ਆਰ ਟੀ ਆਈ ਰਾਹੀਂ ਸਵਾਲ ਉੱਠ ਪਿਆ: 19 ਲੱਖ ਵੋਟਿੰਗ ਮਸ਼ੀਨਾਂ ਕਿੱਥੇ ਗਈਆਂ!


ਨਵੀਂ ਦਿੱਲੀ, 12 ਅਪ੍ਰੈਲ (ਪੋਸਟ ਬਿਊਰੋ)- ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ ਵੀ ਐੱਮ) ਦੀ ਖਰੀਦ ਵਿੱਚ ਧਾਂਦਲੀ ਪਤਾ ਲੱਗੀ ਹੈ। ਸੂਚਨਾ ਅਧਿਕਾਰ (ਆਰ ਟੀ ਆਈ) ਹੇਠ ਮੰਗੀ ਗਈ ਜਾਣਕਾਰੀ ਵਿੱਚ ਈ ਵੀ ਐਮ ਸਪਲਾਈ ਕਰਨ ਵਾਲੀਆਂ ਦੋ ਕੰਪਨੀਆਂ ਤੇ ਚੋਣ ਕਮਿਸ਼ਨ ਦੇ ਅੰਕੜਿਆਂ ਵਿੱਚ ਫਰਕ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਇਕ ਆਰ ਟੀ ਆਈ ਅਰਜ਼ੀ ਰਾਹੀਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕੰਪਨੀਆਂ ਨੇ ਜਿੰਨੀਆਂ ਮਸ਼ੀਨਾਂ ਦੀ ਸਪਲਾਈ ਕੀਤੀ ਦੱਸੀ ਅਤੇ ਚੋਣ ਕਮਿਸ਼ਨ ਨੂੰ ਜਿੰਨੀਆਂ ਵੋਟਿੰਗ ਮਸ਼ੀਨਾਂ ਮਿਲੀਆਂ ਹਨ, ਉਨ੍ਹਾਂ ਵਿੱਚ ਲਗਭਗ 19 ਲੱਖ ਮਸ਼ੀਨਾਂ ਦਾ ਫਰਕ ਹੈ। ਚੋਣ ਕਮਿਸ਼ਨ ਦੋ ਜਨਤਕ ਖੇਤਰ ਦੀਆਂ ਕੰਪਨੀਆਂ ਕੋਲੋਂ ਇਹ ਮਸ਼ੀਨਾਂ ਖਰੀਦਦਾ ਹੈ। ਇਨ੍ਹਾਂ ਵਿੱਚੋਂ ਇੱਕ ਇਲੈਕਟ੍ਰਾਨਿਕ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਹੈਦਰਾਬਾਦ ਤੇ ਦੂਜੀ ਭਾਰਤੀ ਹੈਵੀ ਇਲੈਕਟ੍ਰਾਨਿਕ ਲਿਮਟਿਡ ਬੰਗਲੌਰ ਹੈ। ਇਹ ਆਰ ਟੀ ਆਈ ਅਰਜ਼ੀ ਮੁੰਬਈ ਦੇ ਐੱਸ ਰਾਏ ਨੇ ਲਾਈ ਸੀ। ਇਸ ਦੇ ਜਵਾਬ ਵਿੱਚ ਜੋ ਜਾਣਕਾਰੀ ਮਿਲੀ, ਉਸ ਵਿੱਚ ਭਾਰੀ ਫਰਕ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਇੱਕ ਵੱਡੀ ਗੁੱਥੀ ਹੈ, ਜੋ ਉਲਝਦੀ ਜਾ ਰਹੀ ਹੈ ਅਤੇ 19 ਲੱਖ ਮਸ਼ੀਨਾਂ ਦਾ ਪਤਾ ਨਹੀਂ ਚੱਲ ਰਿਹਾ।