ਆਨੰਦ ਕਾਰਜ ਸਵੇਰੇ, ਬਰਾਤ ਦੁਪਹਿਰੇ..

-ਕੁਲਦੀਪ ਸਿੰਘ ਧਨੌਲਾ
ਕੋਈ ਸਮਾਂ ਸੀ ਜਦੋਂ ਬਰਾਤਾਂ ਦੋ-ਦੋ, ਤਿੰਨ-ਤਿੰਨ ਦਿਨ ਰਿਹਾ ਕਰਦੀਆਂ ਸਨ ਤੇ ਲੋਕਾਂ ਵਿੱਚ ਪਿਆਰ ਮੁਹੱਬਤ ਡੁੱਲ੍ਹ-ਡੁੱਲ੍ਹ ਪੈਂਦਾ ਸੀ। ਬਰਾਤ ਆਉਣ ਉਤੇ ਥਾਈਆਂ (ਧਰਮਸ਼ਾਲਾਵਾਂ) ਵਿੱਚ ਕੜਾਹੇ ਰੱਖੇ ਹੁੰਦੇ। ਛਟੀਆਂ, ਲੱਕੜਾਂ ਵੀ ਰੱਖੀਆਂ ਹੁੰਦੀਆਂ, ਜਿਨ੍ਹਾਂ ਨਾਲ ਪਾਣੀ ਗਰਮ ਕੀਤਾ ਜਾਂਦਾ। ਆਉਣ ਸਾਰ ਬਰਾਤੀ ਗਰਮ ਪਾਣੀ ਨਾਲ ਨਹਾਉਂਦੇ ਧੋਂਦੇ, ਤੇ ਫੇਰ ਕਿਤੇ ਚਾਹ ਪਾਣੀ ਪੀਣ ਜਾਂਦੇ। ਬਰਾਤ ਅਤੇ ਵਿਆਂਦੜ ਨੂੰ ਕੁੜੀਆਂ ਬੁੜ੍ਹੀਆਂ ਕੋਠਿਆਂ ਦੇ ਬਨੇਰਿਆਂ ‘ਤੇ ਬੈਠੀਆਂ ਦੇਖਦੀਆਂ ਅਤੇ ਲੱਗਦੇ ਹੱਥ ਸਿੱਠਣੀਆਂ ਵੀ ਦਿੰਦੀਆਂ। ਜਦੋਂ ਬਰਾਤ ਚਾਹ ਪੀਣ ਜਾਂ ਰੋਟੀ ਖਾਣ ਜਾਂਦੀ ਤਾਂ ਕਿਸੇ ਸਿਆਣੇ ਬਰਾਤੀ (ਫੁੱਫੜ, ਤਾਏ, ਚਾਚੇ) ਨੂੰ ਟੂਮਾਂ (ਗਹਿਣਿਆਂ) ਵਾਲੇ ਟਰੰਕ ਦੀ ਰਾਖੀ ਬਿਠਾਇਆ ਜਾਂਦਾ। ਉਸ ਦੀ ਚਾਹ, ਰੋਟੀ ਉਚੇਚੇ ਤੌਰ ‘ਤੇ ਧਰਮਸ਼ਾਲਾ ਪਹੁੰਚਾਈ ਜਾਂਦੀ। ਸ਼ਰਾਰਤੀ ਬਰਾਤੀਆਂ ਨੇ ਆਨੰਦ ਕਾਰਜਾਂ ਸਮੇਂ ਵਿਆਹ ਵਾਲੀ ਕੁੜੀ ਨਾਲ ਬੈਠਣ ਵਾਲੀਆਂ ਦੇ ਕੱਪੜਿਆਂ ਨੂੰ ਬਕਸੂਏ ਵਗੈਰਾ ਲਾ ਦੇਣੇ। ਬਰਾਤੀਆਂ ਦੇ ਵੀ ਥਾਪੇ ਲਾਏ ਜਾਂਦੇ। ਇਹ ਥਾਪੇ ਜ਼ਨਾਨੀਆਂ ਲਾਉਂਦੀਆਂ ਸਨ, ਪਰ ਕਈ ਵਾਰ ਬੰਦਾ ਜ਼ਨਾਨੀਆਂ ਵਾਲੇ ਕੱਪੜੇ ਪਾ ਕੇ, ਅਤੇ ਮੂੰਹ ਸਿਰ ਲਪੇਟ ਕੇ ਐਨਾ ਜ਼ੋਰ ਨਾਲ ਥਾਪਾ ਮਾਰਦਾ ਕਿ ਅੱਗੇ ਵਾਲਾ ਡਿੱਗ ਵੀ ਪੈਂਦਾ। ਥਾਪੇ ਵਾਲੇ/ ਵਾਲੀ ਨੇ ਦੋਵੇਂ ਹੱਥ ਹਲਦੀ ਤੇ ਤੇਲ ਨਾਲ ਰੰਗੇ ਹੁੰਦੇ ਸਨ। ਜ਼ਮਾਨਾ ਹੀ ਅਜਿਹਾ ਸੀ ਕਿ ਅਜਿਹੀਆਂ ਛੇੜਾਂ ਦਾ ਉਦੋਂ ਕੋਈ ਗੁੱਸਾ ਗਿਲਾ ਨਹੀਂ ਸੀ ਕਰਦਾ ਹੁੰਦਾ।
ਇਹ ਸਭ ਉਸ ਵੇਲੇ ਦੀਆਂ ਬਾਤਾਂ ਹਨ, ਜਦੋਂ ਸਾਰੇ ਰਿਸ਼ਤੇਦਾਰ ਮਹੀਨਾ ਪਹਿਲਾਂ ਵਿਆਹ ਜਾਣ ਦੀਆਂ ਤਿਆਰੀਆਂ ਵਿੱਢ ਦਿੰਦੇ ਸਨ ਅਤੇ ਨੇੜਲੀਆਂ ਰਿਸ਼ਤੇਦਾਰੀਆਂ ਵਿੱਚ ਮੁੰਡੇ ਕੁੜੀਆਂ ਹਫਤਾ ਦਸ ਦਿਨ ਪਹਿਲਾਂ ਹੀ ਵਿਆਹ ਵਾਲੇ ਪਿੰਡ ਪਹੁੰਚ ਜਾਂਦੇ ਸਨ ਤਾਂ ਕਿ ਵਿਆਹ ਵਾਲਿਆਂ ਨਾਲ ਕੰਮ ਧੰਦੇ ਵਿੱਚ ਹੱਥ ਵਟਾਇਆ ਜਾ ਸਕੇ। ਫੇਰ ਸਮਾਂ ਪਾ ਕੇ ਦੋ ਤਿੰਨ ਦਿਨਾਂ ਵਾਲਾ ਵਿਆਹ ਇਕ ਦਿਨਾ ਹੋ ਗਿਆ। ਹੁਣ ਇਹ ਇਕ ਦਿਨ ਦੀ ਥਾਂ ਕੁਝ ਘੰਟਿਆਂ ਵਿੱਚ ਸਿਮਟ ਗਿਆ ਹੈ। ਪਿਛਲੇ ਦਿਨੀਂ ਕੁਝ ਕੁ ਘੰਟਿਆਂ ਵਿੱਚ ਸਿਮਟੇ ਅਜਿਹੇ ਵਿਆਹ ਦਾ ਇਕ ਹੋਰ ਵੀ ਰੰਗ ਦੇਖਣ ਨੂੰ ਮਿਲਿਆ। ਵਿਆਹ ਵਾਲੇ ਘਰ ਪੁੱਜਣ ‘ਤੇ ਆਓ ਭਗਤ, ਚਾਹ ਪਾਣੀ ਕਰਨ ਤੋਂ ਬਾਅਦ ਵਿਆਂਦੜ ਮੁੰਡੇ ਦਾ ਬਾਪ ਲਾਵਾਂ ਸਮੇਂ ਸਵੇਰੇ ਨਾਲ ਜਾਣ ਵਾਲੇ ਰਿਸ਼ਤੇਦਾਰਾਂ ਨੂੰ ਰਣਨੀਤੀ ਦੱਸ ਰਿਹਾ ਸੀ, ‘ਸਵੇਰੇ ਆਪਾਂ ਪੰਜ ਵਜੇ ਲਾਵਾਂ ਲਈ ਜਾਣੈ।’
ਮੈਂ ਅਣਜਾਣਤਾ ਜ਼ਾਹਰ ਕਰਦਿਆਂ ਪੁੱਛਿਆ, ‘ਅੱਜ ਕੱਲ੍ਹ ਸਵੇਰੇ-ਸਵੇਰੇ ਈ ਆਨੰਦ ਕਾਰਜ ਹੋਣ ਲੱਗਗੇ!’ ਕਹਿਣ ਲੱਗਾ, ‘ਅਸਲ ‘ਚ ਬਰਾਤਾਂ ਬਹੁਤ ਲੇਟ ਹੋ ਜਾਂਦੀਆਂ, ਇਸ ਕਰਕੇ ਬਹੁਤੇ ਪਿੰਡ ਵਾਲਿਆਂ ਨੇ ਫੈਸਲਾ ਕੀਤੈ ਕਿ ਦੁਪਹਿਰੇ ਆਨੰਦ ਕਾਰਜ ਕਰਾਉਣ ਨਾਲੋਂ ਸਵੇਰੇ ਪੰਜ ਤੋਂ ਸੱਤ ਵਜੇ ਤੱਕ ਇਹ ਕਾਰਜ ਨਿਬੇੜ ਲਿਆ ਜਾਵੇ। ਇਹ ਵੇਲਾ ਸ਼ੁਭ ਮੰਨਿਆ ਜਾਂਦੈ।’ ਉਹਦੀ ਗੱਲ ਸੁਣ ਕੇ ਗਰਾਰੀ ਫਸ ਗਈ। ਜੇ ਮੁੰਡੇ ਕੁੜੀ ਦੇ ਪਿੰਡ ਨੇੜੇ ਹੋਣ, ਫਿਰ ਤਾਂ ਅਜਿਹਾ ਸੰਭਵ ਹੈ, ਦੂਰ ਵਾਲੇ ਕੀ ਕਰਨਗੇ? ਉਹਦਾ ਢਿੱਡ ਹੱਸਿਆ, ‘ਇਹ ਤਾਂ ਦੂਰ ਵਾਲੇ ਜਾਣਨ, ਉਨ੍ਹਾਂ ਕਿਵੇਂ ਕਰਵਾਉਣੇ ਨੇ ਆਪਣੇ ਆਨੰਦ ਕਾਰਜ, ਸਾਡੇ ਪਿੰਡ ਤਾਂ ਨੇੜੇ ਨੇੜੇ ਈ ਨੇ।’
ਖੈਰ! ਉਨ੍ਹਾਂ ਦਾ ਪ੍ਰੋਗਰਾਮ ਸੁਣ ਕੇ ਅਸੀਂ ਇਕ ਹੋਰ ਨੇੜਲੀ ਰਿਸ਼ਤੇਦਾਰੀ ਜਾ ਵੜੇ ਤਾਂ ਕਿ ਸਵੇਰੇ ਸਿੱਧੇ ਮੈਰਿਜ ਪੈਲੇਸ ਵਿੱਚ ਹੀ ਪਹੁੰਚ ਜਾਈਏ। ਸਵੇਰੇ ਸਾਢੇ ਕੁ ਦਸ ਵਜੇ ਮੈਰਿਜ ਪੈਲੇਸ ਪਹੁੰਚੇ ਤਾਂ ਵੇਟਰ ਅਜੇ ਮੇਜ਼ ਕੁਰਸੀਆਂ ਸੈਟ ਕਰਨ ਰੁੱਝੇ ਹੋਏ ਸਨ। ਦੇਖਦੇ-ਦੇਖਦੇ ਹੋਰ ਰਿਸ਼ਤੇਦਾਰ ਵੀ ਪਹੁੰਚਣੇ ਸ਼ੁਰੂ ਹੋ ਗਏ, ਪਰ ਬਰਾਤੀਆਂ ਦੀ ਅਜੇ ਕੋਈ ਸੂਹ ਨਹੀਂ ਸੀ। ਸਭ ਦੀਆਂ ਅੱਖਾਂ ਘੜੀ ਮੁੜੀ ਪੈਲੇਸ ਦੇ ਮੁੱਖ ਗੇਟ ਵੱਲ ਲੱਗ ਜਾਂਦੀਆਂ। ਠੰਢ ਕਾਰਨ ਲੋਕ ਚਾਹ, ਕੌਫੀ ਪੀਣ ਲਈ ਕਦੇ ਅੰਦਰ, ਕਦੇ ਬਾਹਰ ਆ ਜਾ ਰਹੇ ਸਨ। ਜਦੋਂ ਕੁਝ ਖਾਣ ਪੀਣ ਨੂੰ ਨਾ ਮਿਲਿਆ ਤਾਂ ਪ੍ਰਾਹੁਣਿਆਂ ਨੇ ਵੇਟਰਾਂ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਅੱਗਿਓਂ ਇਕ ਟੁੱਕ ਜਵਾਬ ਸੀ, ‘ਹੁਕਮ ਹੈ ਕਿ ਬਰਾਤ ਆਈ ਤੋਂ ਸ਼ੁਰੂ ਕਰਨਾ।’
ਸਿਆਣਿਆਂ ਦੇ ਢਿੱਡਾਂ ਅੰਦਰ ਚੂਹੇ ਨੱਚ ਰਹੇ ਸਨ, ਨਿਆਣਿਆਂ ਦਾ ਹਾਲ ਉਨ੍ਹਾਂ ਤੋਂ ਵੀ ਮਾੜਾ ਸੀ। ਇਹ ਵਰਤਾਰਾ ਹੁੰਦਾ ਦੇਖ ਇਕ ਬਾਬੇ ਨੇ ਪੁਰਾਣੇ ਵਿਆਹਾਂ ਨੂੰ ਯਾਦ ਕੀਤਾ, ‘ਕਿਹੜੇ ਜ਼ਮਾਨੇ ਆ ਗਏ ਬਈ। ਆਪਣੇ ਵੇਲੇ ਬਰਾਤੀਆਂ ਦਾ ਆਹ ਹਾਲ ਨਹੀਂ ਸੀ ਹੁੰਦਾ ਕਦੀ। ਉਦੋਂ ਤਾਂ ਲੋਕ ਅੱਖਾਂ ‘ਤੇ ਬਿਠਾਉਣ ਤੱਕ ਜਾਂਦੇ ਸਨ। ਮਜਾਲ ਐ ਕਿਸੇ ਚੀਜ਼ ਦੀ ਕਮੀ ਪੇਸ਼ੀ ਆ ਜਾਵੇ। ਅਸਲੀ ਕਹਾਣੀ ਇਹ ਐ, ਬਈ ਉਦੋਂ ਬਰਾਤੀਆਂ ਨੂੰ ਚਾਹ ਪਿਆਉਣ ਅਤੇ ਖਾਣਾ ਖੁਆਉਣ ਦੀ ਡਿਊਟੀ ਕੁੜੀ ਵਾਲਿਆਂ ਦੇ ਘਰਾਂ ਦੇ ਮੁੰਡਿਆਂ ਦੀ ਹੁੰਦੀ ਸੀ। ਹੁਣ ਤਾਂ ਭਾੜੇ ਆਲੇ ਮੁੰਡੇ ਕਿਸੇ ਨੂੰ ਸਿਆਣਦੇ ਈ ਨਹੀਂ।’
ਆਖਰ ਜਦੋਂ ਬਰਾਤ ਦੁਪਹਿਰ ਦੇ ਇਕ ਵਜੇ ਤੱਕ ਵੀ ਨਾ ਅੱਪੜੀ ਤੇ ਲੋਕਾਂ ਦੀ ਬੁੜ-ਬੁੜ ਕੁਝ ਵਧੇਰੇ ਵਧ ਗਈ ਤਾਂ ਲੜਕੀ ਵਾਲਿਆਂ ਦੇ ਕੰਨ ਖੜੇ ਹੋ ਗਏ, ਉਨ੍ਹਾਂ ਨੇ ਵੇਟਰਾਂ ਨੂੰ ਚਾਹ, ਕੌਫੀ ਪਿਆਉਣ ਦੇ ‘ਆਰਡਰ’ ਦੇ ਦਿੱਤੇ। ਡੇਢ ਕੁ ਵਜੇ ਪੈਲੇਸ ਦੇ ਗੇਟ ਉਤੇ ਬਰਾਤ ਆਉਣ ਉਤੇ ਢੋਲ ਢਮੱਕਾ ਹੋਣ ਲੱਗਿਆ। ਲੇਟ ਹੋਣ ਬਾਰੇ ਉਹ ਆਖ ਰਹੇ ਸਨ, ਅਖੇ, ਆਨੰਦ ਕਾਰਜ ਤਾਂ ਉਹ ਸਵੇਰੇ ਸੱਤ ਵਜੇ ਹੀ ਕਰਵਾ ਕੇ ਮੁੜ ਗਏ ਸਨ, ਬਸ ਤਿਆਰੀ ਵਿੱਚ ਹੀ ਲੇਟ ਹੋ ਗਏ।
ਮੈਂ ਸੋਚ ਰਿਹਾ ਸਾਂ ਕਿ ਜਦ ਆਨੰਦ ਕਾਰਜ ਹੋ ਗਏ, ਕੁੜੀ ਤੇ ਮੁੰਡਾ ਲਾਵਾਂ ਪੜ੍ਹਾ ਕੇ ਆਪੋ ਆਪਣੇ ਘਰੇ ਚਲੇ ਗਏ, ਫਿਰ ਦੁਬਾਰਾ ਪੈਲੇਸ ਵਿੱਚ ਜਾਣ ਦੀ ਕੀ ਲੋੜ ਰਹਿ ਗਈ ਸੀ ਭਲਾ? ਬਸ ਲਾਵਾਂ ਹੋਈਆਂ, ਤੇ ਸਾਰੇ ਆਪੋ ਆਪਣੇ ਘਰ। ਇਉਂ ਵਿਆਹਾਂ ਮੌਕੇ ਪੈਲੇਸਾਂ ਵਿੱਚ ਹੁੰਦਾ ਪੈਸੇ ਦਾ ਉਜਾੜਾ ਵੀ ਰੁਕੇਗਾ।