ਆਪਣੇ ਚਹੇਤਿਆਂ ਲਈ ਵਿੰਨ ਸਰਕਾਰ ਤਿਆਰ ਕਰ ਰਹੀ ਹੈ ਨਵੀਂ ਹੋਮ ਕੇਅਰ ਏਜੰਸੀ?


ਕੁਈਨਜ਼ ਪਾਰਕ, 9 ਨਵੰਬਰ (ਪੋਸਟ ਬਿਊਰੋ) : ਆਪਣੇ ਚਹੇਤਿਆਂ ਤੇ ਨਜ਼ਦੀਕੀਆਂ ਨੂੰ ਫਾਇਦਾ ਪਹੁੰਚਾਉਣ ਲਈ ਲਿਬਰਲ ਸਰਕਾਰ ਵੱਲੋਂ ਵਿਵਾਦਗ੍ਰਸਤ ਨਵੀਂ ਹੋਮ ਕੇਅਰ ਏਜੰਸੀ ਖੋਲ੍ਹੇ ਜਾਣ ਦੀਆਂ ਮਿਲ ਰਹੀਆਂ ਰਿਪੋਰਟਾਂ ਤੋਂ ਖਫਾ ਪੀਸੀ ਪਾਰਟੀ ਨੇ ਆਪਣੇ ਵਿਰੋਧੀਆਂ ਉੱਤੇ ਦੋਸ਼ ਲਾਉਂਦਿਆਂ ਆਖਿਆ ਕਿ ਅਜਿਹੀਆਂ ਨੀਤੀਆਂ ਲਿਆ ਕੇ ਵਿੰਨ ਸਰਕਾਰ ਓਨਟਾਰੀਓ ਦੀ ਜਮਹੂਰੀਅਤ ਨੂੰ ਖੋਰਾ ਲਾ ਰਹੀ ਹੈ।
ਹੈਲਥ ਇੰਡਸਟਰੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਨਵੀਂ ਏਜੰਸੀ ਤੋਂ ਸੱਭ ਤੋਂ ਵੱਧ ਫਾਇਦਾ ਮਰੀਜ਼ਾਂ ਨੂੰ ਨਹੀਂ ਸਗੋਂ ਓਨਟਾਰੀਓ ਦੀ ਲਿਬਰਲ ਪਾਰਟੀ ਨਾਲ ਨੇੜਤਾ ਰੱਖਣ ਲਈ ਜਾਣੀ ਜਾਂਦੀ ਐਸਈਆਈਯੂ ਹੈਲਥਕੇਅਰ ਨੂੰ ਹੋਵੇਗਾ। ਇੱਥੇ ਦੱਸਣਾ ਬਣਦਾ ਹੈ ਕਿ ਐਸਈਆਈਯੂ, ਵਰਕਿੰਗ ਓਨਟਾਰੀਓ ਵੁਮਨ ਨਾਂ ਦੇ ਗਰੁੱਪ ਨੂੰ ਵਿੱਤੀ ਮਦਦ ਮੁਹੱਈਆ ਕਰਵਾਉਂਦੀ ਹੈ ਤੇ ਇਹ ਗਰੁੱਪ ਓਨਟਾਰੀਓ ਦੇ ਪੀਸੀ ਆਗੂ ਪੈਟ੍ਰਿਕ ਬ੍ਰਾਊਨ ਖਿਲਾਫ ਇਸ਼ਤਿਹਾਰਬਾਜ਼ੀ ਰਾਹੀਂ ਮੁਹਿੰਮ ਚਲਾ ਰਿਹਾ ਹੈ।
ਓਨਟਾਰੀਓ ਦੇ ਪੀਸੀ ਐਥਿਕਸ ਐਂਡ ਅਕਾਊਂਟੇਬਿਲਿਟੀ ਕ੍ਰਿਟਿਕ ਤੇ ਡਿਪਟੀ ਲੀਡਰ ਸਟੀਵ ਕਲਾਰਕ ਨੇ ਆਖਿਆ ਕਿ ਅਸੀਂ ਜਾਣਦੇ ਹਾਂ ਕਿ ਸਿਆਸੀ ਤੌਰ ਉੱਤੇ ਭ੍ਰਿਸ਼ਟ ਪਾਰਟੀ ਨੂੰ ਹੇਠਾਂ ਲਾਹੁਣਾ ਕਿੰਨਾਂ ਘਿਨਾਉਣਾ ਹੋ ਸਕਦਾ ਹੈ। ਕਲਾਰਕ ਨੇ ਵਿੰਨ ਸਰਕਾਰ ਤੋਂ ਹੇਠ ਲਿਖੀਆਂ ਗੱਲਾਂ ਰਲੀਜ਼ ਕਰਨ ਦੀ ਮੰਗ ਕੀਤੀ :
ਵਿੰਨ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਇਸ ਗੱਲ ਦੀ ਪੁਸ਼ਟੀ ਕਰੇ ਕਿ ਇਸ ਗੁਪਤ ਏਜੰਸੀ ਨੂੰ ਕਾਇਮ ਕਰਨ ਦਾ ਕੋਈ ਲੈਣਾ ਦੇਣਾ ਵਰਕਿੰਗ ਓਨਟਾਰੀਓ ਵੁਮਨ ਵੱਲੋਂ ਕੀਤੀ ਜਾ ਰਹੀ ਇਸ਼ਤਿਹਾਰਬਾਜ਼ੀ ਨਾਲ ਵੀ ਹੈ।
ਪਿਛਲੇ ਇੱਕ ਦੋ ਮਹੀਨਿਆਂ ਵਿੱਚ ਐਸਈਆਈਯੂ ਨੇ ਵਿੰਨ ਦੀ ਲਿਬਰਲ ਸਰਕਾਰ ਨਾਲ ਕੋਈ ਮੀਟਿੰਗਾਂ ਕੀਤੀਆਂ ਹਨ ਜੇ ਹਨ ਤਾਂ ਉਨ੍ਹਾਂ ਦਾ ਵੇਰਵਾ ਮੁਹੱਈਆ ਕਰਵਾਇਆ ਜਾਵੇ।
ਇਸ ਨਵੀਂ ਗੁਪਤ ਏਜੰਸੀ ਨੂੰ ਕਾਇਮ ਕਰਨ ਦੌਰਾਨ ਜੇ ਵਿੰਨ ਸਰਕਾਰ ਵੱਲੋਂ ਸਟੇਕਹੋਲਡਰ ਸੰਸਥਾ ਨਾਲ ਕੋਈ ਸਲਾਹ ਮਸ਼ਵਰਾ ਕੀਤਾ ਗਿਆ ਹੋਵੇ ਤਾਂ ਉਸ ਦਾ ਵੇਰਵਾ ਵੀ ਮੁਹੱਈਆ ਕਰਵਾਇਆ ਜਾਵੇ।
ਇਹ ਨਵੀਂ ਏਜੰਸੀ ਕਿਸ ਤਰ੍ਹਾਂ ਮਰੀਜ਼ਾਂ ਦੀ ਸਿਹਤ ਸੰਭਾਲ ਵਿੱਚ ਸੁਧਾਰ ਕਰੇਗੀ ਉਸ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ।
ਪੀਸੀ ਐਮਪੀਪੀ ਜੈੱਫ ਯੂਰੇਕ ਨੇ ਆਖਿਆ ਕਿ ਇਸ ਤਰ੍ਹਾਂ ਦੀ ਗੁਪਤ ਏਜੰਸੀ ਕਾਇਮ ਕਰਨਾ ਸਪਸ਼ਟ ਤੌਰ ਉੱਤੇ ਸਿਆਸੀ ਫੈਸਲਾ ਸੀ। ਇੰਡਸਟਰੀ ਵਿੱਚ ਮੌਜੂਦ ਹਰ ਸ਼ਖਸ ਇਸ ਤੋਂ ਵਾਕਿਫ ਹੈ। ਕੈਥਲੀਨ ਵਿੰਨ ਅਜਿਹੀ ਨੀਤੀ ਬਣਾਉਂਦਿਆਂ ਫੜ੍ਹੀ ਗਈ ਹੈ ਜਿਹੜੀ ਓਨਟਾਰੀਓ ਲਈ ਤਾਂ ਮਾੜੀ ਹੈ ਪਰ ਉਸ ਦੇ ਨੇੜਲੇ ਸਾਥੀਆਂ ਲਈ ਬਹੁਤ ਫਾਇਦੇਮੰਦ ਹੈ। ਉਨ੍ਹਾਂ ਆਖਿਆ ਕਿ ਵਿੰਨ ਸਰਕਾਰ ਨੇ ਇਸ ਐਲਾਨ ਨੂੰ ਇੱਕ ਪ੍ਰੈੱਸ ਰਲੀਜ਼ ਦੇ ਹੇਠਾਂ ਜਿਹੇ ਕਰਕੇ ਲੁਕੋ ਕੇ ਸਾਂਝਾ ਕੀਤਾ ਹੈ। ਉਨ੍ਹਾਂ ਆਖਿਆ ਕਿ ਪੇਸੈ਼ਂਟਸ ਕੈਨੇਡਾ, ਹੋਮ ਕੇਅਰ ਓਨਟਾਰੀਓ, ਦ ਓਨਟਾਰੀਓ ਪਰਸਨਲ ਸਪੋਰਟ ਵਰਕਰਜ਼ ਐਸੋਸਿਏਸ਼ਨ ਦੀ ਹਾਲਤ ਵੀ ਪਤਲੀ ਹੈ।
ਪੀਸੀ ਐਮਪੀਪੀ ਲੀਜ਼ਾ ਥਾਂਪਸਨ ਨੇ ਆਖਿਆ ਕਿ ਕਈ ਸਾਲਾਂ ਤੋਂ ਲਿਬਰਲ ਸਰਕਾਰ ਆਪਣੇ ਚਹੇਤਿਆਂ ਦੇ ਹਿਤਾਂ ਦਾ ਖਿਆਲ ਰੱਖਦੀ ਆ ਰਹੀ ਹੈ ਤੇ ਹਮੇਸ਼ਾਂ ਆਪਣੇ ਨੇੜਲਿਆਂ ਨੂੰ ਹੀ ਸਰਕਾਰ ਵੱਲੋਂ ਪਹਿਲ ਦਿੱਤੀ ਜਾਂਦੀ ਰਹੀ ਹੈ। ਜਿਸ ਨਾਲ ਸਖ਼ਤ ਮਿਹਨਤ ਕਰਕੇ ਜੂਨ ਗੁਜ਼ਾਰਾ ਕਰਨ ਵਾਲੇ ਓਨਟਾਰੀਓ ਦੇ ਪਰਿਵਾਰਾਂ ਨੂੰ ਵੱਧ ਟੈਕਸ ਦੇ ਕੇ ਘੱਟ ਹੀ ਮਿਲਦਾ ਰਿਹਾ ਹੈ। ਕੈਥਲੀਨ ਵਿੰਨ ਤੇ ਉਨ੍ਹਾਂ ਦੇ ਖਾਸ ਲੋਕਾਂ ਦੀ ਜਿ਼ੰਦਗੀ ਤਾਂ ਸੁਖਾਲੀ ਹੈ ਤੇ ਉਹ ਇਸ ਨੂੰ ਬਾਦਸਤੂਰ ਇਸੇ ਤਰ੍ਹਾਂ ਹੀ ਜਾਰੀ ਵੀ ਰੱਖਣਾ ਚਾਹੁੰਦੇ ਹਨ।
ਕਲਾਰਕ ਨੇ ਅਖੀਰ ਵਿੱਚ ਆਖਿਆ ਕਿ ਇਹ ਸੱਭ ਹੋਰ ਨਹੀਂ ਚੱਲ ਸਕਦਾ। ਓਨਟਾਰੀਓ ਵਾਸੀ ਹੁਣ ਜਵਾਬ ਚਾਹੁੰਦੇ ਹਨ। ਉਨ੍ਹਾਂ ਨੂੰ ਬਿਹਤਰ ਜਿ਼ੰਦਗੀ ਦੀ ਆਸ ਹੈ। ਉਹ ਇਹ ਜਾਨਣਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਟੈਕਸ ਦਾ ਪੈਸਾ ਕਿਤੇ ਸਰਕਾਰ ਹਮਲਾਵਰ ਇਸ਼ਤਿਹਾਰਾਂ ਉੱਤੇ ਤਾਂ ਨਹੀਂ ਉਡਾਈ ਜਾ ਰਹੀ।