ਆਪ ਪਾਰਟੀ ਵੱਲੋਂ ਹਾਰ ਦੀ ਸਮੀਖਿਆ, ਛੋਟੇਪੁਰ ਨੂੰ ਕੱਢਣ ਦੀ ਭੁੱਲ ਵੀ ਚਰਚਾ ਦਾ ਵਿਸ਼ਾ ਬਣੀ

Fullscreen capture 3212017 74602 AMਜਲੰਧਰ, 20 ਮਾਰਚ, (ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਬਣਾਉਣ ਦਾ ਦਾਅਵਾ ਕਰ ਚੁੱਕੀ ਆਮ ਆਦਮੀ ਪਾਰਟੀ ਵੱਲੋਂ ਅੱਜ ਏਥੇ ਇਸ ਹਾਰ ਬਾਰੇ ਪੰਜਾਬ ਦੇ ਜਿੱਤੇ ਤੇ ਹਾਰੇ ਹੋਏ ਉਮੀਦਵਾਰਾਂ ਦੀ ਸਮੀਖਿਆ ਮੀਟਿੰਗ ਵਿਚ ਕਈ ਲੋਕਾਂ ਨੇ ਹਾਰ ਲਈ ਨਾ ਸਿਰਫ਼ ਦਿੱਲੀ ਟੀਮ ਦੀ ਟੀਮ ਦੀ ਦਖ਼ਲ ਅੰਦਾਜ਼ੀ ਬਾਰੇ ਗੁੱਸਾ ਕੱਢਿਆ, ਸਗੋਂ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਵਿੱਚੋਂ ਕੱਢਣ ਤੋਂ ਲੈ ਕੇ ਮੁੱਖ ਮੰਤਰੀ ਦੇ ਉਮੀਦਵਾਰ ਦੇ ਨਾਂਅ ਬਾਰੇ ਐਲਾਨ ਨਾ ਕਰਨ ਨੂੰ ਵੀ ਹਾਰ ਲਈ ਜ਼ਿੰਮੇਵਾਰ ਦੱਸਿਆ ਗਿਆ। ਸਮੀਖਿਆ ਮੀਟਿੰਗ ਦੇ ਅੰਤ ਵਿਚ ਪਾਸ ਕੀਤੇ ਮਤੇ ਵਿਚ ਪਾਰਟੀ ਦੀ ਪੰਜਾਬ ਇਕਾਈ ਵੱਲੋਂ ਖ਼ੁਦ ਮੁਖ਼ਤਿਆਰ ਕੰਮ ਕਰਨ ਦੇ ਫ਼ੈਸਲੇ ਦੇ ਨਾਲ ਵਰਕਿੰਗ ਕਮੇਟੀ ਬਣਾਉਣ ਅਤੇ ਅੱਗੇ ਆ ਰਹੀਆਂ ਸਾਰੀਆਂ ਚੋਣਾਂ ਲੜਨ ਦਾ ਫ਼ੈਸਲਾ ਲਿਆ ਗਿਆ। ਪਤਾ ਲੱਗਾ ਹੈ ਕਿ ਮਤਾ ਪਾਸ ਕਰਨ ਤੱਕ ਕੁਝ ਆਗੂ ਜ਼ਰੂਰੀ ਕੰਮ ਹੋਣ ਕਾਰਨ ਇਸ ਸਮੀਖਿਆ ਮੀਟਿੰਗ ਤੋਂ ਜਾ ਚੁੱਕੇ ਸਨ
ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਐਚ ਐਸ ਫੂਲਕਾ, ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ, ਲੋਕ ਸਭਾ ਮੈਂਬਰ ਭਗਵੰਤ ਮਾਨ, ਪ੍ਰੋਫੈਸਰ ਸਾਧੂ ਸਿੰਘ, ਕੰਵਰ ਸੰਧੂ, ਸੁਖਪਾਲ ਸਿੰਘ ਖਹਿਰਾ ਅਤੇ ਚੋਣਾਂ ਵਿਚ ਜਿੱਤੇ ਤੇ ਹਾਰੇ ਹੋਏ ਕਈ ਉਮੀਦਵਾਰਾਂ ਦੀ ਪੰਜ ਘੰਟੇ ਦੇ ਕਰੀਬ ਚੱਲੀ ਮੀਟਿੰਗ ਵਿਚ ਇਨ੍ਹਾਂ ਮੁੱਦਿਆਂ ਉੱਤੇ ਚਰਚਾ ਹੋਈ। ਇਸ ਦੇ ਬਾਰੇ ਪਤਾ ਲੱਗਾ ਹੈ ਕਿ ਮੀਟਿੰਗ ਵਿੱਚ ਕਈ ਆਗੂਆਂ ਨੇ ਇਸ ਗੱਲ ਤੋਂ ਨਾਰਾਜ਼ਗੀ ਜ਼ਾਹਰ ਕੀਤੀ ਕਿ ਦਿੱਲੀ ਦੀ ਟੀਮ ਦੇ ਬੇਲੋੜੇ ਦਖ਼ਲ ਦਾ ਪਾਰਟੀ ਨੂੰ ਨੁਕਸਾਨ ਹੋਇਆ। ਕੁਝ ਆਗੂਆਂ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਤੋਂ ਕੱਢਣ ਦਾ ਮੁੱਦਾ ਚੁੱਕ ਕੇ ਕਿਹਾ ਕਿ ਉਨ੍ਹਾਂ ਦੇ ਜਾਣ ਦਾ ਨੁਕਸਾਨ ਹੋਇਆ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਸਿਸੋਦੀਆ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਯੋਗ ਆਗੂ ਹੋਣ ਦਾ ਬਿਆਨ ਦੇਣ ਨਾਲ ਲੋਕਾਂ ਨੂੰ ਇਸ ਦਾ ਗ਼ਲਤ ਸੰਦੇਸ਼ ਜਾਣ ਦੀ ਚਰਚਾ ਵੀ ਹੋਈ।
ਮੀਟਿੰਗ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਪ ਪਾਰਟੀ ਦੇ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਵਿਧਾਨ ਸਭਾ ਚੋਣਾਂ ਵਿੱਚ ਹਾਰ ਲਈ ਵਿਰੋਧੀ ਪਾਰਟੀਆਂ ਵੱਲੋਂ ‘ਆਪ’ ਦੇ ਖ਼ਿਲਾਫ਼ ਕੀਤੇ ਗਏ ਗ਼ਲਤ ਪ੍ਰਚਾਰ ਨੂੰ ਜਿ਼ਮੇਵਾਰ ਦੱਸਦਿਆਂ ਕਿਹਾ ਕਿ ਪਾਰਟੀ ਨੇ ਚੋਣਾਂ ਵਿਚ ਸਰਕਾਰ ਬਣਾਉਣ ਲਈ ਮਿਹਨਤ ਕੀਤੀ ਤੇ ਉਸ ਦਾ ਲਾਭ ਕਾਂਗਰਸ ਨੇ ਲੈ ਲਿਆ। ਆਪਣੀ ਹਾਰ ਕਬੂਲਦੇ ਹੋਏ ਉਨ੍ਹਾਂ ਕਿਹਾ ਕਿ ਚੋਣਾਂ ਵਿਚ ਹਾਰ ਵਿਅਕਤੀ ਦੀ ਨਹੀਂ, ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ, ਇਸ ਦੇ ਬਾਵਜੂਦ ਪਾਰਟੀ ਨੇ ਚੋਣਾਂ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ ਤੇ ਇਹ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਘੱਟ ਸਮੇਂ ਵਿਚ ਬਣੀ ਪਾਰਟੀ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਜਾ ਰਹੀ ਹੈ। ਵਿਦੇਸ਼ਾਂ ਤੋਂ ਆਏ ਫ਼ੰਡਾਂ ਬਾਰੇ ਪੁੱਛੇ ਸਵਾਲ ਉੱਤੇ ਉਨਾਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਨੇ ਇਸ ਪਾਰਟੀ ਨੂੰ ਕਿੰਨਾ ਫ਼ੰਡ ਦਿੱਤਾ ਹੈ, ਉਹ ਵੈੱਬਸਾਈਟ ਉੱਤੇ ਪਾ ਦਿੱਤਾ ਜਾਏਗਾ। ਚੋਣਾਂ ਵਿਚ ਦਿੱਲੀ ਦੀ ਟੀਮ ਦੇ ਬੇਲੋੜੇ ਦਖ਼ਲ ਬਾਰੇ ਉਨਾਂ ਕਿਹਾ ਕਿ ਮੀਟਿੰਗ ਵਿਚ ਇਹ ਮੁੱਦਾ ਆਇਆ ਹੈ ਤੇ ਉਹ ਪਾਰਟੀ ਦੇ ਕੇਂਦਰੀ ਆਗੂਆਂ ਨਾਲ ਮੀਟਿੰਗ ਵਿੱਚ ਇਸ ਦੀ ਚਰਚਾ ਕਰਨਗੇ ਕਿ ਪ੍ਰਦੇਸ਼ ਇਕਾਈ ਨੂੰ ਖ਼ੁਦ ਮੁਖ਼ਤਿਆਰ ਹੋ ਕੇ ਕੰਮ ਕਰਨ ਦੀ ਛੋਟ ਦਿੱਤੀ ਜਾਏ।