‘ਆਪ’ ਪਾਰਟੀ ਦੇ ਸੂਬਾ ਅਹੁਦੇਦਾਰਾਂ ਦੀ ਪਹਿਲੀ ਸੂਚੀ ਵਿੱਚ ਔਰਤਾਂ ਦੀ ਗਿਣਤੀ ਘੱਟ

aap
* ਵਿਧਾਨ ਸਭਾ ਚੋਣ ਹਾਰਨ ਵਾਲਿਆਂ ਨੂੰ ਅਹੁਦੇ ਮਿਲੇ
ਚੰਡੀਗੜ੍ਹ, 16 ਜੁਲਾਈ, (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਨੇ ਅੱਜ ਪੰਜਾਬ ਰਾਜ ਦੇ ਲਈ ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਦੇ ਨਾਲ ਜ਼ੋਨ ਪ੍ਰਧਾਨਾਂ ਤੇ ਅਨੁਸ਼ਾਸਨੀ ਕਮੇਟੀ ਦੇ ਨਾਂਅ ਐਲਾਨ ਕੀਤੇ ਗਏ ਹਨ। ਇਸ ਸੂਚੀ ਵਿੱਚ ਸਿਰਫ ਦੋ ਔਰਤਾਂ ਸ਼ਾਮਲ ਕੀਤੀਆਂ ਹਨ। ਅਸੈਂਬਲੀ ਚੋਣ ਹਾਰ ਜਾਣ ਵਾਲੇ ਵੱਡੀ ਗਿਣਤੀ ਪਾਰਟੀ ਆਗੂਆਂ ਨੂੰ ਅਹੁਦੇਦਾਰੀ ਦੇ ਦਿੱਤੀ ਗਈ ਹੈ।
ਇਸ ਦੌਰਾਨ ‘ਆਪ’ ਪਾਰਟੀ ਦੇ ਪੰਜਾਬ ਦੇ ਉਪ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਅਹੁਦੇਦਾਰਾਂ ਦੀ ਚੋਣ ਆਮ ਵਰਕਰਾਂ ਨਾਲ ਸਲਾਹ ਤੋਂ ਬਾਅਦ ਕੀਤੀ ਗਈ ਹੈ। ਪਾਰਲੀਮੈਂਟ ਮੈਂਬਰ ਭਗਵੰਤ ਮਾਨ ਨੂੰ ਪੰਜਾਬ ਦੀ ਕਮਾਨ ਸੌਂਪੇ ਜਾਣ ਪਿੱਛੋਂ ਜਥੇਬੰਦਕ ਢਾਂਚੇ ਦਾ ਪੁਨਰਗਠਨ ਸ਼ੁਰੂ ਹੋ ਗਿਆ ਹੈ। ਪਾਰਟੀ ਅਗਲੇ ਦਿਨੀਂ ਦੂਜੀ ਸੂਚੀ ਵੀ ਜਾਰੀ ਕਰ ਸਕਦੀ ਹੈ। ਅਹੁਦੇ ਦੇਣ ਲਈ ਪਾਰਟੀ ਨੇ ਪੰਜਾਬ ਨੂੰ ਤਿੰਨ ਜ਼ੋਨਾਂ ਵਿੱਚ ਵੰਡਿਆ ਹੈ ਅਤੇ ਮਾਲਵੇ ਦੀ ਕਮਾਨ ਤਿੰਨ ਆਗੂਆਂ ਨੂੰ ਸੌਂਪੀ ਹੈ। ਮਾਝਾ ਜ਼ੋਨ ਦਾ ਪ੍ਰਧਾਨ ਕੰਵਰਪ੍ਰੀਤ ਕਾਕੀ ਨੂੰ ਨਿਯੁਕਤ ਕੀਤਾ ਗਿਆ ਹੈ। ਦੋਆਬਾ ਵਿਚਲੇ ਚਾਰ ਜ਼ਿਲ੍ਹਿਆਂ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਪਰਮਜੀਤ ਸਚਦੇਵਾ ਨੂੰ ਸੌਂਪੀ ਗਈ ਹੈ। ਮਾਲਵਾ ਜ਼ੋਨ ਇੱਕ ਵਿੱਚ ਫ਼ਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਬਠਿੰਡਾ ਤੇ ਮਾਨਸਾ ਨੂੰ ਸ਼ਾਮਲ ਕਰ ਕੇ ਅਨਿਲ ਠਾਕੁਰ ਨੂੰ ਪ੍ਰਧਾਨ ਬਣਾਇਆ ਹੈ। ਜ਼ੋਨ ਦੋ ਵਿੱਚ ਫ਼ਰੀਦਕੋਟ, ਮੋਗਾ, ਲੁਧਿਆਣਾ ਤੇ ਫ਼ਤਹਿਗੜ੍ਹ ਸਾਹਿਬ ਨੂੰ ਸ਼ਾਮਲ ਕਰ ਕੇ ਗੁਰਦਿੱਤ ਸੇਖੋਂ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਬਰਨਾਲਾ, ਸੰਗਰੂਰ, ਪਟਿਆਲਾ, ਰੋਪੜ ਤੇ ਮੋਹਾਲੀ ਨੂੰ ਮਾਲਵਾ ਜ਼ੋਨ ਤਿੰਨ ਵਿੱਚ ਸ਼ਾਮਲ ਕੀਤਾ ਤੇ ਦਲਬੀਰ ਢਿੱਲੋਂ ਨੂੰ ਇਸ ਦਾ ਪ੍ਰਧਾਨ ਬਣਾਇਆ ਹੈ। ਇਸ ਤੋਂ ਬਿਨਾਂ ਅਨੁਸ਼ਾਸਨੀ ਕਮੇਟੀ ਵਿੱਚ ਡਾ. ਇੰਦਰਬੀਰ ਨਿੱਝਰ, ਜਸਬੀਰ ਸਿੰਘ ਬੀਰ, ਕਰਨਲ ਭਲਿੰਦਰ ਸਿੰਘ, ਬ੍ਰਿਗੇਡੀਅਰ ਰਾਜ ਕੁਮਾਰ ਅਤੇ ਰਾਜ ਲਾਲੀ ਗਿੱਲ ਨੂੰ ਸ਼ਾਮ ਕੀਤਾ ਗਿਆ ਹੈ। ਸਾਰੇ ਪਾਰਲੀਮੈਂਟ ਮੈਂਬਰ ਤੇ ਵਿਧਾਇਕ ਇਸ ਪਾਰਟੀ ਦੀ ਸੂਬਾ ਕਾਰਜਕਾਰਨੀ ਦੇ ਮੈਂਬਰ ਹੋਣਗੇ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਦੀ ਜ਼ਿੰਮੇਵਾਰੀ ਗੁਲਸ਼ਨ ਛਾਬੜਾ ਨੂੰ ਸੌਂਪੀ ਗਈ ਹੈ। ਜਥੇਬੰਦਕ ਟੀਮ ਇੰਚਾਰਜ ਦਾ ਅਹੁਦਾ ਨਵਾਂ ਬਣਾ ਕੇ ਗੈਰੀ ਬੜਿੰਗ ਨੂੰ ਨਿਯੁਕਤ ਕਰ ਦਿੱਤਾ ਅਤੇ ਸੁਖਵਿੰਦਰ ਸਿੰਘ ਖ਼ਜ਼ਾਨਚੀ ਬਣਾਏ ਹਨ। ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਹਾਲੇ ਖ਼ਾਲੀ ਰੱਖ ਕੇ ਸੱਤ ਮੀਤ ਪ੍ਰਧਾਨਾਂ ਵਿੱਚ ਡਾਕਟਰ ਬਲਬੀਰ ਸਿੰਘ, ਚਰਨਜੀਤ ਸਿੰਘ, ਬਲਦੇਵ ਸਿੰਘ ਆਜ਼ਾਦ, ਆਸ਼ੂਤੋਸ਼ ਟੰਡਨ, ਕੁਲਦੀਪ ਧਾਲੀਵਾਲ, ਕਰਨਬੀਰ ਟਿਵਾਣਾ ਤੇ ਹਰੀ ਸਿੰਘ ਟੋਹੜਾ ਦੇ ਨਾਂ ਸ਼ਾਮਲ ਕੀਤੇ ਗਏ ਹਨ। ਸੁਖਦੀਪ ਸਿੰਘ ਅੱਪਰਾ, ਜਸਬੀਰ ਸਿੰਘ ਰਾਜਾ ਗਿੱਲ, ਅਹਿਬਾਬ ਸਿੰਘ ਗਰੇਵਾਲ, ਡਾ. ਰਵਜੋਤ, ਮੁਨੀਸ਼ ਧੀਰ, ਜਰਨੈਲ ਸਿੰਘ ਮੰਨੂ, ਨਵਜੋਤ ਸਿੰਘ ਜਰਗ, ਕੁਲਜੀਤ ਸਿੰਘ, ਸੰਤੋਖ ਸਿੰਘ ਸਲਾਣਾ, ਹਰਿੰਦਰ ਸਿੰਘ, ਮਨਜੀਤ ਸਿੰਘ ਸਿੱਧੂ, ਭੁਪਿੰਦਰ ਸਿੰਘ ਬਿੱਟੂ, ਪਲਵਿੰਦਰ ਕੌਰ, ਦਲਬੀਰ ਸਿੰਘ ਤੁੰਗ, ਲਖਵੀਰ ਸਿੰਘ, ਭੁਪਿੰਦਰ ਗੋਰਾ, ਪਰਦੀਪ ਮਲਹੋਤਰਾ, ਬਲਵਿੰਦਰ ਸਿੰਘ ਚੌਂਦਾ ਅਤੇ ਅਜੈ ਸ਼ਰਮਾ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ।