ਆਧਾਰ ਕਾਰਡ ਜ਼ਰੂਰੀ ਸੇਵਾਵਾਂ ਨਾਲ ਜੋੜਨ ਲਈ ਸੁਪਰੀਮ ਕੋਰਟ ਨੇ ਸਮਾਂ ਹੱਦ ਵਧਾਈ

* ਬੈਂਕ ਖਾਤੇ, ਮੋਬਾਈਲ ਫੋਨ ਅਤੇ ਹੋਰ ਸੇਵਾਵਾਂ ਉੱਤੇ ਫੈਸਲਾ ਲਾਗੂ ਹੋਵੇਗਾ
ਨਵੀਂ ਦਿੱਲੀ, 13 ਮਾਰਚ, (ਪੋਸਟ ਬਿਊਰੋ)- ਭਾਰਤ ਵਿੱਚ ਵੱਖ-ਵੱਖ ਸੇਵਾਵਾਂ ਅਤੇ ਭਲਾਈ ਸਕੀਮਾਂ ਨੂੰ ਆਧਾਰ ਕਾਰਡ ਨਾਲ ਜੋੜਨਾ ਲਾਜ਼ਮੀ ਕਰਨ ਦੇ ਲਈ ਮਿਥੀ ਹੋਈ ਸਮਾਂ ਸੀਮਾ ਅੱਜ ਸੁਪਰੀਮ ਕੋਰਟ ਨੇ ਵਧਾ ਦਿੱੱਤੀ ਹੈ। ਇਹ ਵਾਧਾ ਇਸ ਕੇਸ ਵਿੱਚ ਅਦਾਲਤ ਦਾ ਅੰਤਮ ਫੈਸਲਾ ਆਉਣ ਤੱਕ ਲਈ ਕੀਤਾ ਗਿਆ ਹੈ।
ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਿੱਚ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਨੇ ਅੱਜ ਕੇਂਦਰ ਸਰਕਾਰ ਦੀ ਸਹਿਮਤੀ ਮਿਲਣ ਪਿੱਛੋਂ ਆਧਾਰ ਕਾਰਡ ਨੂੰ ਜ਼ਰੂਰੀ ਸੇਵਾਵਾਂ ਤੇ ਸਰਕਾਰੀ ਭਲਾਈ ਸਕੀਮਾਂ ਨਾਲ ਜੋੜਨ ਨੂੰ ਲਾਜ਼ਮੀ ਕਰਨ ਦੀ ਮਿਥੀ ਹੋਈ ਸਮਾਂ ਹੱਦ 31 ਮਾਰਚ ਇਸ ਕੇਸ ਦੇ ਅਗਲੇ ਹੁਕਮਾਂ ਤਕ ਲਈ ਵਧਾਏ ਜਾਣ ਦੇ ਹੁਕਮ ਦਿੱਤੇ ਹਨ। ਕੇਂਦਰ ਸਰਕਾਰ ਨੇ ਪਹਿਲਾਂ ਹੀ ਇਸ ਕੇਸ ਵਿੱਚ ਅਦਾਲਤ ਨੂੰ ਲਿਖਤੀ ਸਹਿਮਤੀ ਦੇ ਦਿੱਤੀ ਸੀ ਕਿ 12 ਨੰਬਰਾਂ ਦੇ ਇਸ ਨੈਸ਼ਨਲ ਬਾਇਓਮੀਟਰਕ ਇੰਡੈਂਟੀਫਾਈਰ (ਆਧਾਰ ਕਾਰਡ) ਨੂੰ ਸੇਵਾਵਾਂ ਅਤੇ ਭਲਾਈ ਸਕੀਮਾਂ ਨਾਲ ਜੋੜਨ ਲਈ ਉਹ 31 ਮਾਰਚ ਦੀ ਮਿਥੀ ਹੋਈ ਸਮਾਂ ਸੀਮਾ ਵਧਾਉਣ ਲਈ ਤਿਆਰ ਹੈ।
ਅੱਜ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਿੱਚ ਜਸਟਿਸ ਏ ਕੇ ਸੀਕਰੀ, ਜਸਟਿਸ ਏ ਐਮ ਖਾਨਵਿਲਕਾਰ, ਜਸਟਿਸ ਡੀ ਵਾਈ ਚੰਦਰਚੂੜ ਤੇ ਜਸਟਿਸ ਅਸ਼ੋਕ ਭੂਸ਼ਨ ਦੇ ਸੰਵਿਧਾਨਕ ਬੈਂਚ ਨੇ ਸਾਫ ਸ਼ਬਦਾਂ ਵਿੱਚ ਕਿਹਾ; ‘ਅਸੀਂ ਹੁਕਮ ਦਿੰਦੇ ਹਾਂ ਕਿ ਵੱਖ ਵੱਖ ਸੇਵਾਵਾਂ ਅਤੇ ਭਲਾਈ ਸਕੀਮਾਂ ਨੂੰ ਆਧਾਰ ਕਾਰਡ ਨਾਲ ਜੋੜਨ ਲਈ 31 ਮਾਰਚ 2018 ਦੀ ਸਮਾਂ ਹੱਦ ਉਦੋਂ ਤੱਕ ਵਧਾਈ ਜਾਂਦੀ ਹੈ, ਜਦੋਂ ਤੱਕ ਕੇਸ ਦੀ ਸੁਣਵਾਈ ਪੂਰੀ ਨਹੀ ਹੋ ਜਾਂਦੀ ਅਤੇ ਸੰਵਿਧਾਨਕ ਬੈਂਚ ਵੱਲੋਂ ਆਪਣਾ ਫੈਸਲਾ ਨਹੀ ਸੁਣਾ ਦਿੱਤਾ ਜਾਂਦਾ।’ ਇਹ ਫੈਸਲਾ ਬੈਂਕਾਂ ਵਿਚਲੇ ਖਾਤਿਆਂ ਅਤੇ ਮੋਬਾਈਲ ਫੋਨ ਸੇਵਾਵਾਂ ਨੂੰ ਆਧਾਰ ਕਾਰਡ ਨਾਲ ਜੋੜਨ ਦੇ ਨਿਯਮਾਂ ਉੱਤੇ ਵੀ ਲਾਗੂ ਹੋਵੇਗਾ।
ਵਰਨਣ ਯੋਗ ਹੈ ਕਿ ਇਸ ਕੇਸ ਵਿੱਚ ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੇ 6 ਮਾਰਚ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਕੇਸ ਦੀ ਸੁਣਵਾਈ ਲੰਬੀ ਹੋਣ ਕਾਰਨ ਕੇਂਦਰ ਸਰਕਾਰ ਮਿਥੀ ਹੋਈ ਸਮਾਂ ਹੱਦ ਅੱਗੇ ਵਧਾਉਣਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ 15 ਦਸੰਬਰ ਨੂੰ ਸੁਪਰੀਮ ਕੋਰਟ ਨੇ ਆਧਾਰ ਕਾਰਡ ਜੋੜਨ ਦੀ ਸਮਾਂ ਹੱਦ 31 ਮਾਰਚ 2018 ਮਿਥ ਦਿੱਤੀ ਸੀ। ਸੁਪਰੀਮ ਕੋਰਟ ਇਸ ਸੰਬੰਧ ਵਿੱਚ ਕਈ ਪਟੀਸ਼ਨਾਂ ਦੀ ਸੁਣਵਾਈ ਕਰ ਰਹੀ ਹੈ ਤੇ ਇਨ੍ਹਾਂ ਵਿੱਚ ਮੁੱਖ ਪਟੀਸ਼ਨਰ ਕਰਨਾਟਕਾ ਹਾਈ ਕੋਰਟ ਦੇ ਸਾਬਕਾ ਜੱਜ ਕੇ ਐੱਸ ਪੁਤੂਸਵਾਮੀ ਹਨ। ਉਨ੍ਹਾਂ ਨੇ ਸੁਪਰੀਮ ਕੋਰਟ ਨੂੰ 22 ਫਰਵਰੀ ਦੱਸਿਆ ਸੀ ਕਿ ਜਨਤਕ ਵੰਡ ਪ੍ਰਣਾਲੀ ਨੂੰ ਆਧਾਰ ਕਾਰਡ ਨਾਲ ਜੋੜਨ ਦੇ ਫੈਸਲੇ ਨਾਲ ਭੁੱਖਮਰੀ ਕਾਰਨ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ।
ਇਸ ਮੌਕੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਇਹ ਕਿਹਾ ਹੈ ਕਿ ਕੰਨਸੌਲੀਡੇਟਿਡ ਫੰਡਜ਼ ਆਫ ਇੰਡੀਆ ਤੋਂ ਆਉਂਦੀਆਂ ਭਲਾਈ ਸਕੀਮਾਂ ਦੇ ਲਾਭ ਪਾਤਰੀ ਲੋਕਾਂ ਤੋਂ ਆਧਾਰ ਕਾਰਡ ਉਹ ਮੰਗ ਸਕਦੀ ਹੈ, ਪਰ ਤਤਕਾਲ ਪਾਸਪੋਰਟ ਜਾਰੀ ਕਰਨ ਲਈ ਆਧਾਰ ਕਾਰਡ ਜ਼ਰੂਰੀ ਨਹੀ ਹੋਵੇਗਾ। ਜਿਨ੍ਹਾਂ ਲੋਕਾਂ ਕੋਲ ਆਧਾਰ ਕਾਰਡ ਨਹੀ ਹੈ, ਉਹ ਆਧਾਰ ਕਾਰਡ ਲਈ ਅਪਲਾਈ ਕੀਤਾ ਹੋਣ ਦੀ ਤਸਦੀਕ ਕਰ ਕੇ ਸਕੀਮਾਂ ਦਾ ਲਾਭ ਲੈ ਸਕਦੇ ਹਨ।