‘ਆਰ ਸੀ ਐਮ ਪੀ’ ਬਾਰੇ ਪਬਲਿਕ ਇਨਕੁਆਰੀ ਕਰਵਾਈ ਜਾਵੇ

2011-12 ਦਾ ਉਹ ਸਮਾਂ ਕਈਆਂ ਨੂੰ ਚੇਤੇ ਹੋਵੇਗਾ ਜਦੋਂ ਟੈਲੀਵੀਜ਼ਨ ਚੈਨਲਾਂ ਉੱਤੇ ਆਰ ਸੀ ਐਮ ਪੀ (RCMP) ਦੀ ਅਫ਼ਸਰ ਕਾਰਪੋਰਲ ਕੈਥਰੀਨ ਗਲੀਫੋਰਡ ਆਰ ਸੀ ਐਮ ਪੀ ਦੀ ਅਧਿਕਾਰਤ ਬੁਲਾਰਾ ਭਾਵ ਸਪੋਕਸਮੈਨ ਹੋਇਆ ਕਰਦੀ ਸੀ। ਇਹ ਕਾਰਪੋਰਲ ਕੈਥਰੀਨ ਹੀ ਸੀ ਜਿਸਨੇ ਉਹਨਾਂ ਦਿਨਾਂ ਵਿੱਚ ਸੀਰੀਅਲ ਕਿੱਲਰ (serial killer)  ਰੌਬਰਟ ਪਿਕਟਨ ਜਾਂ ਏਅਰ ਇੰਡੀਆਂ ਫਲਾਈਟ 182 ਬੰਬ ਕਾਂਡ ਕੇਸ ਵਿੱਚ ਦੋਸੀਆਂ ਵਿਰੁੱਧ ਆਇਤ ਕੀਤੇ ਜਾਣ ਵਰਗੇ ਮਹੱਤਵਪੂਰਣ ਕੇਸਾਂ ਦੀ ਜਾਣਕਾਰੀ ਜਨਤਕ ਰੂਪ ਵਿੱਚ ਕੈਨੇਡਾ ਵਾਸੀਆਂ ਨਾਲ ਸਾਂਝੀ ਕੀਤੀ ਸੀ। ਉਸਦੀਆਂ ਅਖਬਾਰਾਂ ਵਿੱਚ ਛਪੀਆਂ ਫੋਟੋਆਂ ਅਤੇ ਟੈਲੀਵਿਜ਼ਨ ਉੱਤੇ ਹੋਈਆਂ ਮੁਲਾਕਾਤਾਂ ਵੇਖ ਕੇ ਆਮ ਕੈਨੇਡੀਅਨ ਦੇ ਮਨ ਵਿੱਚ ਉਸਦੀ ਨੌਕਰੀ ਬਾਰੇ ਰਸ਼ਕ ਆਉਂਦਾ ਹੋਵੇਗਾ।

ਇਸਦੇ ਉਲਟ ਕੈਥਰੀਨ ਆਪਣੀ ਨੌਕਰੀ ਤੋਂ ਬੇਹੱਦ ਤੰਗ ਸੀ ਕਿਉਂਕਿ ਉਸਨੂੰ ਨਿੱਤ ਦਿਨ ਆਪਣੇ ਸਾਥੀ ਮਰਦ ਅਫ਼ਸਰਾਂ ਹੱਥੋਂ ਸੈਕਸੁਅਲ ਹੈਰਾਸਮੈਂਟ (sexual harrasment) ਝੱਲਣੀ ਪੈਂਦੀ ਸੀ। ਆਰ ਸੀ ਐਮ ਪੀ ਵਿਰੁੱਧ ਅਦਾਲਤ ਵਿੱਚ ਕੇਸ ਕਰਨ ਤੋਂ ਬਾਅਦ ਇੱਕ ਇੰਟਰਵਿਊ ਵਿੱਚ ਕੈਥਰੀਨ ਨੇ ਕਿਹਾ ਸੀ ਕਿ ਜੇ ਮੈਂ ਉਹ ਉਸ ਹਰ ਵਾਰਦਾਤ ਦੀ ਕੀਮਤ 10 ਸੈਂਟ ਲਾਵੇ ਜਿਸ ਵਿੱਚ ਉਸਦੇ ਸੀਨੀਅਰ ਅਫ਼ਸਰ ਨੇ ਉਸਨੂੰ ਗੋਦ ਵਿੱਚ ਬੈਠਣ ਲਈ ਕਿਹਾ ਜਾਂ ਸਿੱਧਾ ਅੱਸਿਧਾ ਸੈਕਸ ਕਰਨ ਲਈ ਇਸ਼ਾਰਾ ਕੀਤਾ ਤਾਂ ਉਸ ਕੋਲ 10-10 ਸੈਂਟਾਂ ਨਾਲ ਵੀ ਕਈ ਹਜ਼ਾਰ ਡਾਲਰ ਜਮਾਂ ਹੋ ਜਾਣੇ ਸਨ ਕਿ ਬਾਹਾਮਸ ਵਿੱਚ ਜਾ ਕੇ ਛੁੱਟੀਆਂ ਮਨਾ ਸਕਦੀ ਸੀ। ਇਹ ਬਿਆਨ ਆਰ ਸੀ ਐਮ ਪੀ ਵਿੱਚ ਪਾਈ ਜਾਂਦੀ ਧੱਕੇਸ਼ਾਂਹੀ ਦੀ ਸਥਿਤੀ ਨੂੰ ਬਿਆਨਦਾ ਹੈ।

ਆਰ ਸੀ ਐਮ ਪੀ ਦੀ ਇਸ ਸਥਿਤੀ ਦਾ ਸਿ਼ਖਰ ਪਰਸੋਂ ਦੋ ਆਰ ਸੀ ਐਮ ਪੀ ਅਫ਼ਸਰਾਂ ਵੱਲੋਂ ਕੀਤਾ ਗਿਆ ਮੁੱਕਦਮਾ ਹੈ ਜਿਸ ਵਿੱਚ ਆਰ ਸੀ ਐਮ ਪੀ ਅੰਦਰ ਵਿਤਕਰਾ, ਧੱਕੇਸ਼ਾਹੀ ਅਤੇ ਰਿਸ਼ਵਤ ਦਾ ਮਾਹੌਲ ਹੋਣ ਦਾ ਦੋਸ਼ ਲਾਇਆ ਗਿਆ ਹੈ। ਮੁੱਕਦਮਾ ਕਰਨ ਵਾਲੇ ਦੋ ਮਰਦ ਅਫ਼ਸਰ ਹਨ ਜਿਹਨਾਂ ਨੇ ਸਰਕਾਰ ਤੋਂ ਹਰਜਾਨੇ ਵਜੋਂ 1.1 ਬਿਲੀਅਨ ਡਾਲਰ ਅਦਾ ਕਰਨ ਦੀ ਮੰਗ ਕੀਤੀ ਹੈ। ਜੇ ਇਹ ਮੁੱਕਦਮਾ ਪੁਲੀਸ ਦੇ ਵਿਰੁੱਧ ਚਲਾ ਜਾਂਦਾ ਹੈ ਤਾਂ ਇਸਦਾ ਦਾਇਰਾ ਐਨਾ ਵੱਡਾ ਹੈ ਕਿ ਤਕਰੀਬਨ ਆਰ ਸੀ ਐਮ ਪੀ ਦੇ ਹਰੇਕ ਕਰਮਚਾਰੀ (ਵਰਦੀਧਾਰੀ ਅਫ਼ਸਰ, ਸਿਵਲੀਅਨ ਸਟਾਫ ਅਤੇ ਇੱਥੋਂ ਤੱਕ ਕਿ ਵਾਲੰਟੀਅਰ ਵੀ) ਦੀ ਇਹ ਤਰਫ਼ਦਾਰੀ ਕਰੇਗਾ।

ਚੇਤੇ ਰਹੇ ਕਿ 2016 ਵਿੱਚ ਆਰ ਸੀ ਐਮ ਪੀ ਦੀਆਂ 3100 ਔਰਤ ਮੁਲਾਜ਼ਮਾਂ ਨੇ ਵਿਤਕਰੇ ਅਤੇ ਸੈਕਸੁਅਲ ਹੈਰਾਸਮੈਂਟ ਦਾ ਮੁੱਕਦਮਾ ਕੀਤਾ ਸੀ ਜਿਸ ਵਿੱਚ ਸਰਕਾਰ ਨੇ 100 ਮਿਲੀਅਨ ਡਾਲਰ ਦੀ ਸੈਟਲਮੈਂਟ ਕੀਤੀ ਸੀ। ਉਸ ਵੇਲੇ ਤਤਕਾਲੀ ਆਰ ਸੀ ਐਮ ਪੀ ਕਮਿਸ਼ਨਰ ਬੌਬ ਪਾਲਸਨ ਨੇ ਹਾਊਸ ਆਫ ਕਾਮਨਜ਼ ਦੀ ਕਮੇਟੀ ਕੋਲ ਕਬੂਲ ਕੀਤਾ ਸੀ ਕਿ ਪੁਲੀਸ ਫੋਰਸ ਵਿੱਚ ਵਿਤਕਰੇ ਅਤੇ ਧੱਕੇ ਦਾ ਕਲਚਰ ਮੌਜੂਦ ਹੈ। ਪੱਤਰਕਾਰਾਂ ਸਾਹਮਣੇ ਬੌਬ ਪਾਲਸਨ ਨੇ ਰੋ ਰੋ ਕੇ ਪੁਲੀਸ ਫੋਰਸ ਵਿੱਚ ਪਾਏ ਜਾਂਦੇ ਕਲਚਰ ਦੀ ਗੱਲ ਕੀਤੀ ਸੀ।

ਪਰਸੋਂ ਕੀਤੇ ਗਏ ਮੁੱਕਦਮੇ ਵਿੱਚ ਸਿਰਫ਼ ਵਿਤਕਰੇ, ਨਸਲੀ ਧੱਕੇ, ਜਿਣਸੀ ਸੋਸ਼ਣ ਦੇ ਹੀ ਦੋਸ਼ ਨਹੀਂ ਸਗੋਂ ਪੁਲੀਸ ਵਿੱਚ ਪੈਦਾ ਹੋ ਚੁੱਕੇ ਰਿਸ਼ਵਤ ਦੇ ਕਲਚਰ ਦਾ ਵੀ ਜਿ਼ਕਰ ਹੈ। ਅੰਡਰ-ਕਵਰ ਅਫ਼ਸਰਾਂ ਨੂੰ ਕੇਸ ਬੰਦ ਕਰਨ ਜਾਂ ਬਦਲਣ ਲਈ 60 ਹਜ਼ਾਰ ਡਾਲਰ ਤੱਕ ਰਿਸ਼ਵਤ ਪੇਸ਼ ਕੀਤੇ ਜਾਣ ਦੀਆਂ ਮਿਸਾਲਾਂ ਅਦਾਲਤ ਵਿੱਚ ਦਰਜ਼ ਕੀਤੀਆਂ ਗਈਆਂ ਹਨ। ਕਈ ਵਾਰ ਅਸੀਂ ਪਰਵਾਸੀ ਸੋਚਦੇ ਹਾਂ ਕਿ ਸ਼ਾਇਦ ਭਾਰਤ ਜਾਂ ਪੰਜਾਬ ਵਿੱਚ ਪੁਲੀਸ ਦੇ ਹਾਲਾਤ ਮਾੜੇ ਹਨ।

ਇਸ ਸਾਲ ਪ੍ਰਧਾਨ ਮੰਤਰੀ ਨੇ ਬਹੁਤ ਧੁਮ ਧੱੜਕੇ ਨਾਲ ਇੱਕ ਔਰਤ ਅਫ਼ਸਰ ਬਰੈਂਡਾ ਲੱਕੀ ਨੂੰ ਆਰ ਸੀ ਐਮ ਪੀ ਦਾ ਮੁਖੀ ਥਾਪਿਆ ਸੀ। ਆਪਣੀ ਨਿਯੁਕਤੀ ਤੋਂ ਬਾਅਦ ਬਰੈਂਡਾ ਜਦੋਂ ਪਹਿਲੀ ਵਾਰ ਹਾਊਸ ਆਫ ਕਾਮਨਜ਼ ਵਿੱਚ ਪੇਸ਼ ਹੋਈ ਤਾਂ ਇੱਕ ਲਿਬਰਲ ਔਰਤ ਐਮ ਪੀ ਮਿਸ਼ੇਲ ਪਿਕਾਰਡ ਨੇ ਸਿੱਧਾ ਸੁਆਲ ਕੀਤਾ ਸੀ ਕਿ ਤੂੰ ਔਰਤ ਹੋਣ ਦੇ ਨਾਤੇ ਪੁਲੀਸ ਦੇ ਵਿਗੜੇ ਮਰਦ ਅਫਸਰਾਂ ਨਾਲ ਕਿਵੇਂ ਸਿੱਝੇਂਗੀ? ਬਰੈਂਡਾ ਇੱਕ ਸੁਲਝੀ ਅਤੇ ਬਹੁਤ ਅਨੁਭਵੀ ਅਫ਼ਸਰ ਹੈ ਪਰ ਪੁਲੀਸ ਦੇ ਕਲਚਰ ਨੂੰ ਬਦਲਣ ਲਈ ਇੱਕ ਕੱਲੀ ਕਾਰੀ ਅਫ਼ਸਰ ਨਹੀਂ ਸਗੋਂ ਵੱਡੀਆਂ ਤਬਦੀਲੀਆਂ ਦੀ ਲੋੜ ਹੈ। ਕਾਰਲਟਨ ਯੂਨੀਵਰਸਿਟੀ ਵਿਖੇ ਕ੍ਰਿਮੀਨਾਲੋਜੀ ਦੇ ਪ੍ਰੋਫੈਸਰ ਡੈਰਿਲ ਡੇਵੀਸ ਦਾ ਆਖਣਾ ਹੈ ਕਿ ਆਰ ਸੀ ਐਮ ਪੀ ਵਿੱਚ ਸੁਧਾਰਾਂ ਲਈ ਪਿਛਲੇ ਦੋ ਸਾਲਾਂ ਵਿੱਚ ਬਣਦੇ ਕਦਮ ਨਾ ਚੁੱਕਣ ਲਈ ਪਬਲਿਕ ਸੇਫਟੀ ਮੰਤਰੀ ਰਾਲਫ ਗੁੱਡੇਲ ਨੂੰ ਆਪਣੀ ਗਲਤੀ ਮੰਨਣੀ ਚਾਹੀਦੀ ਹੈ। ਨਾਲ ਹੀ ਮੰਤਰੀ ਗੁੱਡੇਲ ਨੂੰ ਪਬਲਿਕ ਇਨਕੁਆਰੀ ਕਰਵਾਉਣ ਦਾ ਐਲਾਨ ਜਲਦ ਤੋਂ ਜਲਦ ਕਰਨਾ ਚਾਹੀਦਾ ਹੈ। ਆਰ ਸੀ ਐਮ ਪੀ ਦੇ ਹਾਲਾਤਾਂ ਨੂੰ ਵੇਖਦੇ ਹੋਏ ਡੈਰਿਲ ਡੇਵੀਸ ਦੇ ਸੁਝਾਅ ਨਾਲ ਸਹਿਮਤ ਹੋਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਜਾਪਦਾ।