ਆਪਰੇਸ਼ਨ ਵਿਧੀ ਨਾਲ ਜੰਮੇ ਬੱਚਿਆਂ ਨੂੰ ਦਮਾ ਅਤੇ ਐਲਰਜੀ ਦਾ ਖਤਰਾ ਦੂਸਰਿਆਂ ਨਾਲੋਂ ਵਧੇਰੇ

ਯੂਨੀਵਰਸਿਟੀ ਆਫ ਅਲਬਰਟਾ ਦੇ ਖੋਜਕਾਰੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਬੱਚਿਆਂ ਦਾ ਜਨਮ ਆਪਰੇਸ਼ਨ ਰਾਹੀਂ ਹੁੰਦਾ ਹੈ ਉਨ੍ਹਾਂ ਨੂੰ ਦਮੇ ਜਾਂ ਐਲਰਜੀ ਆਦਿ ਵਰਗੀਆਂ ਸਿਹਤ ਸਬੰਧੀ ਸਮੱਸਿਆਵਾਂ ਹੋਣ ਦਾ ਡਰ ਵਧੇਰੇ ਰਹਿੰਦਾ ਹੈ। ਇਸ ਹਫਤੇ ਦੇ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਰਨਲ ਵਿੱਚ ਛਪੇ ਅਧਿਐਨ ਵਿੱਚ ਪਾਇਆ ਗਿਆ ਕਿ ਜਿਸ ਹਿਸਾਬ ਨਾਲ ਬੱਚਿਆਂ ਦਾ ਜਨਮ ਹੁੰਦਾ ਹੈ ਜਾਂ ਉਨ੍ਹਾਂ ਨੂੰ ਸੁ਼ਰੂ ਵਿੱਚ ਦੁੱਧ ਆਦਿ ਤੇ ਖੁਰਾਕ ਦਿੱਤੀ ਜਾਂਦੀ ਹੈ ਉਸ ਹਿਸਾਬ ਨਾਲ ਹੀ ਨਵ ਜੰਮੇ ਬੱਚਿਆਂ ਦੇ ਗਟ ਬੈਕਟੀਰੀਆ (ਅੰਤੜੀਆਂ ਸਬੰਧੀ ਬੈਕਟੀਰੀਆ) ਉੱਤੇ ਅਸਰ ਪੈਂਦਾ ਹੈ। ਟੀਮ ਦੀ ਅਗਵਾਈ ਅਨੀਤਾ ਕੋਜ਼ੀਰਕਸਿਜ਼ ਨੇ ਕੀਤੀ ਤੇ ਇਸ ਰਿਪੋਰਟ ਨੂੰ ਤਿਆਰ ਕਰਨ ਵਾਲੀ ਟੀਮ ਨੇ 24 ਤੰਦਰੁਸਤ ਬੱਚਿਆਂ ਦੀ ਅੰਤੜੀਆਂ ਸਬੰਧੀ ਕਾਰਜ ਪ੍ਰਣਾਲੀ ਦਾ ਅਧਿਐਨ ਕੀਤਾ। ਇਸ ਟੀਮ ਦੇ ਨਤੀਜਿਆਂ ਤੋਂ ਪਤਾ ਲੱਗਿਆ ਕਿ ਨਾਰਮਲ ਡਲਿਵਰੀ ਰਾਹੀਂ ਹੋਣ ਵਾਲੇ ਬੱਚਿਆਂ ਵਿੱਚ ਪਾਏ ਜਾਣ ਵਾਲੇ ਖਾਸ ਕਿਸਮ ਦੇ ਬੈਕਟੀਰੀਆ ਆਪਰੇਸ਼ਨ ਰਾਹੀਂ ਹੋਣ ਵਾਲੇ ਬੱਚਿਆਂ ਵਿੱਚ ਨਹੀਂ ਪਾਏ ਜਾਂਦੇ। ਆਪਰੇਸ਼ਨ ਰਾਹੀਂ ਹੋਣ ਵਾਲੇ ਬੱਚਿਆਂ ਨੂੰ ਭਾਵੇਂ ਮਾਂ ਦਾ ਦੁੱਧ ਹੀ ਪਿਆਇਆ ਜਾਂਦਾ ਹੋਵੇ ਪਰ ਉਹ ਗੱਲ ਨਹੀਂ ਬਣਦੀ। ਖੋਜਕਾਰੀਆਂ ਦਾ ਕਹਿਣਾ ਹੈ ਕਿ ਇਸ ਤੋਂ ਸਿੱਧਾ ਸਿੱਧਾ ਭਾਵ ਇਹ ਹੈ ਕਿ ਆਪਰੇਸ਼ਨ ਰਾਹੀਂ ਹੋਣ ਵਾਲੇ ਬੱਚਿਆਂ ਵਿੱਚ ਦਮੇ, ਅੰਤੜੀਆਂ ਵਿੱਚ ਜਲਣ ਸਬੰਧੀ ਬਿਮਾਰੀਆਂ ਜਾਂ ਇੱਥੋਂ ਤੱਕ ਕਿ ਕੈਂਸਰ ਦਾ ਖਤਰਾ ਹੋਣ ਦਾ ਡਰ ਵੀ ਵਧੇਰੇ ਰਹਿੰਦਾ ਹੈ। ਖੋਜਕਾਰੀਆਂ ਨੇ ਆਖਿਆ ਕਿ ਲੋਕ ਆਪਣੇ ਸ਼ਰੀਰਾਂ ਦੇ ਅੰਦਰ ਤੇ ਉੱਤੇ ਅਜਿਹੇ ਬੈਕਟੀਰੀਆ ਲਈ ਫਿਰਦੇ ਹਨ ਜਿਹੜੇ ਨਾ ਤਾਂ ਮਦਦਗਾਰ ਹੁੰਦੇ ਹਨ ਤੇ ਨਾ ਹੀ ਉਨ੍ਹਾਂ ਦਾ ਕੋਈ ਹੋਰ ਕੰਮ ਹੁੰਦਾ ਹੈ। ਅੰਤੜੀਆਂ ਵਿੱਚ ਪਾਏ ਜਾਣ ਵਾਲੇ ਬੈਕਟੀਰੀਆ ਭੋਜਨ ਨੂੰ ਪਚਾਉਣ, ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ, ਅੰਤੜੀਆਂ ਦੇ ਕੰਮ ਕਾਜ ਨੂੰ ਸਹੀ ਰੱਖਣ ਤੇ ਸੰਕ੍ਰਮਣ ਤੋਂ ਬਚਾਉਣ ਦਾ ਕੰਮ ਕਰਦੇ ਹਨ। ਇਸ ਅਧਿਐਨ ਦੇ ਨਾਲ ਜੋੜੇ ਗਏ ਨੋਟ ਵਿੱਚ ਲਿਖਿਆ ਹੈ ਕਿ ਇਨਸਾਨ ਵਿੱਚ ਰੋਗ ਪ੍ਰਤੀਰੋਧਕ ਸਿਸਟਮ ਉਦੋਂ ਤੋਂ ਹੀ ਵਿਕਸਤ ਹੋਣਾ ਸੁ਼ਰੂ ਹੋ ਜਾਂਦਾ ਹੈ ਜਦੋਂ ਬੱਚਾ ਆਪਣੀ ਮਾਂ ਦੀਆਂ ਜਨਮ ਦੇਣ ਵਾਲੀਆਂ ਨਲਾਂ ਵਿੱਚੋਂ ਗੁਜ਼ਰਦਾ ਹੈ। ਅਲਬਰਟਾ ਵਿੱਚ 30 ਫੀ ਸਦੀ ਜਨਮ ਲੈਣ ਵਾਲੇ ਬੱਚੇ ਆਪਰੇਸ਼ਨ ਰਾਹੀਂ ਦੁਨੀਆ ਵੇਖਦੇ ਹਨ ਤੇ ਕੋਜ਼ੀਰਕਸਿਜ਼ ਦਾ ਕਹਿਣਾ ਹੈ ਕਿ ਅੱਜਕੱਲ੍ਹ ਬੱਚਿਆਂ ਨੂੰ ਜਨਮ ਦੇਣ ਜਾ ਰਹੀਆਂ ਮਾਂਵਾਂ ਵੱਲੋਂ ਆਪਰੇਸ਼ਨ ਦੀ ਵਿਧੀ ਰਾਹੀਂ ਬੱਚਿਆਂ ਨੂੰ ਜਨਮ ਦੇਣ ਦਾ ਰੁਝਾਨ ਵੱਧਦਾ ਜਾ ਰਿਹਾ ਹੈ। ਖੋਜ ਟੀਮ ਇਸ ਤੋਂ ਵੀ ਵੱਡੀ ਪੱਧਰ ਉੱਤੇ ਅਧਿਐਨ ਕਰਨਾ ਚਾਹੁੰਦੀ ਹੈ ਤੇ 200 ਬੱਚਿਆਂ ਨੂੰ ਆਪਣੀ ਖੋਜ ਵਿੱਚ ਸ਼ਾਮਲ ਕਰਕੇ, ਬੱਚੇ ਦੇ ਜਨਮ ਤੋਂ ਬਾਅਦ ਉਸ ਵੱਲੋਂ ਤਿਆਗੇ ਜਾਣ ਵਾਲੇ ਪਹਿਲੇ ਮਲ ਦੇ ਸੈਂਪਲ ਦੇ ਨਤੀਜਿਆਂ ਨੂੰ ਬੱਚੇ ਦੇ ਇੱਕ ਸਾਲ ਦਾ ਹੋਣ ਉੱਤੇ ਉਸ ਵੱਲੋਂ ਤਿਆਗੇ ਜਾਣ ਵਾਲੇ ਮਲ ਨਾਲ ਤੁਲਨਾ ਕਰਕੇ ਆਪਣੀ ਜਾਂਚ ਨੂੰ ਅੰਜਾਮ ਦੇਣਾ ਚਾਹੁੰਦੀ ਹੈ। ਕੋਜ਼ੀਰਕਸਿਜ਼ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਉਹ ਆਪਣੀ ਖੋਜ ਵਿੱਚ 2,500 ਬੱਚਿਆਂ ਨੂੰ ਸ਼ਾਮਲ ਕਰਨ ਦਾ ਇਰਾਦਾ ਵੀ ਰੱਖਦੇ ਹਨ। ਇਹ ਉੱਤਰੀ ਅਮਰੀਕਾ ਵਿੱਚ ਆਪਣੀ ਕਿਸਮ ਦਾ ਵੱਡਾ ਅਧਿਐਨ ਹੈ।