ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਗਲਤ ਸਿੱਧ ਕਰ ਸਕਦਾ ਹਾਂ : ਬ੍ਰਾਊਨ


ਟੋਰਾਂਟੋ, 11 ਫਰਵਰੀ (ਪੋਸਟ ਬਿਊਰੋ) : ਜਿਨਸੀ ਸ਼ੋਸ਼ਣ ਦੇ ਦੋਸ਼ ਲੱਗਣ ਤੋਂ ਬਾਅਦ ਪਿਛਲੇ ਮਹੀਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਓਨਟਾਰੀਓ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਆਗੂ ਪੈਟਰਿੱਕ ਬ੍ਰਾਊਨ ਨੇ ਐਤਵਾਰ ਨੂੰ ਆਖਿਆ ਕਿ ਉਹ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਗਲਤ ਸਿੱਧ ਕਰ ਸਕਦੇ ਹਨ।
ਫੇਸਬੁੱਕ ਉੱਤੇ ਪਾਈ ਇੱਕ ਪੋਸਟ ਵਿੱਚ ਪੈਟਰਿੱਕ ਬ੍ਰਾਊਨ ਨੇ ਲਿਖਿਆ ਹੈ ਕਿ ਉਨ੍ਹਾਂ ਉੱਤੇ ਲੱਗੇ ਦੋਸ਼ਾਂ ਦੀ ਉਹ ਜਾਂਚ ਕਰ ਰਹੇ ਹਨ। ਦੋ ਮਹਿਲਾਂਵਾਂ, ਜਿਨ੍ਹਾਂ ਦੇ ਨਾਂ ਦਾ ਕੋਈ ਖੁਲਾਸਾ ਨਹੀਂ ਕੀਤਾ ਗਿਆ, ਵੱਲੋਂ ਲਾਏ ਗਏ ਦੋਸ਼ਾਂ ਵਿੱਚ ਕੁੱਝ ਗੜਬੜ ਤਾਂ ਹੈ ਤੇ ਇਹ ਝੂਠੇ ਲੱਗ ਰਹੇ ਹਨ। ਉਨ੍ਹਾਂ ਆਖਿਆ ਕਿ ਇਹ ਦੋਸ਼ ਉਨ੍ਹਾਂ ਉੱਤੇ ਉਦੋਂ ਲਾਏ ਗਏ ਜਦੋਂ ਉਹ ਫੈਡਰਲ ਐਮਪੀ ਸਨ। ਬ੍ਰਾਊਨ ਨੇ ਇਸ ਪੋਸਟ ਵਿੱਚ ਲਿਖਿਆ ਕਿ ਉਹ ਆਪਣੇ ਨਾਂ ਉੱਤੇ ਲੱਗਿਆ ਧੱਬਾ ਸਾਫ ਕਰਕੇ ਹੀ ਰਹਿਣਗੇ।
ਪਿਛਲੇ ਹਫਤੇ ਵੀ ਬ੍ਰਾਊਨ ਨੇ ਇੱਕ ਇੰਟਰਵਿਊ ਵਿੱਚ ਇਹ ਆਖਿਆ ਸੀ ਕਿ ਉਹ ਨਿਰਦੋਸ਼ ਹਨ ਤੇ ਉਹ ਕਾਨੂੰਨੀ ਕਾਰਵਾਈ ਕਰਨ ਬਾਰੇ ਸੋਚ ਰਹੇ ਹਨ। ਜਿ਼ਕਰਯੋਗ ਹੈ ਕਿ ਇਹ ਖਬਰ ਸੀਟੀਵੀ ਵੱਲੋਂ ਲਿਆਂਦੀ ਗਈ ਸੀ। ਸੀਟੀਵੀ ਦੇ ਕਮਿਊਨਿਕੇਸ਼ਨ ਡਾਇਰੈਕਟਰ ਨੇ ਆਪਣੇ ਬਿਆਨ ਵਿੱਚ ਲਿਖਿਆ ਕਿ ਪੈਟਰਿੱਕ ਬ੍ਰਾਊਨ ਵੱਲੋਂ ਆਪਣੀ ਫੇਸਬੁੱਕ ਪੋਸਟ ਉੱਤੇ ਕੀਤੇ ਜਾ ਰਹੇ ਦਾਅਵਿਆਂ ਤੋਂ ਸੀਟੀਵੀ ਜਾਣੂ ਹੈ। ਸੀਟੀਵੀ ਆਪਣੇ ਵੱਲੋਂ ਨਸ਼ਰ ਕੀਤੀ ਖਬਰ ਦੇ ਨਾਲ ਖੜ੍ਹਾ ਹੈ।
ਬ੍ਰਾਊਨ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਇਹ ਵੀ ਲਿਖਿਆ ਕਿ ਉਹ ਆਪਣੇ ਪਰਿਵਾਰ ਤੇ ਹਲਕਾਵਾਸੀਆਂ ਲਈ ਲੜਨਾ ਜਾਰੀ ਰੱਖੇਗਾ ਤੇ ਆਪਣੇ ਨਾਂ ਤੇ ਸਾਖ਼ ਨਾਲ ਲੱਗੇ ਦਾਗ ਨੂੰ ਸਾਫ ਕਰਾ ਕੇ ਹੀ ਸਾਹ ਲਵੇਗਾ। ਇੱਥੇ ਦੱਸਣਾ ਬਣਦਾ ਹੈ ਕਿ ਸੀਟੀਵੀ ਵੱਲੋਂ ਜਿਨ੍ਹਾਂ ਦੋਸ਼ਾਂ ਦੀ ਰਿਪੋਰਟ ਕੀਤੀ ਗਈ ਉਨ੍ਹਾਂ ਦੀ ਦ ਕੈਨੇਡੀਅਨ ਪ੍ਰੈੱਸ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ। 24 ਜਨਵਰੀ ਨੂੰ ਬ੍ਰੌਡਕਾਸਟਰ ਨੇ ਇਹ ਰਿਪੋਰਟ ਦਿੱਤੀ ਕਿ ਇੱਕ ਮਹਿਲਾ, ਜੋ ਕਿ ਹੁਣ 29 ਸਾਲਾਂ ਦੀ ਹੈ, ਨੇ ਇਹ ਆਖਿਆ ਸੀ ਕਿ ਉਹ ਉਸ ਸਮੇਂ ਹਾਈ ਸਕੂਲ ਵਿੱਚ ਸੀ ਜਦੋਂ ਬ੍ਰਾਊਨ ਨੇ ਉਸ ਨੂੰ ਓਰਲ ਸੈਕਸ ਕਰਨ ਲਈ ਆਖਿਆ ਸੀ। ਸੀਟੀਵੀ ਨੇ ਇਹ ਵੀ ਆਖਿਆ ਕਿ ਇਹ ਸੱਭ ਬ੍ਰਾਊਨ ਦੇ ਬੰਦ ਦਰਵਾਜ਼ੇ ਵਾਲੇ ਬੈੱਡਰੂਮ ਵਿੱਚ ਹੋਇਆ ਸੀ। ਪਰ ਬ੍ਰਾਊਨ ਨੇ ਫੇਸਬੁੱਕ ਪੋਸਟ ਵਿੱਚ ਆਖਿਆ ਕਿ ਜਦੋਂ ਦੀ ਗੱਲ ਦਾ ਇਹ ਜਿ਼ਕਰ ਹੈ ਉਸ ਸਮੇਂ ਉਹ ਓਪਨ ਕਾਂਸੈਪਟ ਅਪਾਰਟਮੈਂਟ ਵਿੱਚ ਰਹਿੰਦਾ ਸੀ ਤੇ ਬੈੱਡਰੂਮ ਦਾ ਕੋਈ ਦਰਵਾਜ਼ਾ ਹੀ ਨਹੀਂ ਸੀ।
ਸੀਟੀਵੀ ਨੇ ਇਹ ਰਿਪੋਰਟ ਦਿੱਤੀ ਸੀ ਕਿ ਦੂਜੀ ਮਹਿਲਾ ਉਸ ਸਮੇਂ ਯੂਨੀਵਰਸਿਟੀ ਦੀ ਵਿਦਿਆਰਥਣ ਸੀ ਤੇ ਬ੍ਰਾਊਨ ਦੇ ਹਲਕਾ ਆਫਿਸ ਵਿੱਚ ਕੰਮ ਕਰਦੀ ਸੀ ਜਦੋਂ ਉਸ ਨੇ ਉਸ ਦੇ ਇੱਕ ਈਵੈਂਟ ਦਾ ਪ੍ਰਬੰਧ ਕਰਨ ਵਿੱਚ ਬ੍ਰਾਊਨ ਦੀ ਮਦਦ ਕੀਤੀ ਤੇ ਬ੍ਰਾਊਨ ਵੱਲੋਂ ਉਸ ਉੱਤੇ ਕਥਿਤ ਤੌਰ ਉੱਤੇ ਜਿਨਸੀ ਹਮਲਾ ਕੀਤਾ ਗਿਆ। ਬ੍ਰਾਊਨ ਨੇ ਆਪਣੀ ਪੋਸਟ ਵਿੱਚ ਦੋਸ਼ ਲਾਇਆ ਕਿ ਉਸ ਰਾਤ ਉਸ ਮਹਿਲਾ ਨੇ ਉਸ ਨੂੰ ਚੁੰਮਣ ਦੀ ਕੋਸਿ਼ਸ਼ ਕੀਤੀ ਜਦਕਿ ਜਿਸ ਮਹਿਲਾ ਨੂੰ ਉਹ ਡੇਟ ਕਰ ਰਿਹਾ ਸੀ ਉਹ ਦੂਜੇ ਕਮਰੇ ਵਿੱਚ ਸੀ। ਬ੍ਰਾਊਨ ਨੇ ਆਖਿਆ ਕਿ ਉਸ ਨੇ ਫੌਰਨ ਉਸ ਮਹਿਲਾ ਨੂੰ ਅਜਿਹਾ ਕਰਨ ਤੋਂ ਰੋਕਿਆ ਤੇ ਉਸ ਨੂੰ ਘਰ ਛੱਡਣ ਦੀ ਪੇਸ਼ਕਸ਼ ਕੀਤੀ। ਫਿਰ ਉਹ ਉਸ ਨੂੰ ਘਰ ਛੱਡ ਕੇ ਵੀ ਆਇਆ। ਇਸ ਗੱਲ ਦੇ ਤਿੰਨ ਚਸ਼ਮਦੀਦ ਗਵਾਹ ਵੀ ਹਨ। ਬ੍ਰਾਊਨ ਨੇ ਆਖਿਆ ਕਿ ਸੀਟੀਵੀ ਨੇ ਉਸ ਰਿਪੋਰਟ ਵਿੱਚ ਚਸ਼ਮਦੀਦ ਦਾ ਪੱਖ ਪਾਇਆ ਹੀ ਨਹੀਂ।