ਆਪਣੀਆਂ ਹਰਕਤਾਂ ਤੋਂ ਬਾਜ਼ ਆਵੇ ਉੱਤਰੀ ਕੋਰੀਆ, ਨਹੀਂ ਤਾਂ ਮਾੜੇ ਸਿੱਟੇ ਭੁਗਤਣ ਲਈ ਰਹੇ ਤਿਆਰ: ਟਰੰਪ

trumpਬੈੱਡਮਿਨਸਟਰ, 11 ਅਗਸਤ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੀ ਕਿਸੇ ਪਾਸਿਓਂ ਆਪਣੀ ਪਿੱਠ ਲੱਗਣ ਨਹੀਂ ਦੇਣੀ ਚਾਹੁੰਦੇ ਇਸ ਲਈ ਉਨ੍ਹਾਂ ਵੀਰਵਾਰ ਨੂੰ ਉੱਤਰੀ ਕੋਰੀਆ ਦੇ ਸ਼ਾਸਕ ਕਿੰਮ ਜੌਂਗ ਉਨ ਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਵੇ ਨਹੀਂ ਤਾਂ ਮਾੜੇ ਨਤੀਜਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਉਨ੍ਹਾਂ ਇਹ ਵੀ ਆਖਿਆ ਕਿ ਇਸ ਤੋਂ ਪਹਿਲਾਂ ਉੱਤਰੀ ਕੋਰੀਆ ਨੂੰ ਦਿੱਤੀ ਗਈ ਚੇਤਾਵਨੀ ਕਾਫੀ ਮਾਮੂਲੀ ਸੀ।
ਟਰੰਪ ਨੇ ਆਖਿਆ ਕਿ ਸ਼ਾਇਦ ਉਹ ਤਾੜਨਾ ਉੱਤਰੀ ਕੋਰੀਆ ਨੂੰ ਸਮਝ ਨਹੀਂ ਆਈ ਤੇ ਨਾ ਹੀ ਉਹ ਉਸ ਲਈ ਕਾਫੀ ਸੀ। ਪਰ ਪ੍ਰਮਾਣੂ ਸਮਰੱਥਾ ਵਾਲੇ ਦੋ ਦੇਸ਼ਾਂ ਵਿਚਾਲੇ ਇਸ ਤਰ੍ਹਾਂ ਦੀਆਂ ਧਮਕੀਆਂ ਦੀ ਅਦਲਾ ਬਦਲੀ ਚੰਗੀ ਨਹੀਂ ਹੈ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਨੀ ਸਖ਼ਤ ਬਿਆਨਬਾਜ਼ੀ ਦੇ ਬਾਵਜੂਦ ਨਾ ਤਾਂ ਅਮਰੀਕਾ ਵੱਲੋਂ ਕਿਸੇ ਤਰ੍ਹਾਂ ਦੀ ਫੌਜੀ ਤਿਆਰੀ ਕੀਤੀ ਜਾ ਰਹੀ ਹੈ ਤੇ ਨਾ ਹੀ ਪਯੌਂਗਯੈਂਗ ਵੱਲੋਂ ਹੀ ਜੰਗ ਵਿੱਢੀ ਜਾ ਰਹੀ ਹੈ।
ਟਰੰਪ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਕੀ ਉਹ ਅਗਾਊਂ ਫੌਜੀ ਹਮਲਾ ਕਰਨ ਦਾ ਵਿਚਾਰ ਬਣਾ ਚੁੱਕੇ ਹਨ ਜਿਵੇਂ ਕਿ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਸੀ। ਸਾਬਕਾ ਰਾਸ਼ਟਰਪਤੀ ਓਬਾਮਾ ਦਾ ਨਾਂ ਲਏ ਬਿਨਾਂ ਟਰੰਪ ਨੇ ਆਖਿਆ ਕਿ ਇਸ ਤੋਂ ਪਹਿਲਾਂ ਕਿਸੇ ਨੇ ਕੋਈ ਸਹੀ ਕਾਰਵਾਈ ਕੀਤੀ ਹੁੰਦੀ ਤਾਂ ਗੱਲ ਇੱਥੋਂ ਤੱਕ ਨਾ ਵੱਧਦੀ ਪਰ ਕਿਸੇ ਨੂੰ ਤਾਂ ਆਪਣੇ ਦੇਸ਼ ਤੇ ਆਪਣੇ ਲੋਕਾਂ ਲਈ ਸਟੈਂਡ ਲੈਣਾ ਹੋਵੇਗਾ।
ਜਿ਼ਕਰਯੋਗ ਹੈ ਕਿ ਉੱਤਰੀ ਕੋਰੀਆ ਵੱਲੋਂ ਪਿਛਲੇ ਕਈ ਦਿਨਾਂ ਤੋਂ ਕੀਤੇ ਜਾ ਰਹੇ ਮਿਜ਼ਾਈਲ ਪਰੀਖਣਾਂ ਕਾਰਨ ਕਈ ਮਹੀਨਿਆਂ ਤੋਂ ਹੀ ਤਣਾਅ ਕਾਫੀ ਵੱਧਦਾ ਜਾ ਰਿਹਾ ਹੈ। ਇਸ ਤਣਾਅ ਵਿੱਚ ਉਦੋਂ ਵਾਧਾ ਹੋ ਗਿਆ ਜਦੋਂ ਸ਼ਨਿੱਚਰਵਾਰ ਨੂੰ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕਾਉਂਸਲ ਵੱਲੋਂ ਟਰੰਪ ਪ੍ਰਸ਼ਾਸਨ ਦੀ ਗੁਜ਼ਾਰਿਸ਼ ਉੱਤੇ ਉੱਤਰੀ ਕੋਰੀਆ ਖਿਲਾਫ ਪਾਬੰਦੀਆਂ ਲਾ ਦਿੱਤੀਆਂ। ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਭੜਕਾਹਟ ਹੋਰ ਵੱਧ ਗਈ।