ਆਰ ਐੱਸ ਐੱਸ ਦੇ ਸੱਦੇ ਉੱਤੇ ਗਏ ਪ੍ਰਣਬ ਮੁਕਰਜੀ ਆਪਣਾ ਸਬਕ ਪੜ੍ਹਾ ਕੇ ਤੁਰ ਆਏ


* ਅਸਹਿਣਸ਼ੀਲਤਾ ਵਾਲੀ ਦਿੱਖ ਨਾਲ ਦੇਸ਼ ਕਮਜ਼ੋਰ ਹੋਵੇਗਾ ਕਮਜ਼ੋਰ: ਪ੍ਰਣਬ
* ਕਾਂਗਰਸ ਨੇ ਪੁੱਛਿਆ: ਕੀ ਸੰਘ ਮੁਖ਼ਰਜੀ ਦੀ ਸਲਾਹ ਵੀ ਮੰਨੇਗਾ
ਨਾਗਪੁਰ, 7 ਜੂਨ, (ਪੋਸਟ ਬਿਊਰੋ)- ਸਾਬਕਾ ਰਾਸ਼ਟਰਪਤੀ ਅਤੇ ਸੀਨੀਅਰ ਕਾਂਗਰਸ ਆਗੂ ਪ੍ਰਣਬ ਮੁਖਰਜੀ ਨੇ ਅੱਜ ਚਿਤਾਵਨੀ ਦਿੱਤੀ ਹੈ ਕਿ ਧਰਮ ਤੇ ਅਸਹਿਣਸ਼ੀਲਤਾ ਨਾਲ ਭਾਰਤ ਦੀ ਦਿੱਖ ਪੇਸ਼ ਕਰਨ ਦੀ ਕੋਈ ਵੀ ਕੋਸ਼ਿਸ਼ ਇਸ ਦੇਸ਼ ਦੀ ਹੋਂਦ ਕਮਜ਼ੋਰ ਕਰੇਗੀ। ਵਰਨਣ ਯੋਗ ਹੈ ਕਿ ਪ੍ਰਣਬ ਮੁਕਰਜੀ ਨੇ ਆਪਣੀ ਧੀ ਤੇ ਕਾਂਗਰਸ ਪਾਰਟੀ ਦੇ ਕਈ ਆਗੂਆਂ ਦੀਆਂ ਵਿਰੋਧੀ ਟਿਪਣੀਆਂ ਦੇ ਬਾਵਜੂਦ ਆਰ ਐਸ ਐਸ ਦੇ ਸਮਾਗਮ ਵਿੱਚ ਹਾਜ਼ਰੀ ਭਰੀ ਸੀ।
ਅੱਜ ਦੇ ਆਰ ਐੱਸ ਐੱਸ ਦੇ ਇਸ ਵਿਸ਼ੇਸ਼ ਸਮਾਗਮ ਦੌਰਾਨ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਕਰਜੀ ਨੇ ਆਖਿਆ ਕਿ ਅਸਹਿਣਸ਼ੀਲਤਾ ਭਾਰਤ ਦੀ ਕੌਮੀ ਪਛਾਣ ਨੂੰ ਢਾਹ ਲਾਏਗੀ, ਕਿਉਂਕਿ ਭਾਰਤ ਦਾ ਰਾਸ਼ਟਰਵਾਦ ਇਸ ਦੀ ਸਹਿ-ਹੋਂਦ, ਵਿਆਪਕਤਾ ਤੇ ਸਮਾਨਤਾ ਵਿੱਚੋਂ ਨਿਕਲਿਆ ਹੈ। ਪ੍ਰਣਬ ਨੇ ਕਿਹਾ, ‘ਭਾਰਤ ਵਿੱਚ ਅਸੀਂ ਸਹਿਣਸ਼ੀਲਤਾ ਤੋਂ ਤਾਕਤ ਹਾਸਲ ਕਰਦੇ ਹਾਂ ਅਤੇ ਏਥੇ ਬਹੁਲਵਾਦ ਦਾ ਸਤਿਕਾਰ ਹੁੰਦਾ ਹੈ। ਅਸੀਂ ਵਿਭਿੰਨਤਾ ਦਾ ਜਸ਼ਨ ਵੀ ਮਨਾਉਂਦੇ ਹਾਂ।’ ਸਾਲ 2012 ਤੋਂ 2017 ਦੌਰਾਨ ਭਾਰਤ ਦੇ ਰਾਸ਼ਟਰਪਤੀ ਰਹਿ ਚੁੱਕੇ ਪ੍ਰਣਬ ਮੁਖਰਜੀ ਨੇ ਆਖਿਆ ਕਿ ਉਹ ਇਥੇ ਆਪਣੇ ਦੇਸ਼, ਜਿਸ ਨੂੰ ਭਾਰਤ ਆਖਦੇ ਹਨ, ਬਾਰੇ ਰਾਸ਼ਟਰ, ਰਾਸ਼ਟਰਵਾਦ ਤੇ ਦੇਸ਼ਭਗਤੀ ਬਾਰੇ ਵਿਚਾਰ ਸਾਂਝੇ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਖੁੱਲ੍ਹ ਕੇ ਬੋਲਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਤੇ ਲੋਕ ਆਪਣੇ ਵਿਚਾਰ ਰੱਖਣ ਲਈ ਹਰ ਤਰ੍ਹਾਂ ਦੇ ਡਰ ਤੇ ਹਿੰਸਾ ਤੋਂ ਮੁਕਤ ਹੋਣੇ ਚਾਹੀਦੇ ਹਨ। ਭਾਸ਼ਣ ਦੇਣ ਤੋਂ ਪਹਿਲਾਂ ਪ੍ਰਣਬ ਮੁਖਰਜੀ ਨੇ ਆਰ ਐਸ ਐਸ ਦੇ ਬਾਨੀ ਕੇਸ਼ਵ ਬਲੀਰਾਮ ਹੈਡਗੇਵਾਰ ਦੇ ਜਨਮ ਅਸਥਾਨ ਦਾ ਦੌਰਾ ਕਰਕੇ ਉਨ੍ਹਾਂ ਨੂੰ ‘ਭਾਰਤ ਦਾ ਮਹਾਨ ਸਪੂਤ’ ਐਲਾਨ ਕੀਤਾ।
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਕਰਜੀ ਦੇ ਭਾਸ਼ਣ ਤੋਂ ਪਹਿਲਾਂ ਆਰ ਐਸ ਐਸ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਪ੍ਰਣਬ ਮੁਖਰਜੀ ਵੱਲੋਂ ਆਰ ਐਸ ਐਸ ਦੇ ਸਮਾਗਮ ਵਿੱਚ ਸ਼ਾਮਲ ਹੋਣ ਦੇ ਫ਼ੈਸਲੇ ਦੀ ਬਹਿਸ ਅਰਥਹੀਣ ਹੈ ਤੇ ਉਨ੍ਹਾਂ ਦੀ ਜਥੇਬੰਦੀ ਲਈ ਕੋਈ ਵੀ ਬਾਹਰਲਾ ਨਹੀਂ ਹੈ। ਭਾਗਵਤ ਨੇ ਕਿਹਾ, ‘ਮੁਖਰਜੀ ਉਹੀ ਰਹਿਣਗੇ, ਜੋ ਉਹ ਹਨ ਅਤੇ ਇਸ ਸਮਾਗਮ ਤੋਂ ਬਾਅਦ ਸੰਘ ਵੀ ਸੰਘ ਹੀ ਰਹੇਗਾ। ਲੋਕਾਂ ਦੇ ਭਾਵੇਂ ਵੱਖਰੇ ਵਿਚਾਰ ਹੋਣ, ਪਰ ਉਹ ਸਾਰੇ ਭਾਰਤ ਮਾਂ ਦੇ ਬੱਚੇ ਹਨ।’ ਉਨ੍ਹਾਂ ਕਿਹਾ ਕਿ ਹਰ ਸਾਲ ਸਮਾਗਮ ਵਿੱਚ ਆਰ ਐੱਸ ਐੱਸ ਵੱਲੋਂ ਅਹਿਮ ਹਸਤੀਆਂ ਨੂੰ ਸੱਦਾ ਦਿੱਤਾ ਜਾਂਦਾ ਹੈ ਅਤੇ ਇਸ ਤਰ੍ਹਾਂ ਦੇ ਸਮਾਗਮ ਵਿੱਚ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਪੁੱਤਰ ਸੁਨੀਲ ਸ਼ਾਸਤਰੀ, ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਰਿਸ਼ਤੇਦਾਰ ਅਰਧੇਂਦੂ ਬੋਸ, ਉਨ੍ਹਾਂ ਦੀ ਪਤਨੀ ਅਤੇ ਪੁੱਤਰ ਨੇ ਵੀ ਹਾਜ਼ਰੀ ਭਰੀ ਹੋਈ ਹੈ।
ਇਸ ਦੇ ਬਾਅਦ ਅੱਜ ਸ਼ਾਮ ਕਾਂਗਰਸ ਨੇ ਆਰ ਐੱਸ ਐੱਸ ਅਤੇ ਭਾਜਪਾ ਨੂੰ ਪੁੱਛ ਲਿਆ ਹੈ ਕਿ ਕੀ ਉਹ ਸਾਬਕਾ ਰਾਸ਼ਟਰਪਤੀ ਵੱਲੋਂ ਦਿੱਤੀ ਸਿਆਣੀ ਸਲਾਹ ਅਨੁਸਾਰ ਆਪਣੇ ਕਿਰਦਾਰ, ਵਿਚਾਰਧਾਰਾ ਤੇ ਟੀਚੇ ਬਦਲਣ ਲਈ ਤਿਆਰ ਹੋਣਗੇ। ਕਾਂਗਰਸ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਨੇ ਆਰ ਐੱਸ ਐੱਸ ਨੂੰ ਅਸਲ ਸ਼ੀਸ਼ਾ ਦਿਖਾਇਆ ਹੈ। ਇਸ ਸੰਬੰਧ ਵਿੱਚ ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਪ੍ਰਣਬ ਮੁਖਰਜੀ ਨੇ ਆਰ ਐੱਸ ਐੱਸ ਹੈੱਡਕੁਆਰਟਰ ਵਿੱਚ ਦਿੱਤੇ ਆਪਣੇ ਭਾਸ਼ਣ ਵਿੱਚ ਦੇਸ਼ ਦੇ ਬਹੁਲਵਾਦ, ਸ਼ਹਿਣਸ਼ੀਲਤਾ ਅਤੇ ਅਨੇਕਤਾ ਵਿੱਚ ਏਕਤਾ ਤੇ ਸ਼ਾਂਤੀ ਵਰਗੇ ਸੰਕਲਪਾਂ ਦੀ ਯਾਦ ਦਿਵਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਾਬਕਾ ਰਾਸ਼ਟਰਪਤੀ ਵੱਲੋਂ ਦਿੱਤੀ ਕੀਮਤੀ ਸਲਾਹ ਉੱਤੇ ਸੰਘ ਦੇ ਮੁਖੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਵਾਬ ਦੀ ਉਡੀਕ ਰਹੇਗੀ।
ਉਂਜ ਪ੍ਰਣਬ ਮੁਕਰਜੀ ਦੇ ਇਸ ਸਮਾਗਮ ਵਿੱਚ ਜਾਣ ਤੋਂ ਪਹਿਲਾਂ ਕਾਂਗਰਸ ਨੇ ਕਿਹਾ ਸੀ ਕਿ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਆਰ ਐਸ ਐਸ ਹੈੱਡਕੁਆਰਟਰ ਦੇ ਦੌਰੇ ਨਾਲ ਪਾਰਟੀ ਦੇ ਉਨ੍ਹਾਂ ਲੱਖਾਂ ਵਰਕਰਾਂ ਨੂੰ ਨਿਰਾਸ਼ਾ ਹੋਈ ਹੈ, ਜਿਹੜੇ ਭਾਰਤੀ ਗਣਰਾਜ ਦੇ ਬਹੁਲਵਾਦ ਤੇ ਵਿਭਿੰਨਤਾ ਵਿੱਚ ਵਿਸ਼ਵਾਸ ਰੱਖਦੇ ਹਨ। ਕਾਂਗਰਸ ਦੇ ਬੁਲਾਰੇ ਆਨੰਦ ਸ਼ਰਮਾ ਨੇ ਟਵਿੱਟਰ ਉੱਤੇ ਆਪਣੀ ਨਾਰਾਜ਼ਗੀ ਜਤਾਈ ਤੇ ਕਿਹਾ ਸੀ ਕਿ ਵਾਰਤਾ ਉਨ੍ਹਾਂ ਨਾਲ ਸੰਭਵ ਹੈ, ਜਿਹੜੇ ਦੂਜਿਆਂ ਦੀ ਗੱਲ ਸੁਣਨ ਤੇ ਬਦਲਣ ਦੀ ਇੱਛਾ ਰੱਖਦੇ ਹਨ। ਆਰ ਐਸ ਐਸ ਦੇ ਆਪਣੇ ਏਜੰਡੇ ਤੋਂ ਹਟਣ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲਦੀ। ਯੂ ਪੀ ਏ ਦੀ ਚੇਅਰਪਰਸਨ ਸੋਨੀਆ ਗਾਂਧੀ ਦੇ ਨੇੜਲੇ ਆਗੂ ਅਹਿਮਦ ਪਟੇਲ ਨੇ ਟਵਿੱਟਰ ਉੱਤੇ ਕਿਹਾ ਸੀ ਕਿ ਉਹ ‘ਪ੍ਰਣਬ ਦਾ’ ਤੋਂ ਅਜਿਹੀ ਆਸ ਨਹੀਂ ਰੱਖ ਸਕਦੇ ਸਨ। ਕਾਂਗਰਸ ਪਾਰਟੀ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਇਕ ਵੀਡਿਓ ਅਤੇ ਲੇਖ ਵੀ ਪਾਇਆ ਸੀ, ਜਿਸ ਵਿੱਚ ਆਰ ਐਸ ਐਸ ਬਾਰੇ ਵਿਚਾਰ ਜਤਾਏ ਗਏ ਹਨ। ਪ੍ਰਣਬ ਮੁਖਰਜੀ ਦੀ ਧੀ ਅਤੇ ਕਾਂਗਰਸ ਆਗੂ ਸ਼ਰਮਿਸ਼ਠਾ ਨੇ ਵੀ ਆਪਣੇ ਪਿਤਾ ਨੂੰ ਆਰ ਐਸ ਐਸ ਦਫ਼ਤਰ ਨਾ ਜਾਣ ਦੀ ਅਪੀਲ ਕੀਤੀ ਸੀ।
ਦੂਸਰੇ ਪਾਸੇ ਖੱਬੀਆਂ ਧਿਰਾਂ ਨੇ ਪ੍ਰਣਬ ਮੁਕਰਜੀ ਦੇ ਭਾਸ਼ਣ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਪ੍ਰਣਬ ਆਰ ਐੱਸ ਐੱਸ ਨੂੰ ਉਸ ਦੇ ਇਤਿਹਾਸ ਦੀ ਯਾਦ ਵੀ ਦਿਵਾਉਂਦੇ ਤਾਂ ਚੰਗਾ ਹੁੰਦਾ। ਖੱਬੀਆਂ ਧਿਰਾਂ ਨੇ ਮੁਕਰਜੀ ਦੇ ਭਾਸ਼ਣ ਵਿੱਚ ਭਾਰਤ ਦੇ ਅਸਲੀ ਅਨੇਕਤਾ ਵਿੱਚ ਏਕਤਾ ਤੇ ਬਹੁਲਵਾਦੀ ਸਮਾਜ ਤੋਂ ਜਾਣੂ ਕਰਾਉਣ ਲਈ ਸ਼ਲਾਘਾ ਕੀਤੀ ਹੈ, ਪਰ ਸੀ ਪੀ ਆਈ ਐਮ ਦੇ ਜਨਰਲ ਸਕੱਤਰ ਸੀਤਾ ਰਾਮ ਯੈਚੁਰੀ ਨੇ ਪ੍ਰਣਬ ਮੁਖਰਜੀ ਵੱਲੋਂ ਮਹਾਤਮਾ ਗਾਂਧੀ ਦੇ ਕਤਲ ਵਾਲੇ ਮੁੱਦੇ ਉੱਤੇ ਚੁੱਪ ਧਾਰਨ ਸਬੰਧੀ ਸਵਾਲ ਵੀ ਉਠਾਇਆ ਹੈ।