ਆਰ ਐੱਸ ਐੱਸ ਮੁਖੀ ਨੇ ਕਿਹਾ: ਨਰਿੰਦਰ ਮੋਦੀ ਵੱਲੋਂ ‘ਕਾਂਗਰਸ ਮੁਕਤ ਭਾਰਤ’ ਕਹਿਣਾ ਸਿਰਫ ਜੁਮਲਾ


ਪੁਣੇ, 2 ਅਪ੍ਰੈਲ (ਪੋਸਟ ਬਿਊਰੋ)- ਆਰ ਐਸ ਐਸ ਮੁਖੀ ਮੋਹਨ ਭਾਗਵਤ ਨੇ ਕੱਲ੍ਹ ਸੰਘ ਦੇ ਚਰਿੱਤਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ‘ਕਾਂਗਰਸ ਮੁਕਤ ਭਾਰਤ’ ਦਾ ਨਾਅਰਾ ਸਿਰਫ ਇਕ ਸਿਆਸੀ ਜੁਮਲਾ ਹੈ ਅਤੇ ਇਹ ਆਰ ਐਸ ਐਸ ਦੀ ਭਾਸ਼ਾ ਬਿਲਕੁਲ ਨਹੀਂ ਆਖਿਆ ਜਾ ਸਕਦਾ।
ਸਾਲ 1983 ਬੈਚ ਦੇ ਆਈ ਆਰ ਐਸ ਅਫਸਰ ਅਤੇ ਵਿਦੇਸ਼ ਮੰਤਰਾਲੇ ਦੇ ਸਕੱਤਰ (ਕਾਊਂਸਲਰ, ਪਾਸਪੋਰਟ, ਵੀਜ਼ਾ ਤੇ ਓਵਰਸੀਜ਼ ਇੰਡੀਅਨ ਅਫੇਅਰਜ਼) ਦਯਾਨੇਸ਼ਵਰ ਮੁਲੇ ਦੀਆਂ ਛੇ ਕਿਤਾਬਾਂ ਰਿਲੀਜ਼ ਕਰਨ ਮੌਕੇ ਸੰਘ ਦੇ ਮੁਖੀ ਨੇ ਕਿਹਾ ਕਿ ‘ਮੁਕਤ’ ਸ਼ਬਦ ਦੀ ਵਰਤੋਂ ਰਾਜਨੀਤੀ ਵਿੱਚ ਕੀਤੀ ਜਾਂਦੀ ਹੈ। ਸੰਘ ਕਦੇ ਵੀ ਕਿਸੇ ਨੂੰ ਛੱਡਣ ਦੀ ਭਾਸ਼ਾ ਦੀ ਵਰਤੋਂ ਨਹੀਂ ਕਰਦਾ, ਸਗੋਂ ਦੇਸ਼ ਦੇ ਨਿਰਮਾਣ ਦੀ ਪ੍ਰਕਿਰਿਆ ਵਿੱਚ ਸਭ ਨੂੰ ਸ਼ਾਮਲ ਕਰਨਾ ਚਾਹੁੰਦਾ ਹੈ ਅਤੇ ਇਸ ਵਿੱਚ ਉਹ ਲੋਕ ਵੀ ਸ਼ਾਮਲ ਹਨ, ਜਿਹੜੇ ਸੰਘ ਦਾ ਵਿਰੋਧ ਕਰਦੇ ਹਨ।
ਵਰਨਣ ਯੋਗ ਹੈ ਕਿ ਫਰਵਰੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਲੀਮੈਂਟ ਵਿੱਚ ਕਿਹਾ ਸੀ ਕਿ ਉਹ ਮਹਾਤਮਾ ਗਾਂਧੀ ਦੇ ‘ਕਾਂਗਰਸ ਮੁਕਤ ਭਾਰਤ’ ਦੇ ਸੁਪਨੇ ਨੂੰ ਸਾਕਾਰ ਕਰਨਾ ਚਾਹੁੰਦੇ ਹਨ। ਉਨ੍ਹਾਂ ਦੇਸ਼ ਦੀ ਇਸ ਸਭ ਤੋਂ ਪੁਰਾਣੀ ਪਾਰਟੀ ਉਤੇ ਸੱਤਾ ਵਿੱਚ ਰਹਿੰਦੇ ਹੋਏ ਦੇਸ਼ ਦੇ ਵਿਕਾਸ ਦੀ ਕੀਮਤ ‘ਤੇ ਗਾਂਧੀ ਪਰਵਾਰ ਦਾ ਗੁਣਗਾਨ ਕਰਨ ਦਾ ਵੀ ਦੋਸ਼ ਲਾਇਆ ਸੀ। ਕੱਲ੍ਹ ਮੋਹਣ ਭਾਗਵਤ ਨੇ ਬਦਲਾਅ ਲਿਆਉਣ ਲਈ ਸਕਾਰਾਤਮਕ ਵਿਚਾਰਧਾਰਾ ‘ਤੇ ਬਲ ਦਿੰਦੇ ਹੋਏ ਕਿਹਾ ਕਿ ਨਕਾਰਾਤਮਕ ਵਿਚਾਰਧਾਰਾ ਵਾਲੇ ਲੋਕ ਸਿਰਫ ਸੰਘਰਸ਼ ਅਤੇ ਵੰਡ ਦੇ ਬਾਰੇ ਸੋਚ ਸਕਦੇ ਹਨ, ਅਜਿਹੇ ਲੋਕ ਦੇਸ਼ ਨਿਰਮਾਣ ਦੀ ਪ੍ਰਕਿਰਿਆ ਲਈ ਕਦੇ ਉਪਯੋਗੀ ਨਹੀਂ ਹਨ। ਸੰਘ ਮੁਖੀ ਨੇ ਕਿਹਾ ਕਿ ਜੇ ਕਿਸੇ ਨੂੰ ਖੁਦ ਉਤੇ, ਆਪਣੇ ਪਰਵਾਰ ਉੱਤੇ ਅਤੇ ਦੇਸ਼ ਉੱਤੇ ਭਰੋਸਾ ਹੈ, ਉਹੀ ਵਿਅਕਤੀ ਦੇਸ਼ ਨਿਰਮਾਣ ਦੀ ਪ੍ਰਕਿਰਿਆ ਦੀ ਦਿਸ਼ਾ ਵਿੱਚ ਕੰਮ ਕਰ ਸਕਦਾ ਹੈ। ਇਹ ਸੰਘ ਦੀ ਸੋਚ ਹੈ।