ਆਪਣੇ ਪਿੰਡ ਬੰਬੇਲੀ ਵਿੱਚ ਸੱਜਣ ਦਾ ਸਵਾਗਤ ਸੁਖਾਵਾਂ ਨਹੀਂ ਰਿਹਾ

bamboli sajjan
* ਪਿੰਗਲਵਾੜਾ ਤੇ ਯੂਨੀਕ ਹੋਮ ਵੀ ਗਏ ਹਰਜੀਤ ਸਿੰਘ ਸੱਜਣ
ਹੁਸ਼ਿਆਰਪੁਰ, 20 ਅਪ੍ਰੈਲ, (ਪੋਸਟ ਬਿਊਰੋ)- ਕੈਨੇਡਾ ਦੇ ਪਹਿਲੇ ਸਿੱਖ ਰੱਖਿਆ ਮੰਤਰੀ ਬਣ ਕੇ ਦੁਨੀਆ ਭਰ ਵਿਚ ਪੰਜਾਬ ਦਾ ਨਾਂ ਰੋਸ਼ਨ ਕਰਨ ਵਾਲੇ ਹਰਜੀਤ ਸਿੰਘ ਸੱਜਣ ਅੱਜ ਪੰਜਾਬ ਵਿਖੇ ਆਪਣੇ ਜੱਦੀ ਪਿੰਡ ਬੰਬੇਲੀ ਪਹੁੰਚੇ ਤਾਂ ਪਿੰਡ ਦੇ ਕਣ-ਕਣ ਨੇ ਉਨ੍ਹਾਂ ਦਾ ਸਵਾਗਤ ਕੀਤਾ। ਜਿਨ੍ਹਾਂ ਗਲੀਆਂ ਵਿਚ ਉਨ੍ਹਾਂ ਦਾ ਬਚਪਨ ਬੀਤਿਆ ਸੀ, ਉੱਥੇ ਲੋਕਾਂ ਨੇ ਉਨ੍ਹਾਂ ਦੇ ਸਵਾਗਤ ਵਿਚ ਅੱਖਾਂ ਵਿਛਾ ਦਿੱਤੀਆਂ। ਸੱਜਣ ਕਰੀਬ 16 ਸਾਲਾਂ ਬਾਅਦ ਏਥੇ ਆਏ ਸਨ।
ਪਿੰਡ ਬੰਬੇਲੀ ਵਿੱਚ ਪਹੁੰਚਣ ਉੱਤੇ ਹਰਜੀਤ ਸਿੰਘ ਸੱਜਣ ਦਾ ਸਵਾਗਤ ਗਿੱਧੇ ਤੇ ਭੰਗੜੇ ਨਾਲ ਕੀਤਾ ਗਿਆ। ਉਨ੍ਹਾ ਦੀ ਇਕ ਝਲਕ ਨੂੰ ਪਾਉਣ ਲਈ ਲੋਕ ਘਰਾਂ ਦੀਆਂ ਛੱਤਾਂ ਉੱਤੇ ਚੜ੍ਹ ਗਏ। ਸਾਰਾ ਪਿੰਡ ਸੱਜਣ ਨੂੰ ਮਿਲਣ ਲਈ ਬੇਕਰਾਰ ਸੀ। ਪਿੰਡ ਪਹੁੰਚਦੇ ਸਾਰ ਸੱਜਣ ਸਭ ਤੋਂ ਪਹਿਲਾਂ ਪਿੰਡ ਦੇ ਗੁਰਦੁਆਰਾ ਸਾਹਿਬ ਨਤਮਸਤਕ ਹੋਏ। ਇਸ ਤੋਂ ਬਾਅਦ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਸੱਜੇ ਪੰਡਾਲ ਵਿਚ ਪਿੰਡ ਦੇ ਲੋਕਾਂ ਨੂੰ ਮਿਲਣਾ ਸੀ, ਪਰ ਸੁਰੱਖਿਆ ਪ੍ਰਬੰਧਾਂ ਦੀ ਕਮੀ ਕਾਰਨ ਉਹ ਉੱਥੇ ਨਹੀਂ ਪੁੱਜੇ ਅਤੇ ਸਿੱਧਾ ਆਪਣੇ ਘਰ ਪਹੁੰਚ ਗਏ।
16 ਸਾਲਾਂ ਬਾਅਦ ਹੁਸ਼ਿਆਰਪੁਰ ਵਿਖੇ ਆਪਣੇ ਜੱਦੀ ਪਿੰਡ ਬੰਬੇਲੀ ਵਿਖੇ ਪਹੁੰਚੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਆਪਣੇ ਪਰਿਵਾਰ ਨਾਲ ਇਕੱਲੇ ਕੁਝ ਸਮਾਂ ਬਿਤਾਉਣ ਵਿਚ ਸਫਲ ਰਹੇ। ਸਵੇਰ ਤੋਂ ਲਗਾਤਾਰ ਜਿੱਥੇ ਵੀ ਉਹ ਗਏ ਸਨ, ਉਨ੍ਹਾਂ ਨੂੰ ਲੋਕਾਂ ਦੀ ਵੱਡੀ ਭੀੜ ਦਾ ਸਾਹਮਣਾ ਕਰਨਾ ਪਿਆ। ਜਦੋਂ ਉਹ ਆਪਣੇ ਘਰ ਪਹੁੰਚੇ ਤਾਂ ਗੱਲ ਹੋਰ ਸੀ। ਉਹ ਕਾਫੀ ਭਾਵਕ ਹੋਏ ਪਏ ਸਨ ਤੇ ਉਨ੍ਹਾਂ ਨੇ ਇੱਥੇ ਆਪਣੇ ਮਾਤਾ-ਪਿਤਾ ਅਤੇ ਭੈਣ ਨਾਲ ਸ਼ਾਂਤੀ ਵਿਚ ਕੁਝ ਪਲ ਬਿਤਾਏ। ਇਹ ਉਨ੍ਹਾਂ ਦਾ ਜੱਦੀ ਘਰ ਸੀ, ਜਿਸ ਘਰ ਵਿਚ ਉਨ੍ਹਾਂ ਦਾ ਬਚਪਨ ਬੀਤਿਆ ਸੀ। ਉਨ੍ਹਾਂ ਦੇ ਮਾਤਾ-ਪਿਤਾ ਦੀ ਜ਼ਿੰਦਗੀ ਏਥੇ ਬੀਤੀ, ਉਹ ਆਪਣੀ ਭੈਣ ਨਾਲ ਖੇਡੇ, 16 ਸਾਲਾਂ ਬਾਅਦ ਅੱਜ ਉਸੇ ਘਰ ਵਿਚ ਆਏ ਤਾਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਅਤੇ ਮਾਹੌਲ ਭਾਵਕ ਹੋ ਗਿਆ।
ਸਖ਼ਤ ਗਰਮੀ ਦੇ ਬਾਵਜੂਦ ਉਨ੍ਹਾਂ ਨੂੰ ਮੁੱਖ ਸੜਕ ਤੋਂ ਪਿੰਡ ਵਿੱਚ ਖੁੱਲ੍ਹੀ ਜੀਪ ਵਿੱਚ ਲਿਆਂਦਾ ਗਿਆ। ਸਮਾਗਮ ਵਾਲੀ ਥਾਂ ਤੱਕ ਪੁੱਜਣ ਵਿੱਚ ਕਾਫ਼ਲੇ ਨੂੰ ਲਗਪਗ ਇਕ ਘੰਟਾ ਲੱਗ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੜ੍ਹਸ਼ੰਕਰ ਦੇ ਐਸ ਡੀ ਐਮ ਅਤੇ ਡੀ ਐਸ ਪੀ ਪੁੱਜੇ ਸਨ, ਪਰ ਭੀੜ ਕਾਬੂ ਕਰਨ ਦਾ ਕੋਈ ਪ੍ਰਬੰਧ ਨਹੀਂ ਸੀ। ਸੈਂਕੜੇ ਲੋਕ ਸੱਜਣ ਨਾਲ ਹੱਥ ਮਿਲਾਉਣ, ਗੁਲਦਸਤੇ ਭੇਟ ਕਰਨ ਜਾਂ ਸੈਲਫੀਆਂ ਖਿੱਚਣ ਲੱਗੇ ਰਹੇ।
ਸੱਜਣ ਤੇ ਉਨ੍ਹਾਂ ਦੇ ਸਾਥੀ ਭੀੜ ਵਿੱਚੋਂ ਨਿਕਲ ਕੇ ਗੁਰਦੁਆਰੇ ਤੱਕ ਪੁੱਜੇ ਅਤੇ ਮੱਥਾ ਟੇਕਿਆ, ਪਰ ਨਾਲ ਹੀ ਬਣੇ ਕਮਿਊਨਿਟੀ ਹਾਲ ਵਿੱਚ ਰੱਖੇ ਸਮਾਗਮ ਵਿੱਚ ਜਾਣ ਦੀ ਥਾਂ ਆਪਣੇ ਘਰ ਚਲੇ ਗਏ। ਸਟੇਜ ਤੋਂ ਉਨ੍ਹਾਂ ਦੇ ਆਉਣ ਦੀ ਅਨਾਊਂਸਮੈਂਟ ਹੁੰਦੀ ਰਹੀ, ਪਰ ਉਨ੍ਹਾਂ ਨੇ ਉਥੇ ਜਾਣਾ ਠੀਕ ਨਾ ਸਮਝਿਆ। ਆਏ ਲੋਕਾਂ ਅਤੇ ਮੀਡੀਆ ਨੂੰ ਨਿਰਾਸ਼ ਮੁੜਨਾ ਪਿਆ। ਸੱਜਣ ਦਾ ਸਮਾਗਮ ਵਿੱਚ ਨਾ ਆਉਣ ਦਾ ਇਕ ਕਾਰਨ ਇਹ ਵੀ ਸਮਝਿਆ ਜਾਂਦਾ ਹੈ ਕਿ ਓਥੇ ਕੁਝ ਗਰਮ ਖਿਆਲੀ ਆਗੂ ਪੁੱਜੇ ਸਨ। ਪ੍ਰਬੰਧਕਾਂ ਨੇ ਇਨ੍ਹਾਂ ਨੂੰ ਸੁਨੇਹਾ ਨਹੀਂ ਦਿੱਤਾ ਸੀ, ਫਿਰ ਵੀ ਉਹ ਸੱਜਣ ਨੂੰ ਮਿਲਣ ਲਈ ਪੁੱਜ ਗਏ। ਸਾਬਕਾ ਖਾੜਕੂ ਵੱਸਣ ਸਿੰਘ ਜੱਫਰਵਾਲ, ਭਾਈ ਮੋਹਕਮ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਕਈ ਨਿਹੰਗ ਸਿੰਘ ਅਤੇ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਵੀ ਸਨ। ਸਰਕਾਰ ਦਾ ਕੋਈ ਨੁਮਾਇੰਦਾ ਸੱਜਣ ਦੇ ਸਵਾਗਤ ਲਈ ਨਹੀਂ ਆਇਆ, ਪਰ ਸਾਬਕਾ ਵਿਧਾਇਕ ਸੋਹਣ ਸਿੰਘ ਠੰਡਲ ਜ਼ਰੂਰ ਪੁੱਜੇ। ਖ਼ੁਫ਼ੀਆ ਏਜੰਸੀਆਂ ਦੇ ਕਰਮਚਾਰੀ ਵੀ ਭਾਰੀ ਗਿਣਤੀ ਵਿੱਚ ਪਿੰਡ ਵਿੱਚ ਮੌਜੂਦ ਸਨ।
ਇਸ ਤੋਂ ਪਹਿਲਾਂ ਹਰਜੀਤ ਸਿੰਘ ਸੱਜਣ ਸਵੇਰੇ ਪਿੰਗਲਵਾੜਾ ਮਾਨਾਂਵਾਲਾ ਪਹੁੰਚੇ ਤੇ ਕਰੀਬ ਇੱਕ ਘੰਟਾ ਇੱਥੇ ਸਮਾਂ ਬਿਤਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਿੰਗਲਵਾੜਾ ਆ ਕੇ ਰੂਹਾਨੀ ਖੁਸ਼ੀ ਮਿਲੀ ਹੈ। ਇਸ ਮੌਕੇ ਪਿੰਗਲਵਾੜਾ ਦੀ ਮੁਖੀ ਡਾ. ਇੰਦਰਜੀਤ ਕੌਰ ਨੇ ਸੱਜਣ ਦਾ ਨਿੱਘਾ ਸਵਾਗਤ ਕੀਤਾ। ਫਿਰ ਸੱਜਣ ਨੇ ਪਿੰਗਲਵਾੜਾ ਦੇ ਮਾਨਾਂਵਾਲਾ ਕੈਂਪਸ ਵਿੱਚ ਭਗਤ ਪੂਰਨ ਸਿੰਘ ਆਦਰਸ਼ ਸਕੂਲ, ਵਿਸ਼ੇਸ਼ ਬੱਚਿਆਂ ਦੇ ਵਾਰਡ ਅਤੇ ਭਗਤ ਪੂਰਨ ਸਿੰਘ ਬਣਾਉਟੀ ਅੰਗ ਕੇਂਦਰ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੂੰ ਫਿਨਲੈਂਡ ਤੋਂ ਆਏ ਵਾਲੰਟੀਅਰ ਵੀ ਮਿਲੇ। ਡਾ. ਇੰਦਰਜੀਤ ਕੌਰ ਨੇ ਕੈਨੇਡਾ ਦੇ ਰੱਖਿਆ ਮੰਤਰੀ ਸ੍ਰੀ ਸੱਜਣ ਨੂੰ ਸਨਮਾਨਿਤ ਕੀਤਾ। ਸੱਜਣ ਨੇ ਡਾ. ਇੰਦਰਜੀਤ ਕੌਰ ਨੂੰ ਮਨੁੱਖਤਾ ਦੀ ਸੇਵਾ ਦੇ ਖੇਤਰ ਦੀਆਂ ਸ਼ਲਾਘਾਯੋਗ ਪ੍ਰਾਪਤੀਆਂ ਲਈ ਵਿਸ਼ੇਸ਼ ਸਨਮਾਨ ਸਰਟੀਫਿਕੇਟ ਵੀ ਦਿੱਤਾ।
ਬਾਅਦ ਵਿੱਚ ਹਰਜੀਤ ਸਿੰਘ ਸੱਜਣ ਨੇ ਜਲੰਧਰ ਦੇ ਯੂਨੀਕ ਹੋਮ ਵਿੱਚ ਅਨਾਥ ਬੱਚੀਆਂ ਨਾਲ ਦੋ ਘੰਟੇ ਤੋਂ ਵੱਧ ਸਮਾਂ ਰਹੇ। ਉਨ੍ਹਾਂ ਛੋਟੇ ਬੱਚਿਆਂ ਨਾਲ ਘਾਹ ਦੇ ਮੈਦਾਨ ਉੱਤੇ ਦੌੜ-ਦੌੜ ਕੇ ਛੂਆ-ਛੁਆਈ ਖੇਡੀ ਤੇ ਉਹ ਉਦੋਂ ਭਾਵੁਕ ਹੋ ਗਏ, ਜਦੋਂ ਉਨ੍ਹਾਂ ਸਾਹਮਣੇ 15 ਦਿਨ ਪਹਿਲਾਂ ਯੂਨੀਕ ਹੋਮ ਵਿੱਚ ਆਈ ਉਸ ਬੱਚੀ ਨੂੰ ਲਿਆਂਦਾ ਗਿਆ, ਜਿਸ ਨੂੰ ਉਸ ਦੇ ਮਾਪਿਆਂ ਨੇ ਖੂਹ ਵਿੱਚ ਸੁੱਟ ਦਿੱਤਾ ਸੀ। ਇਸ ਬੱਚੀ ਬਾਰੇ ਛਪੀਆਂ ਖ਼ਬਰਾਂ ਪੜ੍ਹ ਕੇ ਸੱਜਣ ਨੇ ਇੱਛਾ ਜ਼ਾਹਰ ਕੀਤੀ ਸੀ। ਯੂਨੀਕ ਹੋਮ ਵੱਲੋਂ ਅਨਾਥ ਬੱਚੀਆਂ ਨੂੰ ਦਿੱਤੇ ਜਾ ਰਹੇ ਸਹਾਰੇ ਅਤੇ ਅਦਾਰੇ ਵੱਲੋਂ ਕਰਵਾਈ ਜਾ ਹੀ ਪੜ੍ਹਾਈ ਅਤੇ ਹੋਰ ਪ੍ਰਬੰਧਾਂ ਤੋਂ ਪ੍ਰਭਾਵਿਤ ਸੱਜਣ ਨੇ ਕਿਹਾ ਕਿ ਉਹ ਇਸ ਬਾਰੇ ਆਪਣੇ ਪ੍ਰਧਾਨ ਮੰਤਰੀ ਨੂੰ ਦੱਸਣਗੇ। ਸੱਜਣ ਨੇ ਕਿਹਾ ਕਿ ਸਿੱਖ ਧਰਮ ਵਿੱਚ ਔਰਤ ਨੂੰ ਗੁਰੂ ਸਾਹਿਬਾਨ ਨੇ ਬਰਾਬਰ ਦਾ ਸਤਿਕਾਰ ਦਿੱਤਾ ਹੈ। ਯੂਨੀਕ ਹੋਮ ਵਿੱਚ ਹਰਜੀਤ ਸਿੰਘ ਸੱਜਣ ਦਾ ਸਵਾਗਤ ਬੱਚੀਆਂ ਨੇ ਗੁਲਾਬ ਦੇ ਫੁੱਲ ਤੇ ਹੱਥੀਂ ਬਣਾਏ ਕਾਰਡ ਨਾਲ ਕੀਤਾ। ਯੂਨੀਕ ਹੋਮ ਵਿਚ ਬਣੇ ਹਾਲ ਵਿੱਚ ਛੋਟੇ ਬੱਚਿਆਂ ਨੇ ਉਨ੍ਹਾਂ ਸਾਹਮਣੇ ਭਰੂਣ ਹੱਤਿਆ ਨਾਲ ਸਬੰਧਤ ਗੀਤ ਪੇਸ਼ ਕੀਤਾ। ਇਸੇ ਯੂਨੀਕ ਹੋਮ ਵਿੱਚ ਰਹਿ ਕੇ ਐਮ ਏ ਤੱਕ ਪੜ੍ਹ ਚੁੱਕੀ ਲੂਈਸੀ ਨੇ ਜਦੋਂ ਰੱਖਿਆ ਮੰਤਰੀ ਦਾ ਸਵਾਗਤ ਅੰਗਰੇਜ਼ੀ ਵਿੱਚ ਕੀਤਾ ਤਾਂ ਉਹ ਦੰਗ ਰਹਿ ਗਏ। ਉਨ੍ਹਾਂ ਲੂਈਸੀ ਨੂੰ ਕੈਨੇਡਾ ਸਰਕਾਰ ਵੱਲੋਂ ਅਜਿਹਾ ਮੈਡਲ ਦੇ ਕੇ ਸਨਮਾਨਿਤ ਕੀਤਾ ਜਿਸ ਨੂੰ ਦਿਖਾ ਕੇ ਉਹ ਕਦੇ ਵੀ ਕੈਨੇਡਾ ਜਾ ਸਕਦੀ ਹੈ। ਉਨ੍ਹਾਂ ਯੂਨੀਕ ਹੋਮ ਚਲਾ ਰਹੀ ਬੀਬੀ ਪ੍ਰਕਾਸ਼ ਕੌਰ ਨੂੰ ਵੀ ਸਰਕਾਰ ਵੱਲੋਂ ਪ੍ਰਸ਼ੰਸਾ ਪੱਤਰ ਦਿੱਤਾ। ਇਸ ਮੌਕੇ ਸਰਕਾਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਹਾਜ਼ਰ ਸਨ।