ਆਰ ਸੀ ਐੱਫ ਦਾ ਕਾਰਜਕਾਰੀ ਇੰਜੀਨੀਅਰ ਸੀ ਬੀ ਆਈ ਵੱਲੋਂ ਛਾਪਾ ਮਾਰ ਕੇ ਗ੍ਰਿਫਤਾਰ


ਕਪੂਰਥਲਾ, 1 ਜੁਲਾਈ (ਪੋਸਟ ਬਿਊਰੋ)- ਚੰਡੀਗੜ੍ਹ ਤੋਂ ਆਈ ਸੀ ਬੀ ਆਈ ਟੀਮ ਨੇ ਕੱਲ੍ਹ ਰਾਤ ਤੱਕ ਆਰ ਸੀ ਐੱਫ (ਰੇਲ ਕੋਚ ਫੈਕਟਰੀ) ਕਪੂਰਥਲਾ ਦੇ ਸਿਵਲ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਮਨਜੀਤ ਸਿੰਘ ਦੇ ਘਰ ਦੀ ਬਰੀਕੀ ਨਾਲ ਜਾਂਚ ਪਿੱਛੋਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਆਰ ਸੀ ਐੱਫ ਦੇ ਬਾਗਬਾਨੀ ਵਿਭਾਗ ਵਿੱਚ ਕੰਮ ਕਰਦੇ ਠੇਕੇਦਾਰ ਮਨੋਜ ਕੁਮਾਰ ਨੇ ਸੀ ਬੀ ਆਈ ਦੇ ਚੰਡੀਗੜ੍ਹ ਦਫਤਰ ਨੂੰ ਕਾਰਜਕਾਰੀ ਇੰਜੀਨੀਅਰ ਮਨਜੀਤ ਸਿੰਘ ਵੱਲੋਂ ਰਿਸ਼ਵਤ ਲੈਣ ਦੀ ਸ਼ਿਕਾਇਤ ਕੀਤੀ ਸੀ, ਜਿਸ ਉੱਤੇ ਸੀ ਬੀ ਆਈ ਨੇ ਡੀ ਐੱਸ ਪੀ ਰਾਜਿੰਦਰ ਸਿੰਘ ਅਤੇ ਇੰਸਪੈਕਟਰ ਮਹਿੰਦਰ ਸਿੰਘ ਦੀ ਅਗਵਾਈ ਵਿੱਚ ਸਥਾਨਕ ਪੁਲਸ ਦੇ ਸਹਿਯੋਗ ਨਾਲ ਕੱਲ੍ਹ ਦੁਪਹਿਰ ਬਾਅਦ ਉਨ੍ਹਾਂ ਦੇ ਆਰ ਸੀ ਐੱਫ ਦੀ ਕਲੋਨੀ ਵਾਲੇ ਟਾਈਪ ਚਾਰ ਦੇ ਕੁਆਰਟਰ ਵਿੱਚ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਸੀ ਬੀ ਆਈ ਟੀਮ ਨੇ ਉਨ੍ਹਾਂ ਦੇ ਘਰ ਤੋਂ ਕੁਝ ਨਕਦੀ ਬਰਾਮਦ ਕੀਤੀ ਅਤੇ ਸਾਰੀ ਕਾਰਵਾਈ ਉਪਰੰਤ ਸੀ ਬੀ ਆਈ ਟੀਮ ਕਾਰਜਕਾਰੀ ਇੰਜੀਨੀਅਰ ਮਨਜੀਤ ਸਿੰਘ ਨੂੰ ਚੰਡੀਗੜ੍ਹ ਨਾਲ ਲੈ ਗਈ। ਸੀ ਬੀ ਆਈ ਵੱਲੋਂ ਕੀਤੀ ਇਸ ਕਾਰਵਾਈ ਨਾਲ ਆਰ ਸੀ ਐਫ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸੀ ਬੀ ਆਈ ਟੀਮ ਨੇ ਮਨਜੀਤ ਸਿੰਘ ਦੀ ਗ੍ਰਿਫਤਾਰੀ ਬਾਰੇ ਆਰ ਸੀ ਐੱਫ ਪ੍ਰਸ਼ਾਸਨ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ।