ਆਪ ਪਾਰਟੀ ਦਾ ਨੇਤਾ ਗੰਨ ਪੁਆਇੰਟ ਉੱਤੇ 25 ਲੱਖ ਰੁਪਏ ਲੁੱਟਣ ਦੇ ਦੋਸ਼ ਵਿੱਚ ਗ੍ਰਿਫਤਾਰ

nazeeb
ਨਵੀਂ ਦਿੱਲੀ, 20 ਮਾਰਚ (ਪੋਸਟ ਬਿਊਰੋ)- ਦਿੱਲੀ ਪੁਲਸ ਨੇ ਲੁੱਟ ਖੋਹ ਦੇ ਦੋਸ਼ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਨੇਤਾ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਨੇਤਾ ਨਜ਼ੀਬ (25) ਇਸ ਸਮੇਂ ਆਪ ਪਾਰਟੀ ਦੀ ਯੂਥ ਇਕਾਈ ਦਾ ਪ੍ਰਧਾਨ ਹੈ। ਪੁਲਸ ਨੇ ਨਜ਼ੀਬ ਕੋਲੋਂ ਲੁੱਟੀ ਗਈ ਰਕਮ ਦਾ ਜ਼ਿਆਦਾ ਹਿੱਸਾ ਬਰਾਮਦ ਕਰ ਲਿਆ ਹੈ।
ਪੁਲਸ ਦੇ ਦੱਸਣ ਮੁਤਾਬਕ ਬੀਤੀ 12 ਮਾਰਚ ਨੂੰ ਨਜ਼ੀਬ ਅਤੇ ਉਸ ਦੇ ਦੋਸਤਾਂ ਨੇ ਬੰਦੂਕ ਦੀ ਨੋਕ ਉੱਤੇ ਦਿੱਲੀ ਦੇ ਮੌਜਪੁਰ ਇਲਾਕੇ ਵਿੱਚ ਇੱਕ ਵਿਅਕਤੀ ਤੋਂ 25 ਲੱਖ ਰੁਪਏ ਲੁੱਟੇ ਸਨ। ਲੁੱਟ ਦੇ ਦੌਰਾਨ ਬਦਮਾਸ਼ਾਂ ਨੇ ਫਾਇਰਿੰਗ ਵੀ ਕੀਤੀ ਸੀ। ਗੋਲੀਬਾਰੀ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਸੀ। ਮੌਕੇ ਤੋਂ ਦੌੜਦੇ ਸਮੇਂ ਰਾਹਗੀਰਾਂ ਨੇ ਫੁਰਕਾਨ ਨਾਂਅ ਦੇ ਇੱਕ ਬਦਮਾਸ਼ ਨੂੰ ਫੜ ਲਿਆ ਸੀ। ਪੁਲਸ ਜਾਂਚ ਵਿੱਚ ਪਤਾ ਲੱਗਾ ਕਿ ਗ੍ਰਿਫਤਾਰ ਬਦਮਾਸ਼ ਫੁਰਕਾਨ ਹੀ ਗੈਂਗ ਦਾ ਲੀਡਰ ਹੈ। ਉਹ ਪਹਿਲਾਂ ਵੀ ਲੁੱਟ ਖੋਹ ਦੀਆਂ ਦੋ ਵਾਰਦਾਤਾਂ ਕਰ ਚੁੱਕਾ ਹੈ। ਪੁਲਸ ਨੇ ਉਸ ਦੀ ਨਿਸ਼ਾਨਦੇਹੀ ‘ਤੇ ਜਾਨੀ, ਫੈਸਲ, ਨਾਵੇਦ ਤੇ ਉਸ ਦੇ ਭਰਾ ਨਜ਼ੀਬ ਨੂੰ ਗ੍ਰਿਫਤਾਰ ਕਰ ਲਿਆ। ਨਜ਼ੀਬ ਕੋਲੋਂ ਪੁਲਸ ਨੇ ਲੁੱਟ ਤੇ 16 ਲੱਖ ਛੇ ਹਜ਼ਾਰ ਰੁਪਏ, ਇੱਕ ਪਿਸਤੌਲ ਅਤੇ ਇੱਕ ਬਾਈਕ ਵੀ ਬਰਾਮਦ ਕੀਤੀ।