ਆਬੂ ਧਾਬੀ ਅਦਾਲਤ ਵਿੱਚ 10 ਪੰਜਾਬੀਆਂ ਦੇ ਕੇਸ ਦਾ ਫੈਸਲਾ 25 ਮਈ ਨੂੰ

ਡਾ. ਐਸ ਪੀ ਸਿੰਘ ਓਬਰਾਏ

ਡਾ. ਐਸ ਪੀ ਸਿੰਘ ਓਬਰਾਏ

ਪਟਿਆਲਾ, 20 ਅਪ੍ਰੈਲ (ਪੋਸਟ ਬਿਊਰੋ)- ਆਬੂ ਧਾਬੀ ਦੀ ਅਲ ਐਨ ਅਦਾਲਤ ਵੱਲੋਂ 10 ਪੰਜਾਬੀਆਂ ਦੇ ਕੇਸ ਦੀ ਸੁਣਵਾਈ ਮੁਕੰਮਲ ਕਰ ਕੇ ਕੇਸ ਦਾ ਫੈਸਲਾ 25 ਮਈ ਨੂੰ ਕੀਤਾ ਜਾਵੇਗਾ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ ਪੀ ਸਿੰਘ ਓਬਰਾਏ ਨੇ ਦੁਬਈ ਤੋਂ ਦੱਸਿਆ ਕਿ ਅਦਾਲਤ ਵੱਲੋਂ ਸੁਣਵਾਈ ਮੁਕੰਮਲ ਕਰ ਲਈ ਗਈ ਹੈ ਅਤੇ ਫੈਸਲਾ 25 ਮਈ ਨੂੰ ਸੁਣਾ ਦਿੱਤਾ ਜਾਵੇਗਾ।
ਵਰਨਣ ਯੋਗ ਹੈ ਕਿ ਇਨ੍ਹਾਂ 10 ਪੰਜਾਬੀਆਂ, ਜਿਹੜੇ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਹਨ, ਨੂੰ ਉਦੋਂ ਰਿਹਾਈ ਦੀ ਆਸ ਬੱਝ ਗਈ ਸੀ, ਜਦੋਂ ਦੁਬਈ ਦੇ ਕਾਰੋਬਾਰੀ ਐਸ ਪੀ ਸਿੰਘ ਓਬਰਾਏ ਨੇ ਮ੍ਰਿਤਕ ਪਾਕਿਸਤਾਨੀ ਦੇ ਪਿਤਾ ਮੁਹੰਮਦ ਰਿਆਜ਼ ਨੂੰ 60 ਲੱਖ ਰੁਪਏ ਬਲੱਡ ਮਨੀ ਦੇਣ ਲਈ ਅਲ ਐਨ ਅਦਾਲਤ ‘ਚ 22 ਮਾਰਚ ਨੂੰ ਬਲੱਡ ਮਨੀ ਜਮ੍ਹਾਂ ਕਰਵਾਈ ਸੀ। ਮੁਹੰਮਦ ਰਿਆਜ਼ ਨੇ ਇਨ੍ਹਾਂ 10 ਪੰਜਾਬੀਆਂ ਨੂੰ ਮੁਆਫ ਕਰਨ ਦਾ ਬਿਆਨ ਅਦਾਲਤ ਵਿੱਚ ਜਮ੍ਹਾਂ ਕਰਵਾ ਦਿੱਤਾ ਸੀ। ਅਦਾਲਤ ਨੇ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਮੁਆਫ ਕਰ ਦਿੱਤੀ, ਪਰ ਹਾਲੇ ਇਨ੍ਹਾਂ ਨੂੰ ਜੇਲ ਦੀਆਂ ਸੀਖਾਂ ਪਿੱਛੇ ਰਹਿਣਾ ਪੈ ਸਕਦਾ ਹੈ, ਕਿਉਂਕਿ ਗੈਰ ਕਾਨੂੰਨੀ ਸ਼ਰਾਬ ਵੇਚਣ ਦੇ ਕੇਸ ਵਿੱਚ ਅਦਾਲਤ ਵੱਲੋਂ 12 ਅਪ੍ਰੈਲ ਨੂੰ ਅਗਲੀ ਸੁਣਵਾਈ ਹੋਣੀ ਹੈ। ਅਲ ਐਨ ਅਦਾਲਤ ਨੇ ਇਨ੍ਹਾਂ 10 ਪੰਜਾਬੀਆਂ ਨੂੰ ਮੁਹੰਮਦ ਫਰਾਨ ਦੇ ਕਤਲ ਕੇਸ ਵਿੱਚ 26 ਅਕਤੂਬਰ ਨੂੰ ਦੋਸ਼ੀ ਕਰਾਰ ਦਿੱਤਾ ਤੇ ਫਾਂਸੀ ਦੇਣ ਦਾ ਹੁਕਮ ਦਿੱਤਾ ਸੀ। ਫਾਂਸੀ ਤੋਂ ਬਚੇ ਨੌਜਵਾਨਾਂ ‘ਚ ਸਤਮਿੰਦਰ ਸਿੰਘ ਠੀਕਰੀਵਾਲਾ (ਬਰਨਾਲਾ), ਚੰਦਰ ਸ਼ੇਖਰ ਨਵਾਂ ਸ਼ਹਿਰ, ਚਮਕੌਰ ਸਿੰਘ ਮਾਲੇਰ ਕੋਟਲਾ, ਕੁਲਵਿੰਦਰ ਸਿੰਘ ਲੁਧਿਆਣਾ, ਬਲਵਿੰਦਰ ਸਿੰਘ ਚਲਾਂਗ (ਲੁਧਿਆਣਾ), ਧਰਮਵੀਰ ਸਿੰਘ ਸਮਰਾਲਾ, ਹਰਜਿੰਦਰ ਸਿੰਘ ਮੁਹਾਲੀ, ਤਰਸੇਮ ਸਿੰਘ ਮੁੱਧ ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਪਟਿਆਲਾ ਤੇ ਜਗਜੀਤ ਸਿੰਘ ਗੁਰਦਾਸਪੁਰ ਸ਼ਾਮਲ ਹਨ।