‘ਆਪ’ ਪਾਰਟੀ ਵੱਲੋਂ ਹਰਿਮੰਦਰ ਸਾਹਿਬ ਤੋਂ ‘ਪੰਜਾਬ ਯਾਤਰਾ’ ਸ਼ੁਰੂ

aapਅੰਮ੍ਰਿਤਸਰ, 1 ਮਈ, (ਪੋਸਟ ਬਿਊਰੋ)- ਵਿਧਾਨ ਸਭਾ ਚੋਣਾਂ ਵਿੱਚ ਆਸ ਮੁਤਾਬਕ ਪ੍ਰਦਰਸ਼ਨ ਕਰਨ ਤੋਂ ਪਛੜ ਗਈ ਆਮ ਆਦਮੀ ਪਾਰਟੀ ਨੂੰ ਚੜ੍ਹਦੀ ਕਲਾ ਵਿੱਚ ਲਿਆਉਣ ਤੇ ਲੋਕਾਂ ਮਨਾਂ ਵਿੱਚ ਆਪਣਾ ਥਾਂ ਬਣਾਉਣ ਦੇ ਮੰਤਵ ਨਾਲ ਪਾਰਟੀ ਨੇ ਇਕ ਵਾਰ ਫਿਰ ਹੰਭਲਾ ਮਾਰਦਿਆਂ ‘ਪੰਜਾਬ ਯਾਤਰਾ’ ਸ਼ੁਰੂ ਕੀਤੀ ਹੈ। ਇਸ ਯਾਤਰਾ ਦੌਰਾਨ ਜ਼ਿਲ੍ਹਾ ਹੈੱਡ ਕੁਆਰਟਰਾਂ ਉੱਤੇ ਜਾ ਕੇ ਲੋਕਾਂ ਕੋਲੋਂ ਉਨ੍ਹਾਂ ਦੀਆਂ ਸਮੱਸਿਆਵਾਂ ਦੀ ਜਾਣਕਾਰੀ ਲਈ ਜਾਵੇਗੀ ਤੇ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ‘ਆਪ’ ਪਾਰਟੀ ਵਿਧਾਨ ਸਭਾ ਵਿੱਚ ਆਵਾਜ਼ ਬੁਲੰਦ ਕਰੇਗੀ।
ਅੱਜ ਇਥੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਿੱਛੋਂ ਇਹ ਯਾਤਰਾ ਇਤਿਹਾਸਕ ਜਲ੍ਹਿਆਂਵਾਲਾ ਬਾਗ ਤੋਂ ਸ਼ੁਰੂ ਕੀਤੀ ਗਈ। ਇਸ ਦੀ ਅਗਵਾਈ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਐਚ ਐਸ ਫੂਲਕਾ ਕਰ ਰਹੇ ਹਨ ਅਤੇ ਬਾਕੀ ਪਾਰਟੀ ਵਿਧਾਇਕ ਇਸ ਯਾਤਰਾ ਦਾ ਹਿੱਸਾ ਹਨ। ਐਡਵੋਕੇਟ ਫੂਲਕਾ ਨੇ ਕਿਹਾ ਕਿ ਪੰਜਾਬ ਯਾਤਰਾ ਹਰ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਕੀਤੀ ਜਾਵੇਗੀ ਤਾਂ ਜੋ ਲੋਕ ਮਸਲਿਆਂ ਬਾਰੇ ਪਤਾ ਲਾਇਆ ਜਾ ਸਕੇ ਤੇ ਉਨ੍ਹਾਂ ਨੂੰ ਵਿਧਾਨ ਸਭਾ ਜਾਂ ਸਰਕਾਰੀ ਪੱਧਰ ਉੱਤੇ ਹੱਲ ਕਰਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਮਸਲੇ ਲੋਕ ਸਿੱਧੇ ਤੌਰ ਉੱਤੇ ਹੱਲ ਕਰਾਉਣ ਵਿੱਚ ਅਸਮਰੱਥ ਹਨ ਤੇ ਉਨ੍ਹਾਂ ਦੀ ਆਵਾਜ਼ ਚੰਡੀਗੜ੍ਹ ਤਕ ਨਹੀਂ ਪੁੱਜਦੀ। ਇਸ ਲਈ ਆਮ ਆਦਮੀ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਪਾਰਟੀ ਵਿਧਾਇਕ ਹਰ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਜ਼ਿਲ੍ਹਾ ਹੈੱਡ ਕੁਆਰਟਰਾਂ ਉੱਤੇ ਲੋਕਾਂ ਕੋਲ ਜਾਣਗੇ, ਜਿੱਥੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਤੇ ਫਿਰ ਉਨ੍ਹਾਂ ਦੇ ਹੱਲ ਲਈ ਯਤਨ ਹੋਣਗੇ। ਉਨ੍ਹਾਂ ਦੱਸਿਆ ਕਿ ਯਾਤਰਾ ਦੇ ਪਹਿਲੇ ਦਿਨ ਅੰਮ੍ਰਿਤਸਰ ਜ਼ਿਲ੍ਹੇ ਦੇ ਵੱਖ ਵੱਖ ਹਲਕਿਆਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੈ।
ਇਸ ਤੋਂ ਪਹਿਲਾਂ ਅੱਜ ਸਵੇਰੇ ਐਚ ਐਸ ਫੂਲਕਾ ਦੇ ਨਾਲ ਆਪ ਪਾਰਟੀ ਦੇ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਕੁਲਤਾਰ ਸਿੰਘ ਸਿੱਧਵਾਂ, ਰੁਪਿੰਦਰ ਰੂਬੀ, ਅਮਨ ਅਰੋੜਾ, ਮੀਤ ਹੇਅਰ, ਮਨਜੀਤ ਸਿੰਘ, ਕੁਲਵੰਤ ਸਿੰਘ ਪੰਡੋਰੀ, ਮਾਸਟਰ ਬਲਦੇਵ ਸਿੰਘ ਤੇ ਪਰਿਮਲ ਸਿੰਘ ਨੇ ਗੁਰੂ ਘਰ ਵਿੱਚ ਪੰਜਾਬ ਯਾਤਰਾ ਦੀ ਸਫ਼ਲਤਾ ਲਈ ਅਰਦਾਸ ਕੀਤੀ। ਫਿਰ ਸਾਰੇ ਆਗੂ ਦੁਰਗਿਆਣਾ ਮੰਦਿਰ ਅਤੇ ਰਾਮ ਤੀਰਥ ਮੰਦਿਰ ਮੱਥਾ ਟੇਕਣ ਲਈ ਗਏ।