ਆਪਣੇ ਵਿਦੇਸ਼ ਮੰਤਰੀ ਦੀ ਬੇਇੱਜ਼ਤੀ ਕਰਨ ਲਈ ਡੋਨਾਲਡ ਟਰੰਪ ਦੀ ਨੁਕਤਾਚੀਨੀ

bob karkar
ਵਾਸ਼ਿੰਗਟਨ, 16 ਅਕਤੂਬਰ (ਪੋਸਟ ਬਿਊਰੋ)- ਅਮਰੀਕੀ ਪਾਰਲੀਮੈਂਟ ਵਿੱਚ ਹਾਕਮ ਰਿਪਬਲਿਕਨ ਪਾਰਟੀ ਦੇ ਇੱਕ ਸੀਨੀਅਰ ਮੈਂਬਰ ਬੌਬ ਕਾਰਕਰ ਨੇ ਵਿਦੇਸ਼ ਮੰਤਰੀ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਲਈ ਰਾਸ਼ਟਰਪਤੀ ਟਰੰਪ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਵਿਦੇਸ਼ ਮੰਤਰੀ ਰੈਕਸ ਟਿਲਰਸਨ ਦੇ ਜਨਤਕ ਅਪਮਾਨ ਵਰਗਾ ਹੈ।
ਅੱਜ ਏਥੇ ਅਮਰੀਕਾ ਦੀ ਪਾਰਲੀਮੈਂਟ ਦੀ ਸ਼ਕਤੀਸ਼ਾਲੀ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦੇ ਮੁਖੀ ਕਾਰਕਰ ਨੇ ਵਾਸ਼ਿੰਗਟਨ ਪੋਸਟ ਨਾਲ ਇੰਟਰਵਿਊ ਵਿੱਚ ਕਿਹਾ ਕਿ ਰੈਕਸ ਟਿਲਰਸਨ ਨੂੰ ਉੱਤਰੀ ਕੋਰੀਆ ਦੇ ਨਾਲ ਗੱਲਬਾਤ ਵਿੱਚ ਸਮਾਂ ਬਰਬਾਦ ਨਾ ਕਰਨ ਲਈ ਜਨਤਕ ਤੌਰ ਉੱਤੇ ਕਿਹਾ ਗਿਆ ਅਤੇ ਉਹ ਵੀ ਤਦ ਕਿਹਾ ਗਿਆ, ਜਦੋਂ ਉਹ ਚੀਨ ਦੇ ਦੌਰੇ ਉੱਤੇ ਸਨ। ਅਮਰੀਕੀ ਵਿਦੇਸ਼ ਮੰਤਰੀ ਦੀ ਹੈਸੀਅਤ ਨਾਲ ਰੈਕਸ ਟਿਲਰਸਨ ਉੱਤਰੀ ਕੋਰੀਆ ਮਸਲੇ ਉੱਤੇ ਚੀਨ ਨਾਲ ਗੱਲਬਾਤ ਕਰਨ ਲਈ ਗਏ ਸਨ। ਬੀਜਿੰਗ ਵਿੱਚ ਉਨ੍ਹਾਂ ਨੇ ਉੱਤਰੀ ਕੋਰੀਆ ਦੇ ਨਾਲ ਹਥਿਆਰ ਕੰਟਰੋਲ ਦੇ ਬਾਰੇ ਗੱਲਬਾਤ ਸ਼ੁਰੂ ਹੋਣ ਦੀਆਂ ਕੋਸ਼ਿਸ਼ਾਂ ਉੱਤੇ ਬਿਆਨ ਦਿੱਤਾ ਸੀ ਪਰ ਕੁਝ ਘੰਟਿਆਂ ਬਾਅਦ ਰਾਸ਼ਟਰਪਤੀ ਟਰੰਪ ਨੇ ਟਵੀਟ ਕਰਕੇ ਉਨ੍ਹਾਂ ਨੂੰ ਗੱਲਬਾਤ ਅੱਗੇ ਵਧਾਉਣ ਤੋਂ ਰੋਕ ਦਿੱਤਾ।
ਪਾਰਲੀਮੈਂਟ ਮੈਂਬਰ ਕਾਰਕਰ ਨੇ ਕਿਹਾ ਕਿ ਰਾਸ਼ਟਰਪਤੀ ਇਸ ਤਰ੍ਹਾਂ ਵਿਦੇਸ਼ ਮੰਤਰੀ ਨੂੰ ਜਨਤਕ ਰੂਪ ਨਾਲ ਅਪਮਾਨਤ ਨਹੀਂ ਕਰ ਸਕਦੇ। ਇਸ ਤਰ੍ਹਾਂ ਓਦੋਂ ਕੀਤਾ ਗਿਆ, ਜਦੋਂ ਰੈਕਸ ਆਪਣੇ ਸਭ ਤੋਂ ਵੱਡੀ ਕੂਟਨੀਤਕ ਕੋਸ਼ਿਸ਼ ਦੇ ਲਈ ਚੀਨ ਗਏ ਸਨ। ਕਾਰਕਰ ਨੇ ਕਿਹਾ ਕਿ ‘ਜਦੋਂ ਤੁਸੀਂ ਹੀ ਲੱਤ ਖਿੱਚੋਗੇ ਤਾਂ ਮੁੱਦੇ ਦੇ ਸ਼ਾਂਤੀ ਪੂਰਨ ਹੱਲ ਦੇ ਰਸਤੇ ਤੋਂ ਖ਼ੁਦ ਹੀ ਹਟੋਗੇ।’ ਰੈਕਸ ਟਿਲਰਸਨ ਉੱਤਰੀ ਕੋਰੀਆ ਮੁੱਦੇ ਨੂੰ ਸ਼ਾਂਤੀ ਪੂਰਨ ਤਰੀਕੇ ਨਾਲ ਹੱਲ ਕਰਨ ਦੀ ਕੋਸ਼ਿਸ਼ ਲਈ ਉੱਥੇ ਗਏ ਸਨ ਤੇ ਉਨ੍ਹਾਂ ਨੇ ਉੱਤਰੀ ਕੋਰੀਆ ਨਾਲ ਸਿੱਧੀ ਗੱਲਬਾਤ ਦੀ ਕੋਸ਼ਿਸ਼ ਦੇ ਸਬੰਧ ਵਿੱਚ ਬਿਆਨ ਦਿੱਤਾ ਸੀ।