ਆਫਿਸ ਦੀ ਗ੍ਰੈਂਡ ਓਪਨਿੰਗ ਨਾਲ ਠੇਠੀ ਨੇ ਕੀਤੀ ਕੈਂਪੇਨ ਦੀ ਸਫਲ ਸ਼ੁਰੂਆਤ

ਓਨਟਾਰੀਓ, 8 ਮਈ (ਪੋੋਸਟ ਬਿਊਰੋ) : ਬੀਤੇ ਦਿਨੀਂ ਲਿਬਰਲ ਉਮੀਦਵਾਰ ਸੁਖਵੰਤ ਠੇਠੀ ਵੱਲੋਂ ਆਪਣੇ ਆਫਿਸ ਦੀ ਕੀਤੀ ਗਈ ਗ੍ਰੈਂਡ ਓਪਨਿੰਗ ਸਮੇਂ ਬਰੈਂਪਟਨ ਸਾਊਥ ਦੇ 500 ਸਥਾਨਕ ਬਸਿ਼ੰਦਿਆਂ ਨੇ ਹਾਜ਼ਰੀ ਲਵਾਈ।
ਇਸ ਮੌਕੇ ਬਿਜ਼ਨਸ ਆਈਕਨ ਸਵੀਟ ਮਾਸਟਰ ਦੇ ਬਿਹਤਰੀਨ ਪਕਵਾਨ ਤੇ ਚਾਹ ਆਦਿ ਨਾਲ ਹਾਜ਼ਰੀਨ ਤੇ ਮਹਿਮਾਨਾਂ ਦੀ ਖੂਭ ਆਓ ਭਗਤ ਕੀਤੀ ਗਈ। ਇਸ ਮੌਕੇ ਵਿੱਤ ਮੰਤਰੀ ਚਾਰਲਸ ਸੌਸਾ, ਬਰੈਂਪਟਨ ਐਮਪੀਪੀਜ਼ ਵਿੱਕ ਢਿੱਲੋਂ, ਹਰਿੰਦਰ ਮੱਲ੍ਹੀ, ਅੰਮ੍ਰਿਤ ਮਾਂਗਟ, ਬਰੈਂਪਟਨ ਤੋਂ ਐਮਪੀਜ਼ ਸੋਨੀਆ ਸਿੱਧੂ ਤੇ ਰੂਬੀ ਸਹੋਤਾ ਨੇ ਹਾਜ਼ਰੀ ਲਵਾਈ।
ਇਸ ਦੌਰਾਨ ਸੁਖਵੰਤ ਠੇਠੀ ਨੇ ਆਖਿਆ ਕਿ ਜਿਸ ਹਿਸਾਬ ਦਾ ਪਿਆਰ ਤੇ ਉਤਸ਼ਾਹ ਸਾਨੂੰ ਇਸ ਮੌਕੇ ਮਿਲ ਰਿਹਾ ਹੈ ਉਸ ਨਾਲ ਸਾਡੇ ਅੰਦਰ ਕਮਾਲ ਦਾ ਉਤਸ਼ਾਹ ਭਰ ਗਿਆ ਹੈ। ਉਨ੍ਹਾਂ ਆਖਿਆ ਕਿ ਹੁਣ 7 ਜੂਨ ਨੂੰ ਚੋਣਾਂ ਵਾਲਾ ਪਿੜ ਜਿੱਤਣਾ ਸੌਖਾ ਲੱਗ ਰਿਹਾ ਹੈ। ਉਨ੍ਹਾਂ ਸਾਰਿਆਂ ਦਾ ਦਿਲੋਂ ਧੰਨਵਾਦ ਕੀਤਾ। ਪੰਜ ਹਫਤਿਆਂ ਤੋਂ ਵੀ ਘੱਟ ਸਮੇਂ ਵਿੱਚ ਸਾਨੂੰ ਆਪਣੀਆਂ ਕਦਰਾਂ ਕੀਮਤਾਂ ਦੀ ਪੁਸ਼ਟੀ ਕਰਨ, ਆਪਣੇ ਲੋਕਾਂ ਵਿੱਚ ਨਿਵੇਸ਼ ਕਰਨ, ਲੋਕਾਂ ਲਈ ਬਿਹਤਰ ਕਰ ਗੁਜ਼ਰਨ ਦਾ ਮੌਕਾ ਮਿਲੇਗਾ।
ਠੇਠੀ ਨੇ ਆਖਿਆ ਕਿ ਅਸੀਂ ਜਾਣਦੇ ਹਾਂ ਕਿ ਕਮਿਊਨਿਟੀ ਦੇ ਨਿਰਮਾਣ ਦੇ ਸਾਡੇ ਨਜ਼ਰੀਏ ਤੋਂ ਤੁਸੀਂ ਸਾਰੇ ਸਹਿਮਤ ਹੋਂ। ਤੁਹਾਡੇ ਸਮਰਥਨ ਨਾਲ ਹੀ ਚੋਣਾਂ ਵਾਲੇ ਦਿਨ ਸੁਖਵੰਤ ਠੇਠੀ, ਓਨਟਾਰੀਓ ਲਿਬਰਲ ਪਾਰਟੀ ਤੇ ਇਸ ਦੇ ਆਗੂ ਤੇ ਪ੍ਰੀਮੀਅਰ ਕੈਥਲੀਨ ਵਿੰਨ ਮਜ਼ਬੂਤ ਓਨਟਾਰੀਓ ਦੀ ਨੀਂਹ ਰੱਖਣਗੇ। ਇਹ ਸਮਾਂ ਢਾਹੁਣ ਦਾ ਨਹੀਂ ਸਗੋਂ ਨਿਰਮਾਣ ਦਾ ਹੈ।