ਆਪ ਪਾਰਟੀ ਨੇਤਾ ਨੇ ਰਾਜ ਸਰਕਾਰ ਨੂੰ ਪੁੱਛਿਆ: ਵਿਧਾਇਕ ਆਪਣੀ ਜਾਇਦਾਦ ਦਾ ਵੇਰਵਾ ਕਿੱਥੇ ਦੇਣ


ਚੰਡੀਗੜ੍ਹ, 1 ਜਨਵਰੀ (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਦੇ ਪੰਜਾਬ ਸਹਿ-ਪ੍ਰਧਾਨ ਤੇ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੰਭੀਰਤਾ ਉੱਤੇ ਸਵਾਲ ਉਠਾਉਂਦੇ ਹੋਏ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਪੱਤਰ ਲਿਖਿਆ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਇਹ ਨਹੀਂ ਦੱਸਿਆ ਜਾ ਰਿਹਾ ਕਿ ਹਰ ਸਾਲ ਪਹਿਲੀ ਜਨਵਰੀ ਤੱਕ ਆਪਣੀ ਜਾਇਦਾਦ ਸੰਬੰਧਤ ਜਾਣਕਾਰੀ ਪੰਜਾਬ ਦੇ ਵਿਧਾਇਕ ਕਿੱਥੇ ਅਤੇ ਕਿਸ ਨੂੰ ਦੇਣਗੇ।
ਇੱਕ ਬਿਆਨ ਜਾਰੀ ਕਰ ਕੇ ਆਮ ਆਦਮੀ ਪਾਰਟੀ ਦੇ ਨੇਤਾ ਅਮਨ ਅਰੋੜਾ ਨੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਯਾਦ ਕਰਾਇਆ ਕਿ ਵਿਧਾਨ ਸਭਾ ਦੇ ਪਿਛਲੇ ਦਿਨੀਂ ਹੋਏ ਸੈਸ਼ਨ ਮੌਕੇ ‘ਦ ਪੰਜਾਬ ਲੈਜਿਸਲੈਟਿਵ ਅਸੈਂਬਲੀ’ (ਸੈਲਰੀਜ਼ ਐਂਡ ਅਲਾਊਂਸਿਜ਼ ਆਫ ਮੈਂਬਰਜ਼) ਅਮੈਂਡਮੈਂਟ ਬਿੱਲ 2017 ਪਾਸ ਹੋਇਆ ਹੈ, ਜਿਸ ਵਿੱਚ ਹਰ ਵਿਧਾਇਕ ਨੂੰ ਹਰ ਸਾਲ ਪਹਿਲੀ ਜਨਵਰੀ ਤੱਕ ਆਪਣੀ ਜਾਇਦਾਦ ਦੇ ਬਾਰੇ ਪੂਰੀ ਜਾਣਕਾਰੀ ਦੇਣਾ ਜ਼ਰੂਰੀ ਕੀਤਾ ਗਿਆ ਹੈ। ਅਰੋੜਾ ਨੇ ਦੱਸਿਆ ਕਿ ਸਾਫ-ਸੁਥਰੀ ਰਾਜਨੀਤੀ ਦੇ ਮਕਸਦ ਨਾਲ ਲਿਆਂਦੇ ਇਸ ਬਿੱਲ ਦਾ ਆਮ ਆਦਮੀ ਪਾਰਟੀ ਨੇ ਸਮਰਥਨ ਤੇ ਸਵਾਗਤ ਕੀਤਾ ਸੀ, ਪ੍ਰੰਤੂ ਸਰਕਾਰ ਵੱਲੋਂ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਵਿਧਾਇਕਾਂ ਨੇ ਇਹ ਜਾਣਕਾਰੀ ਕਿੱਥੇ ਜਮ੍ਹਾ ਕਰਾਉਣੀ ਹੈ। ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੇ ਸਮੇਤ ਪਾਰਟੀ ਦੇ ਬਾਕੀ ਵਿਧਾਇਕ ਆਪਣੀ ਜਾਇਦਾਦਾਂ ਦੀ ਜਾਣਕਾਰੀ ਦੇਣ ਲਈ ਤਿਆਰ ਬੈਠੇ ਹਨ, ਪ੍ਰੰਤੂ ਸਰਕਾਰ ਜਾਂ ਵਿਧਾਨ ਸਭਾ ਸਕੱਤਰੇਤ ਵੱਲੋਂ ਇਹ ਸਪੱਸ਼ਟ ਨਹੀਂ ਕੀਤਾ ਜਾ ਰਿਹਾ ਕਿ ਇਹ ਕਿੱਥੇ ਅਤੇ ਕਿਸ ਦੇ ਕੋਲ ਭੇਜਣੀ ਹੈ।