ਆਪੇ ਹੀ ਕਾਜੁ ਸਵਾਰੀਐ…

-ਅਮਰੀਕ ਸਿੰਘ ਦਿਆਲ
ਸਾਲ 1994 ਵਿੱਚ ਮੈਂ ਬੀ ਏ ਦੇ ਆਖਰੀ ਸਾਲ ਵਿੱਚ ਸਰਕਾਰੀ ਕਾਲਜ ਪੋਜੇਵਾਲ ਵਿਖੇ ਦਾਖਲਾ ਲਿਆ ਸੀ। ਭਾਵੇਂ ਹੁਣ ਕਸਬਾ ਪੋਜੇਵਾਲ ਸ਼ਹੀਦ ਭਗਤ ਸਿੰਘ ਨਗਰ ਦਾ ਹਿੱਸਾ ਹੈ, ਪਰ ਉਸ ਵਕਤ ਇਹ ਜ਼ਿਲਾ ਹੁਸ਼ਿਆਰਪੁਰ ਅਧੀਨ ਹੁੰਦਾ ਸੀ। ਸਾਡੇ ਲਾਗਲੇ ਪਿੰਡ ਖੁਰਾਲੀ (ਖੁਰਾਲਗੜ੍ਹ ਸਾਹਿਬ) ਤੋਂ ਸਵੇਰੇ ਸਾਢੇ ਸੱਤ ਵਜੇ ਪੰਜਾਬ ਰੋਡਵੇਜ਼ ਨਵਾਂ ਸ਼ਹਿਰ ਡਿਪੂ ਦੀ ਬੱਸ ਗੜ੍ਹਸ਼ੰਕਰ ਲਈ ਚਲਦੀ ਹੁੰਦੀ ਸੀ ਜੋ ਬਰਾਸਤਾ ਪੋਜੇਵਾਲ ਜਾਂਦੀ ਸੀ। ਜਮਾਤਾਂ ਭਾਵੇਂ ਨੌਂ ਵਜੇ ਸ਼ੁਰੂ ਹੁੰਦੀਆਂ ਸਨ, ਪਰ ਆਵਾਜਾਈ ਦਾ ਇਕ-ਇਕ ਸਾਧਨ ਹੋਣ ਕਰਕੇ ਅਸੀਂ ਸਵਾ ਅੱਠ ਵਜੇ ਆਪਣੇ ਟਿਕਾਣੇ ‘ਤੇ ਪਹੁੰਚ ਜਾਂਦੇ ਸੀ। ਬੱਸ ਵਾਪਸੀ ਦੇ ਦੋ ਚੱਕਰ ਲਾਉਂਦੀ ਸੀ, ਪਹਿਲਾਂ ਬਾਰ੍ਹਾਂ ਵਜੇ ਤੇ ਦੂਜਾ ਸ਼ਾਮ ਨੂੰ ਪੰਜ ਵਜੇ। ਜੇ ਕਾਲਜ ਵਿੱਚੋਂ ਦੇਰ ਹੋ ਜਾਣੀ ਜਾਂ ਕਿਸੇ ਹੋਰ ਕਾਰਨ ਕਰਕੇ ਦੁਪਹਿਰ ਵਾਲਾ ਗੇੜਾ ਨਾ ਆਉਂਦਾ ਤਾਂ ਪੰਜ ਵਜੇ ਤੱਕ ਉਡੀਕ ਕਰਨੀ ਪੈਂਦੀ। ਇਸੇ ਰੂਟ ‘ਤੇ ਇਕ ਪ੍ਰਾਈਵੇਟ ਬੱਸ ਚੱਲਦੀ ਸੀ। ਉਸ ਵਿੱਚ ਵਿਦਿਆਰਥੀਆਂ ਦੇ ਰਿਆਇਤੀ ਬੱਸ ਪਾਸ ਨਾ ਚੱਲਣ ਕਰਕੇ ਨਿੱਤ ਤੂੰ-ਤੂੰ, ਮੈਂ-ਮੈਂ ਹੁੰਦੀ ਰਹਿੰਦੀ ਸੀ।
ਰੋਡਵੇਜ਼ ਦੇ ਡਰਾਈਵਰ ਸ਼ਿੰਗਾਰਾ ਸਿੰਘ ਅਤੇ ਕੰਡਕਟਰ ਹਰਭਜਨ ਸਿੰਘ ਲੰਬਾ ਸਮਾਂ ਇਸ ਰੂਟ ‘ਤੇ ਚੱਲਦੇ ਰਹੇ। ਡਰਾਈਵਰ ਜਾਂ ਕੰਡਕਟਰ ਦੋਵਾਂ ਵਿੱਚੋਂ ਕਿਸੇ ਦੇ ਵੀ ਛੁੱਟੀ Ḕਤੇ ਚਲੇ ਜਾਣ ਨਾਲ ਬੱਸ ਦੀ ਵੀ ਅਕਸਰ ਛੁੱਟੀ ਹੋ ਜਾਂਦੀ। ਸਮੇਂ ਸਿਰ ਮੁਰੰਮਤ ਨਾ ਹੋਣ ਕਰਕੇ ਖੁਰਾਲਗੜ੍ਹ ਸਾਹਿਬ ਤੋਂ ਨੈਣਵਾਂ ਤੱਕ ਕਰੀਬ ਸੱਤ ਕਿਲੋਮੀਟਰ ਸੜਕ ਦੀ ਹਾਲਤ ਖਸਤਾ ਹੋ ਗਈ। ਖਰਾਬ ਸੜਕ ਦਾ ਬਹਾਨਾ ਬਣਾ ਕੇ ਰੋਡਵੇਜ਼ ਨੇ ਨੈਣਵਾਂ ਤੋਂ ਅੱਗੇ ਬੱਸ ਬੰਦ ਕਰ ਦਿੱਤੀ ਸੀ। ਆਮ ਸਵਾਰੀਆਂ ਦੇ ਨਾਲ ਵਿਦਿਆਰਥੀਆਂ ਲਈ ਵੀ ਆਉਣਾ ਜਾਣਾ ਔਖਾ ਹੋ ਗਿਆ। ਅਸੀਂ ਕੁਝ ਸਾਥੀਆਂ ਨੇ ਇਸ ਸਮੱਸਿਆ ਦਾ ਹੱਲ ਕੱਢਣ ਦੀ ਵਿਉਂਤ ਬਣਾਈ। ਮੈਂ ਅਤੇ ਮੇਰੇ ਦੋ ਸਾਥੀ ਦੂਜੇ ਦਿਨ ਸਵੇਰੇ ਪੰਜਾਬ ਰੋਡਵੇਜ਼, ਨਵਾਂ ਸ਼ਹਿਰ ਦੇ ਜੀ ਐਮ ਦੇ ਦਫਤਰ ਗਏ। ਅਸੀਂ ਆਪਣੀ ਮੁਸ਼ਕਿਲ ਦੱਸ ਕੇ ਬੱਸ ਅਗਾਂਹ ਚਲਾਉਣ ਲਈ ਪੁਰਜ਼ੋਰ ਬੇਨਤੀ ਕੀਤੀ ਤੇ ਇਲਾਕੇ ਦੀ ਨੀਮ ਪਹਾੜੀ ਭੂਗੋਲਿਕ ਸਥਿਤੀ ਤੋਂ ਜਾਣੂ ਕਰਾਇਆ। ਅਧਿਕਾਰੀ ਨੇ ਸਾਡੀ ਗੱਲ ਬੜੇ ਧਿਆਨ ਨਾਲ ਸੁਣੀ ਅਤੇ ਕਿਹਾ, ‘ਤੁਹਾਡੀ ਗੱਲ ਠੀਕ ਐ ਕਾਕਾ! ਪਰ ਸੜਕ ਦੀ ਖਸਤਾ ਹਾਲਤ ਕਾਰਨ ਅਸੀਂ ਇਸ ਸੜਕ Ḕਤੇ ਬੱਸ ਨਹੀਂ ਚਲਾ ਸਕਦੇ। ਅਜਿਹੀ ਸੜਕ Ḕਤੇ ਚੱਲਣ ਕਾਰਨ ਬੱਸ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਇਸ ਲਈ ਇਹ ਰੂਟ ਸਾਡੇ ਲਈ ਘਾਟੇ ਵਾਲਾ ਸਾਬਤ ਹੋ ਰਿਹਾ ਹੈ। ਜਦੋਂ ਸੜਕ ਦੀ ਹਾਲਤ ਸੁਧਰ ਜਾਵੇਗੀ ਤਾਂ ਅਸੀਂ ਬੱਸ ਦੁਬਾਰਾ ਚਾਲੂ ਕਰ ਦਿਆਂਗੇ।Ḕ
ਅਸੀਂ ਉਨ੍ਹਾਂ ਦੀ ਗੱਲ ਸੁਣ ਕੇ ਸਿੱਧੇ ਕਾਲਜ ਆ ਗਏ ਅਤੇ ਇਸ ਖਸਤਾ ਹਾਲ ਸੜਕ ਨਾਲ ਸਬੰਧਤ ਪਿੰਡਾਂ ਦੇ ਵਿਦਿਆਰਥੀਆਂ ਨਾਲ ਗੱਲ ਕੀਤੀ। ਐਨੀ ਛੇਤੀ ਸੜਕ ਦੀ ਮੁਰੰਮਤ ਹੋਣ ਵਾਲੀ ਨਹੀਂ ਸੀ। ਸਾਰੇ ਵਿਦਿਆਰਥੀਆਂ ਨੇ ਰਲ ਕੇ ਤੈਅ ਕੀਤਾ ਕਿ ਖਸਤਾ ਸੜਕ ਦੀ ਖੁਦ ਮੁਰੰਮਦ ਕੀਤੀ ਜਾਵੇ। ਦੂਜੇ ਦਿਨ ਅਸੀਂ ਕਈ ਜਣੇ ਵਿਦਿਆਰਥੀਆਂ ਤੋਂ ਇਲਾਵਾ ਰੋਜ਼ ਜਾਣ ਵਾਲੀਆਂ ਸਵਾਰੀਆਂ ਸਮੇਤ ਹੋਰ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਵੱਖੋ-ਵੱਖ ਪਿੰਡਾਂ ਦੇ ਸਰਪੰਚਾਂ ਤੇ ਦਾਨੀ ਸੱਜਣਾਂ ਨੂੰ ਮਿਲੇ। ਇਨ੍ਹਾਂ ਸੱਜਣਾਂ ਨੇ ਸਾਡੀ ਸੋਚ ਦੀ ਸਰਾਹਨਾ ਕਰਦਿਆਂ ਆਰਥਿਕ ਮਦਦ ਵੀ ਕੀਤੀ। ਸਾਡੇ ਹੌਸਲੇ ਬੁਲੰਦ ਹੋ ਗਏ। ਸਾਨੂੰ ਜਾਪਿਆ ਕਿ ਅਸੀਂ ਹੁਣ ਇਕੱਲੇ ਨਹੀਂ। ਅਗਲੇ ਦਿਨ ਅਸੀਂ ਸਭ ਨੇ ਰਲ ਕੇ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ। ਸਾਡੇ ਪਿੰਡ ਤੋਂ ਮੰਗਤ ਰਾਮ ਪ੍ਰਧਾਨ ਅਤੇ ਵਿਦਿਆਰਥੀ ਸਾਥੀ ਮਨਜਿੰਦਰ ਨੇ ਟਰੈਕਟਰ ਟਰਾਲੀ ਦੀ ਮਦਦ ਸਬੰਧੀ ਸਾਡੀ ਬੇਨਤੀ ਪ੍ਰਵਾਨ ਕਰ ਲਈ ਪੰਡਤ ਰਾਮ ਚੰਦ, ਜੋ ਉਸ ਵੇਲੇ ਬਲਾਕ ਸੰਮਤੀ ਗੜ੍ਹਸ਼ੰਕਰ ਦੇ ਚੇਅਰਮੈਨ ਸਨ, ਨੇ ਸੜਕ ਦੇ ਟੋਏ ਭਰਨ ਲਈ ਆਪਣੇ ਭੱਠੇ ਤੋਂ ਮੁਫਤ ਕੇਰੀ ਦੇਣ ਵਿੱਚ ਖੁੱਲ੍ਹਦਿਲੀ ਦਿਖਾਈ। ਸਾਨੂੰ ਡਰ ਸੀ ਕਿ ਸਾਨੂੰ ਮੁੰਡਿਆਂ-ਖੁੰਡਿਆਂ ਨੂੰ ਦੇਖ ਕੇ ਚੇਅਰਮੈਨ ਸ਼ਾਇਦ ਚੰਗੀ ਤਰ੍ਹਾਂ ਗੱਲ ਨਾ ਕਰਨ ਪਰ ਉਨ੍ਹਾਂ ਦਾ ਵਤੀਰਾ ਸਾਡੇ ਕਿਆਸ ਤੋਂ ਉਲਟ ਨਿਕਲਿਆ ਸੀ। ਉਨ੍ਹਾਂ ਨੇ ਸਾਡੀ ਸਹਾਇਤਾ ਕਰਨ ਦੇ ਨਾਲ-ਨਾਲ ਸਾਡੀ ਹੌਸਲਾ ਅਫਜ਼ਾਈ ਵੀ ਕੀਤੀ ਅਤੇ ਅੱਗੋਂ ਵੀ ਸਮਾਜ ਸੇਵਾ ਦੇ ਕਾਰਜ ਕਰਨ ਲਈ ਪ੍ਰੇਰਿਆ। ਅਸੀਂ 25 ਦੇ ਕਰੀਬ ਵਿਦਿਆਰਥੀਆਂ ਤੇ ਲਗਭਗ ਇੰਨੇ ਵੱਖੋ-ਵੱਖ ਪਿੰਡਾਂ ਤੋਂ ਇਕੱਠੇ ਹੋਇਆ ਬੰਦਿਆਂ ਨੇ ਇਕ ਸਿਰੇ ਤੋਂ ਸੜਕ ਦੀ ਮੁਰੰਮਤ ਸ਼ੁਰੂ ਕਰ ਦਿੱਤੀ। ਸਾਰਿਆਂ ਦੇ ਕੰਮ ਕਰਨ ਦਾ ਜੋਸ਼ ਸਲਾਹੁਣ ਯੋਗ ਸੀ। ਜਦੋਂ ਸੜਕ ਦੇ ਨੇੜਲੇ ਘਰਾਂ ਦੇ ਸਿਆਣਿਆਂ ਵੱਲੋਂ ਚਾਹ ਅਤੇ ਰੋਟੀ ਦੀ ਪੇਸ਼ਕਸ਼ ਆਉਂਦੀ ਅਤੇ ਉਹ ਇਸ ਨੇਕ ਕੰਮ ਦੀ ਸਰਾਹਨਾ ਕਰਦੇ ਤਾਂ ਪੜ੍ਹਨ ਵਾਲੇ ਮੁੰਡਿਆਂ ਦੀਆਂ ਛਾਤੀਆਂ ਮਾਣ ਨਾਲ ਚੌੜੀਆਂ ਹੋ ਜਾਂਦੀਆਂ। ਤਿੰਨ ਦਿਨਾਂ ਵਿੱਚ ਅਸੀਂ ਇਹ ਸਾਰਾ ਕੰਮ ਨਿਪਟਾ ਲਿਆ। ਸਾਡਾ ਇਹ ਉਪਰਾਲਾ ਸਥਾਨਕ ਅਖਬਾਰਾਂ ਦੀ ਸੁਰਖੀ ਵੀ ਬਣਿਆ।
ਸੜਕ ਦੀ ਹਾਲਤ ਸੁਧਰਨ ‘ਤੇ ਅਸੀਂ ਜਨਰਲ ਮੈਨੇਜਰ ਨੂੰ ਜਾ ਕੇ ਬੇਨਤੀ ਕਰਦਿਆਂ ਕੀਤਾ ਵਾਅਦਾ ਯਾਦ ਕਰਵਾਇਆ। ਉਸ ਭਲੇ ਮਾਣਸ ਅਧਿਕਾਰੀ ਨੇ ਵੀ ਸਾਡੀ ਮਿਹਨਤ ਤੇ ਹਿੰਮਤ ਦੀ ਹੌਸਲਾ ਅਫਜ਼ਾਈ ਕਰਦਿਆਂ ਤੁਰੰਤ ਬੰਦ ਕੀਤੀ ਗਈ ਬੱਸ ਸੇਵਾ ਦੁਬਾਰਾ ਸ਼ੁਰੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ।