ਆਪ ਪਾਰਟੀ ਦੇ ਮੰਤਰੀ ਦੀ ਕਰੋੜਾਂ ਦੀ ਬੇਨਾਮੀ ਜਾਇਦਾਦ ਬੇਨਕਾਬ


ਨਵੀਂ ਦਿੱਲੀ, 5 ਫਰਵਰੀ (ਪੋਸਟ ਬਿਊਰੋ)- ਲਾਭ ਦਾ ਅਹੁਦਾ ਮਾਮਲੇ ‘ਚ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਦੀ ਮੈਂਬਰੀ ਰੱਦ ਹੋਣ ਦੀ ਘਟਨਾ ਨਾਲ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਅਜੇ ਉਭਰ ਨਹੀਂ ਸਕੀ ਕਿ ਸਿਹਤ ਮੰਤਰੀ ਸਤੇਂਦਰ ਜੈਨ ਉਤੇ ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਦਾ ਸ਼ਿਕੰਜਾ ਕਸਦਾ ਨਜ਼ਰ ਆ ਰਿਹਾ ਹੈ।
ਸੀ ਬੀ ਆਈ ਨੇ ਸਤੇਂਦਰ ਜੈਨ ਦੇ ਵਿਭਾਗ ਨਾਲ ਜੁੜੀ ਦਿੱਲੀ ਡੈਂਟਲ ਕੌਂਸਲ ਦੇ ਰਜਿਸਟਰਾਰ ਡਾ. ਰਿਸ਼ੀ ਰਾਜ ਤੇ ਕੌਂਸਲ ਦੇ ਵਕੀਲ ਪ੍ਰਦੀਪ ਸ਼ਰਮਾ ਨੂੰ ਕੱਲ੍ਹ ਰਾਤ 4.73 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ‘ਚ ਗ੍ਰਿਫਤਾਰ ਕਰ ਲਿਆ ਹੈ। ਇਸ ਕੇਸ ਦੀ ਜਾਂਚ ਦੌਰਾਨ ਰਜਿਸਟਰਾਰ ਦੇ ਲਾਕਰ ਵਿੱਚੋਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਹੋਏ ਹਨ, ਜੋ ਸਤੇਂਦਰ ਜੈਨ ਅਤੇ ਉਨ੍ਹਾਂ ਦੀ ਪਤਨੀ ਦੇ ਨਾਂ ਉਤੇ ਹਨ। ਸੀ ਬੀ ਆਈ ਜਾਂਚ ਦਾ ਪਹਿਲਾਂ ਹੀ ਸਾਹਮਣਾ ਕਰ ਰਹੇ ਸਤੇਂਦਰ ਜੈਨ ਦੀਆਂ ਮੁਸ਼ਕਿਲਾਂ ਇਸ ਨਾਲ ਵੱਧ ਸਕਦੀਆਂ ਹਨ। ਸੀ ਬੀ ਆਈ ਸੂਤਰਾਂ ਅਨੁਸਾਰ ਬਲੈਕ ਲਿਸਟ ਕੀਤੇ ਗਏ ਦੰਦਾਂ ਦੇ ਇਕ ਡਾਕਟਰ ਨੇ ਜਾਂਚ ਏਜੰਸੀ ਕੋਲ ਭਿ੍ਰਸ਼ਟਾਚਾਰ ਦੀ ਸ਼ਿਕਾਇਤ ਕੀਤੀ ਸੀ। ਉਸ ਨੇ ਸੀ ਬੀ ਆਈ ਨੂੰ ਦੱਸਿਆ ਸੀ ਕਿ ਉਸ ਦੇ ਮਾਮਲੇ ਨੂੰ ਰਫਾ ਦਫਾ ਕਰਨ ਤੇ ਉਸ ਦੀ ਮਦਦ ਕਰਨ ਬਦਲੇ ਕੌਂਸਲ ਦੇ ਅਧਿਕਾਰੀ 15 ਲੱਖ ਰੁਪਏ ਦੀ ਮੰਗ ਕਰ ਰਹੇ ਹਨ। ਇਸ ਤੋਂ ਬਾਅਦ ਸੀ ਬੀ ਆਈ ਨੇ ਰਜਿਸਟਰਾਰ ਡਾ. ਰਿਸ਼ੀ ਰਾਜ ਦੇ ਘਰ ਛਾਪਾ ਮਾਰਿਆ ਤੇ ਉਨ੍ਹਾਂ ਨੂੰ ਤੇ ਕੌਂਸਲ ਦੇ ਵਕੀਲ ਨੂੰ 4.73 ਲੱਖ ਰੁਪਏ ਰਿਸ਼ਵਤ ਲੈਂਦੇ ਗ੍ਰਿਫਤਾਰ ਕੀਤਾ। ਸੀ ਬੀ ਆਈ ਸੂਤਰਾਂ ਅਨੁਸਾਰ ਰਜਿਸਟਰਾਰ ਦੇ ਲਾਕਰ ਤੋਂ ਸਤੇਂਦਰ ਜੈਨ ਦੀਆਂ ਤਿੰਨ ਜਾਇਦਾਦਾਂ ਦੇ ਦਸਤਾਵੇਜ਼ ਮਿਲੇ ਹਨ, ਇਨ੍ਹਾਂ ਵਿੱਚੋਂ 12 ਵਿਘੇ ਦੋ ਬਿਸਵਾ ਤੇ ਅੱਠ ਵਿਘੇ ਤੇ 17 ਬਿਸਵਾ ਜ਼ਮੀਨ ਦੀ ਖਰੀਦ ਦੇ ਦਸਤਾਵੇਜ਼ ਅਤੇ 14 ਵਿਘੇ ਜ਼ਮੀਨ ਦੇ ਮੁਖਤਾਰਨਾਮੇ ਦੇ ਕਾਗਜ਼ ਹਨ। ਇਸ ਤੋਂ ਇਲਾਵਾ ਸੀ ਬੀ ਆਈ ਨੂੰ ਦੋ ਕਰੋੜ ਰੁਪਏ ਦੀ ਬੈਂਕ ਦੀ ਡਿਪਾਜਟ ਸਲਿਪ ਬੁੱਕ ਮਿਲੀ ਹੈ। ਇਸ ਨਾਲ ਸਾਲ 2011 ‘ਚ ਰੁਪਏ ਜਮ੍ਹਾਂ ਕਰਾਏ ਗਏ ਸਨ। ਇਹ ਡਿਪਾਜਟ ਸਲਿਪਾਂ ਸਤੇਂਦਰ ਜੈਨ, ਉਨ੍ਹਾਂ ਦੇ ਪਰਵਾਰ ਤੇ ਉਨ੍ਹਾਂ ਕੰਪਨੀਆਂ ਦੇ ਨਾਂ ਹਨ, ਜਿਨ੍ਹਾਂ ਵਿੱਚ ਜੈਨ ਡਾਇਰੈਕਟਰ ਸਨ। ਇਸ ਤੋਂ ਇਲਾਵਾ ਸਤੇਂਦਰ ਜੈਨ ਤੇ ਉਨ੍ਹਾਂ ਦੀ ਪਤਨੀ ਦੇ ਨਾਂ ਦੀਆਂ 41 ਚੈਕ ਬੁੱਕਸ ਵੀ ਮਿਲੀਆਂ ਹਨ। ਸੀ ਬੀ ਆਈ ਦੇ ਸੂਤਰਾਂ ਮੁਤਾਬਕ ਜਾਪਦਾ ਹੈ ਕਿ ਸੀ ਬੀ ਆਈ ਤੋਂ ਬਚਣ ਲਈ ਜੈਨ ਨੇ ਆਪਣੀਆਂ ਜਾਇਦਾਦਾਂ ਨਾਲ ਜੁੜੇ ਦਸਤਾਵੇਜ਼ ਰਜਿਸਟਰਾਰ ਦੇ ਘਰ ਰਖਵਾ ਦਿੱਤੇ ਹੋਣ।
ਰਜਿਸਟਰਾਰ ਦੇ ਲਾਕਰ ‘ਚੋਂ 24 ਲੱਖ ਰੁਪਏ ਨਕਦ ਅਤੇ ਕਰੀਬ ਅੱਧਾ ਕਿਲੋ ਸੋਨਾ ਬਰਾਮਦ ਹੋਇਆ ਹੈ। ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਰਕਮ ਤੇ ਸੋਨਾ ਜੈਨ ਨਾਲ ਸਬੰਧਤ ਹੈ ਜਾਂ ਨਹੀਂ। ਗ੍ਰਿਫਤਾਰ ਕੀਤੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਸੀ ਬੀ ਆਈ ਨੇ ਚਾਰ ਦਿਨ ਦਾ ਰਿਮਾਂਡ ਲੈ ਲਿਆ ਹੈ।
ਵਰਨਣ ਯੋਗ ਹੈ ਕਿ ਆਮਦਨ ਟੈਕਸ ਵਿਭਾਗ ਨੇ ਪਹਿਲਾਂ ਬਾਹਰਲੀ ਦਿੱਲੀ ਇਲਾਕੇ ‘ਚ ਸਤੇਂਦਰ ਜੈਨ ਦੀ 220 ਵਿਘਾ ਜ਼ਮੀਨ ਬੇਨਾਮੀ ਜਾਇਦਾਦ ਐਕਟ ਹੇਠ ਜ਼ਬਤ ਕੀਤੀ ਹੋਈ ਹੈ। ਭਿ੍ਰਸ਼ਟਾਚਾਰ ਦੇ ਇਕ ਕੇਸ ‘ਚ ਸੀ ਬੀ ਆਈ ਉਨ੍ਹਾਂ ਵਿਰੁੱਧ ਪਹਿਲਾਂ ਹੀ ਮਾਮਲਾ ਦਰਜ ਕਰ ਚੁੱਕੀ ਹੈ। ਜਾਂਚ ਏਜੰਸੀ ਉਨ੍ਹਾਂ ਵਿਰੁੱਧ ਹਵਾਲਾ ਆਪਰੇਟਰਾਂ ਨਾਲ ਸਬੰਧਾਂ ਤੇ ਕਾਲੇ ਧਨ ਨੂੰ ਚਿੱਟਾ ਕਰਨ ਲਈ ਫਰਜ਼ੀ ਕੰਪਨੀਆਂ ਬਣਾਉਣ ਦੇ ਮਾਮਲੇ ਵਿੱਚ ਵੀ ਜਾਂਚ ਕਰ ਰਹੀ ਹੈ। ਉਨ੍ਹਾਂ ਦੇ ਘਰ ਸੀ ਬੀ ਆਈ ਛਾਪੇਮਾਰੀ ਵੀ ਕਰ ਚੁੱਕੀ ਹੈ। ਸੀ ਬੀ ਆਈ ਸੂਤਰਾਂ ਅਨੁਸਾਰ ਦਸਤਾਵੇਜ਼ ਨਾ ਮਿਲਣ ਕਾਰਨ ਜੈਨ ਵਿਰੁੱਧ ਕੇਸ ‘ਚ ਅੱਗੇ ਜਾਂਚ ਨਹੀਂ ਹੋ ਪਾ ਰਹੀ ਸੀ। ਅਜਿਹੇ ‘ਚ ਸੀ ਬੀ ਆਈ ਨੂੰ ਵੱਡੀ ਸਫਲਤਾ ਮਿਲੀ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਸੀ ਬੀ ਆਈ ਇਸੇ ਹਫਤੇ ਸਤੇਂਦਰ ਜੈਨ ਤੋਂ ਇਸ ਮਾਮਲੇ ‘ਚ ਪੁੱਛਗਿੱਛ ਕਰ ਸਕਦੀ ਹੈ।