ਜਾਣ ਨਾਲ ਮੈਂ ਹੀ ‘ਕੱਲਾ ਨਹੀਂ ਹੋਇਆ, ਇਹ ਵਿਚਾਰੀਆਂ ਚਿੜੀਆਂ ਵੀ ਯਕੀਮ ਹੋ ਗਈਆਂ ਹੋਣ।