ਆਪਣਾ ਪ੍ਰਮਾਣੂ ਪ੍ਰੋਗਰਾਮ ਮੁੜ ਸ਼ੁਰੂ ਕਰਨ ਉੱਤੇ ਇਰਾਨ ਨੂੰ ਹੋ ਸਕਦੀ ਹੈ ਵੱਡੀ ਸਮੱਸਿਆ : ਟਰੰਪ


ਵਾਸਿੰ਼ਗਟਨ, 24 ਅਪਰੈਲ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਮੰਗਲਵਾਰ ਨੂੰ ਇਹ ਸੰਕੇਤ ਦਿੱਤਾ ਕਿ ਉਹ ਯੂਰਪੀਅਨ ਭਾਈਵਾਲਾਂ ਨਾਲ ਨਵੇਂ ਪ੍ਰਬੰਧਾਂ ਲਈ ਆਪਣਾ ਪੱਖ ਖੁੱਲ੍ਹਾ ਰੱਖ ਕੇ ਚੱਲ ਰਹੇ ਹਨ। ਮੱਧ ਪੂਰਬ ਵਿੱਚ ਤਹਿਰਾਨ ਦੀਆਂ ਹਥਿਆਰਾਂ ਤੇ ਅਸਥਿਰਤਾ ਲਿਆਉਣ ਵਾਲੀਆਂ ਗਤੀਵਿਧੀਆਂ ਨੂੰ ਰੋਕਣ ਲਈ ਅਮਰੀਕਾ ਇਰਾਨ ਦੇ ਪ੍ਰਮਾਣੂ ਕਰਾਰ ਨੂੰ ਸ਼ਰਤਾਂ ਦੇ ਪਸਾਰ ਨਾਲ ਪ੍ਰਿਜ਼ਰਵ ਕਰਨਾ ਚਾਹੁੰਦਾ ਹੈ।
ਵਾੲ੍ਹੀਟ ਹਾਊਸ ਵਿੱਚ ਫਰਾਂਸ ਦੇ ਰਾਸ਼ਟਰਪਤੀ ਅਮੈਨੂਅਲ ਮੈਕਰੌਨ ਦੀ ਮੇਜ਼ਬਾਨੀ ਕਰਦਿਆਂ ਟਰੰਪ ਨੇ ਸਾਬਕਾ ਰਾਸ਼ਟਰਪਤੀ ਵੱਲੋਂ ਕੀਤੇ ਗਏ ਸਮਝੌਤੇ ਨੂੰ ਭਿਆਨਕ ਡੀਲ ਦੱਸਿਆ। ਪਰ ਉਨ੍ਹਾਂ ਇਹ ਵੀ ਆਖਿਆ ਕਿ ਜੇ ਅਮਰੀਕਾ ਤੇ ਯੂਰਪੀ ਅਧਿਕਾਰੀ ਕੋਈ ਮਜ਼ਬੂਤ ਡੀਲ ਦੀ ਗੱਲ ਕਰਦੇ ਹਨ ਤਾਂ ਉਹ ਉਸ ਲਈ ਸਹਿਮਤ ਹੋ ਸਕਦੇ ਹਨ। ਟਰੰਪ ਨੇ ਕੋਈ ਵਚਨਬੱਧਤਾ ਤਾਂ ਨਹੀਂ ਪ੍ਰਗਟਾਈ ਸਗੋਂ ਉਨ੍ਹਾਂ ਇਸ ਸਬੰਧੀ ਸਾਰੇ ਪੱਖ ਖੁੱਲ੍ਹੇ ਰੱਖਦਿਆਂ ਹੋਇਆਂ 12 ਮਈ ਤੱਕ ਕੋਈ ਨਾ ਕੋਈ ਸਮਝੌਤਾ ਸਿਰੇ ਚੜ੍ਹਾਉਣ ਦੀ ਗੱਲ ਆਖੀ।
ਇਸ ਦੌਰਾਨ ਹੀ ਟਰੰਪ ਨੇ ਇਹ ਸੰਕੇਤ ਦਿੱਤਾ ਹੈ ਕਿ ਸੀਰੀਆ ਦੇ ਹਾਕਮ ਬਸ਼ਰ ਅਸਦ ਦਾ ਸਾਥ ਦੇਣ ਉੱਤੇ ਅਮਰੀਕਾ, ਰੂਸ ਉੱਤੇ ਨਵੀਆਂ ਪਾਬੰਦੀਆਂ ਲਾ ਸਕਦਾ ਹੈ। ਇਸ ਤੋਂ ਇਲਾਵਾ ਟਰੰਪ ਨੇ ਇਹ ਵੀ ਆਖਿਆ ਕਿ ਜੂਨ ਦੇ ਸ਼ੁਰੂ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਉੱਤਰੀ ਕੋਰੀਆ ਨਾਲ ਉਹ ਯਕੀਨਨ ਕੋਈ ਸਮਝੌਤਾ ਸਿਰੇ ਚਾੜ੍ਹ ਲੈਣਗੇ। ਫਰਾਂਸ ਦੇ ਰਾਸ਼ਟਰਪਤੀ ਮੈਕਰੌਨ ਦਾ ਅਮਰੀਕਾ ਆਉਣ ਦਾ ਅਸਲ ਮਕਸਦ ਟਰੰਪ ਨੂੰ ਇਰਾਨ ਪ੍ਰਮਾਣੂ ਸਮਝੌਤਾ ਖ਼ਤਮ ਨਾ ਕਰਨ ਲਈ ਰਾਜ਼ੀ ਕਰਨਾ ਸੀ। ਜਦਕਿ ਅਮਰੀਕੀ ਤੇ ਯੂਰਪੀਅਨ ਵਾਰਤਾਕਾਰ ਤਹਿਰਾਨ ਨੂੰ ਰੋਕਣ ਲਈ ਨਵੇਂ ਸਮਝੌਤੇ ਵੀ ਕਰਨਾ ਚਾਹੁੰਦੇ ਹਨ।
ਵਾਰਤਾਕਾਰਾਂ ਵਿੱਚ ਇਸ ਲਈ ਤਾਂ ਆਮ ਸਹਿਮਤੀ ਬਣ ਗਈ ਹੈ ਕਿ ਜੇ ਇਰਾਨ ਲੰਮੀਂ ਦੂਰੀ ਤੱਕ ਮਾਰ ਕਰਨ ਵਾਲੀਆਂ ਬਾਲਿਸਟਿਕ ਮਿਜ਼ਾਈਲਾਂ ਦਾ ਪ੍ਰੀਖਣ ਕਰਦਾ ਹੈ ਤਾਂ ਉਸ ਨੂੰ ਸਜ਼ਾ ਕਿਵੇਂ ਦੇਣੀ ਹੈ ਪਰ ਅਸਲ ਸਮਝੌਤੇ ਦੇ ਮੁੱਕਣ ਉੱਤੇ ਪ੍ਰਮਾਣੂ ਪ੍ਰੋਗਰਾਮ ਦੇ ਸਬੰਧ ਵਿੱਚ ਪਾਬੰਦੀਆਂ ਦੀ ਹੱਦ ਦੇ ਪਸਾਰ ਉੱਤੇ ਵਾਰਤਾਕਾਰ ਵੰਡੇ ਹੋਏ ਹਨ। ਟਰੰਪ ਨੇ ਗੱਲਬਾਤ ਵਿੱਚ ਮੈਕਰੌਨ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਇਰਾਨ ਦੀ ਪ੍ਰਮਾਣੂ ਡੀਲ, ਜਿਸ ਨੂੰ ਜੁਆਇੰਟ ਕਾਂਪਰੀਹੈਂਸਿਵ ਪਲੈਨ ਆਫ ਐਕਸ਼ਨ (ਜੇਸੀਪੀਓਏ) ਆਖਿਆ ਜਾਂਦਾ ਹੈ, ਭਾਵੇਂ ਬਿਲਕੁਲ ਦਰੁਸਤ ਨਹੀਂ ਹੈ ਪਰ ਇਸ ਨੂੰ ਬਿਲਕੁਲ ਹੀ ਖਤਮ ਕਰਨ ਨਾਲੋਂ ਚੰਗਾ ਹੋਵੇਗਾ ਕਿ ਇਸ ਨੂੰ ਵੱਡੇ ਸਮਝੌਤੇ ਦਾ ਇੱਕ ਥੰਮ੍ਹ ਬਣਾਇਆ ਜਾਵੇ।
ਜਿ਼ਕਰਯੋਗ ਹੈ ਕਿ ਇਰਾਨ ਦੇ ਸਕਿਊਰਿਟੀ ਚੀਫ ਨੇ ਮੰਗਲਵਾਰ ਨੂੰ ਇਹ ਚੇਤਾਵਨੀ ਦਿੱਤੀ ਸੀ ਕਿ ਜੇ ਟਰੰਪ ਨੇ ਜੇਸੀਪੀਓਏ ਨੂੰ ਖਤਮ ਕਰਨ ਦੀ ਕੋਸਿ਼ਸ਼ ਕੀਤੀ ਤਾਂ ਉਹ ਪ੍ਰਮਾਣੂ ਨਿਸ਼ਸਤਰੀਕਰਨ ਸੰਧੀ ਤੋਂ ਪਾਸੇ ਹੋਣ ਬਾਰੇ ਵਿਚਾਰ ਕਰ ਸਕਦੇ ਹਨ।