ਆਪਣੇ ਜੱਦੀ ਘਰ ਪਹੁੰਚੀ ਮਲਾਲਾ ਭਾਵੁਕ ਹੋ ਗਈ


ਪੇਸ਼ਾਵਰ, 1 ਅਪ੍ਰੈਲ (ਪੋਸਟ ਬਿਊਰੋ)- ਨੋਬਲ ਸ਼ਾਂਤੀ ਐਵਾਰਡ ਜੇਤੂ ਮਲਾਲਾ ਯੂਸਫਜ਼ਈ ਇੱਕ ਰੋਜ਼ਾ ਯਾਤਰਾ ‘ਤੇ ਜੱਦੀ ਸ਼ਹਿਰ ਸਵਾਤ ਘਾਟੀ ਪੁੱਜੀ। ਆਪਣੇ ਪੁਰਾਣੇ ਦੋਸਤਾਂ ਤੇ ਅਧਿਆਪਕਾਂ ਨੂੰ ਮਿਲਣ ਮੌਕੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਉਹ ਬਹਤ ਭਾਵੁਕ ਹੋ ਗਈ ਤੇ ਕਿਹਾ ਕਿ ਬ੍ਰਿਟੇਨ ‘ਚ ਪੜ੍ਹਾਈ ਖਤਮ ਕਰਨ ਪਿੱਛੋਂ ਉਹ ਦੇਸ਼ ਪਰਤੇਗੀ ਕਿਉਂਕਿ ਹੋਰਨਾਂ ਵਾਂਗ ਇਹ ਉਸ ਦੇ ਲਈ ਆਪਣਾ ਦੇਸ਼ ਹੈ, ਜਿਸ ਨੂੰ ਉਹ ਬਹੁਤ ਪਿਆਰ ਕਰਦੀ ਹੈ।
ਕੁੜੀਆਂ ਦੀ ਪੜ੍ਹਾਈ ਦਾ ਪੱਖ ਲੈਣ ਵਾਲੀ ਮਲਾਲਾ 2012 ‘ਚ ਤਾਲਿਬਾਨ ਦੀ ਗੋਲੀ ਦਾ ਸ਼ਿਕਾਰ ਹੋਈ ਸੀ। ਤਦ ਉਸ ਨੂੰ ਇਲਾਜ ਲਈ ਏਅਰ ਲਿਫਟ ਕਰ ਕੇ ਬ੍ਰਿਟੇਨ ਲਿਜਾਇਆ ਗਿਆ ਸੀ। ਇਸ ਦੇ ਛੇ ਸਾਲ ਬਾਅਦ ਉਹ ਵੀਰਵਾਰ ਨੂੰ ਆਪਣੇ ਪਿਤਾ ਅਤੇ ਛੋਟੇ ਭਰਾ ਨਾਲ ਆਪਣੇ ਦੇਸ਼ ਪਰਤੀ। ਸੁਰੱਖਿਆ ਕਾਰਨਾਂ ਕਰ ਕੇ ਪਹਿਲਾਂ ਉਨ੍ਹਾਂ ਦਾ ਸਵਾਤ ਘਾਟੀ ਆਉਣਾ ਤੈਅ ਨਹੀਂ ਸੀ, ਪਰ ਉਸ ਨੇ ਘਰ ਜਾਣ ਦੀ ਇੱਛਾ ਪ੍ਰਗਟ ਕੀਤੀ ਤਾਂ ਇਸ ਦੇ ਬਾਅਦ ਸਖਤ ਸੁਰੱਖਿਆ ‘ਚ ਉਹ ਹੈਲੀਕਾਪਟਰ ਰਾਹੀਂ ਮਿੰਗੋਰਾ ਦੇ ਮਾਕਨ ਬਾਗ ਵਿੱਚ ਆਪਣੇ ਜੱਦੀ ਘਰ ਪੁੱਜੀ। ਪਾਕਿਸਤਾਨ ਦੀ ਸੂਚਨਾ ਰਾਜ ਮੰਤਰੀ ਮਰੀਅਮ ਔਰੰਗਜ਼ੇਬ ਵੀ ਉਨ੍ਹਾਂ ਨਾਲ ਮੌਜੂਦ ਸਨ।
ਪੁਰਾਣੇ ਦੋਸਤਾਂ ਅਤੇ ਅਧਿਆਪਕਾਂ ਨਾਲ ਮੁਲਾਕਾਤ ਪਿੱਛੋਂ ਉਸ ਨੇ ਕੁਝ ਸਮਾਂ ਘਰ ਵਿੱਚ ਬਿਤਾਇਆ ਅਤੇ ਫਿਰ ਸਵਾਤ ਘਾਟੀ ਪੁੱਜੀ। ਉਥੇ ਉਸ ਨੇ ਇੱਕ ਸਮਾਗਮ ਨੂੰ ਸੰਬੋਧਨ ਕੀਤਾ। ਏਥੇ ਸ਼ਾਂਗਲਾ ਜ਼ਿਲ੍ਹੇ ਵਿੱਚ ਕੁੜੀਆਂ ਦਾ ਇੱਕ ਸਕੂਲ ਮਲਾਲਾ ਨੂੰ ਨੋਬਲ ਐਵਰਡ ਤੋਂ ਮਿਲੀ ਇਨਾਮੀ ਰਾਸ਼ੀ ਨਾਲ ਬਣਾਇਆ ਗਿਆ ਸੀ। ਆਕਸਫੋਰਡ ਯੂਨੀਵਰਸਿਟੀ ਵਿੱਚ ਪੜ੍ਹ ਰਹੀ ਮਲਾਲਾ ਨੇ ਕਿਹਾ, ਮੈਂ ਆਪਣੇ ਵਤਨ ਨੂੰ ਬਹੁਤ ਯਾਦ ਕਰਦੀ ਹਾਂ। ਪੜ੍ਹਾਈ ਖਤਮ ਹੋਣ ਦੇ ਬਾਅਦ ਮੈਂ ਹਮੇਸ਼ਾ ਲਈ ਪਾਕਿਸਤਾਨ ਆਉਣਾ ਚਾਹੁੰਦੀ ਹਾਂ। ਇਥੇ ਰਹਿ ਕੇ ਮੈਂ ਬੱਚਿਆਂ ਨੂੰ ਯੋਗ ਸਿਖਿਆ ਦਿਵਾਉਣ ਦਾ ਆਪਣਾ ਮਿਸ਼ਨ ਵੀ ਪੂਰਾ ਕਰਾਂਗੀ। ਜ਼ਿਕਰ ਯੋਗ ਹੈ ਕਿ 2014 ‘ਚ ਮਲਾਲਾ ਨੂੰ 14 ਸਾਲ ਦੀ ਉਮਰ ਵਿੱਚ ਭਾਰਤ ਦੇ ਕੈਲਾਸ਼ ਸਤਿਆਰਥੀ ਨਾਲ ਨੋਬਲ ਇਨਾਮ ਦਿੱਤਾ ਗਿਆ ਸੀ। ਉਸ ਨੇ ਪਾਕਿਸਤਾਨ, ਨਾਈਜੀਰੀਆ, ਜਾਰਡਨ, ਸੀਰੀਆ ਅਤੇ ਕੀਨੀਆ ‘ਚ ਸਿਖਿਆ ਦੀ ਵਕਾਲਤ ਕਰਨ ਵਾਲੇ ਗਰੁੱਪਾਂ ਦੇ ਸਹਿਯੋਗ ਨਾਲ ਮਲਾਲਾ ਫੰਡ ਦੀ ਵੀ ਸਥਾਪਨਾ ਕੀਤੀ।