ਆਦਮਪੁਰ ਹਵਾਈ ਅੱਡਾ ਚਾਲੂ ਹੋ ਗਿਆ, ਦਿੱਲੀ ਤੋਂ ਪਹਿਲੀ ਉਡਾਣ ਪੁੱਜਣ ਉੱਤੇ ਸਵਾਗਤ


* ਅੰਮ੍ਰਿਤਸਰ-ਕੁਆਲਾਲੰਪੁਰ ਨਵੀਂ ਫਲਾਈਟ ਵੀ 16 ਅਗਸਤ ਤੋਂ
ਆਦਮਪੁਰ ਦੋਆਬਾ, 1 ਮਈ, (ਪੋਸਟ ਬਿਊਰੋ)- ਪੰਜਾਬ ਦੇ ਲੋਕਾਂ ਅਤੇ ਖਾਸ ਕਰ ਕੇ ਪਰਵਾਸੀ ਪੰਜਾਬੀਆਂ ਦੀ ਚਿਰਾਂ ਦੀ ਮੰਗ ਅੱਜ ਪੂਰੀ ਹੋ ਗਈ, ਜਦੋਂ ਦਿੱਲੀ ਤੋਂ ਆਦਮਪੁਰ ਪਹਿਲੀ ਉਡਾਣ ਆਦਮਪੁਰ ਹਵਾਈ ਅੱਡੇ ਪੁੱਜੀ। ਇਸ ਉਡਾਣ ਦੇ ਯਾਤਰੀਆਂ ਦਾ ਸਵਾਗਤ ਪੰਜਾਬ ਸਰਕਾਰ ਵੱਲੋਂ ਸਨਅਤ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕੀਤਾ।
ਦਿੱਲੀ ਤੋਂ ਆਈ ਇਸ ਪਹਿਲੀ ਉਡਾਣ ਦੇ ਮੁਸਾਫਰਾਂ ਵਿੱਚ ਜਲੰਧਰ ਦੇ ਪਾਰਲੀਮੈਂਟ ਮੈਂਬਰ ਚੌਧਰੀ ਸੰਤੋਖ ਸਿੰਘ ਅਤੇ ਕਾਂਗਰਸੀ ਆਗੂ ਤਜਿੰਦਰ ਸਿੰਘ ਬਿੱਟੂ ਵੀ ਸ਼ਾਮਲ ਸਨ। ਇਨ੍ਹਾਂ ਆਗੂਆਂ ਤੇ ਹੋਰ ਸਵਾਰੀਆਂ ਦਾ ਸਵਾਗਤ ਕਰਦਿਆਂ ਪੰਜਾਬ ਦੇ ਸਨਅਤ ਮੰਤਰੀ ਸ਼ੁੰਦਰ ਸ਼ਾਮ ਅਰੋੜਾ ਨੇ ਆਖਿਆ ਕਿ ਅੱਜ ਪੰਜਾਬ ਲਈ ਇਤਿਹਾਸਕ ਦਿਨ ਹੈ। ਪਾਰਲੀਮੈਂਟ ਮੈਂਬਰ ਚੌਧਰੀ ਸੰਤੋਖ ਸਿੰਘ ਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਇਹ ਹਵਾਈ ਅੱਡਾ ਚਾਲੂ ਹੋਣ ਨਾਲ ਦੋਆਬੇ ਦੇ ਲੋਕਾਂ ਦਾ ਵੱਡਾ ਸੁਫ਼ਨਾ ਪੂਰਾ ਹੋਇਆ ਹੈ। ਇਸ ਮੌਕੇ ਹਲਕਾ ਆਦਮਪੁਰ ਦੇ ਵਿਧਾਇਕ ਪਵਨ ਕੁਮਾਰ ਟੀਨੂੰ, ਪੰਜਾਬ ਦੇ ਭਾਜਪਾ ਪ੍ਰਧਾਨ ਸ਼ਵੇਤ ਮਲਿਕ, ਵਿਧਾਇਕ ਰਾਜਿੰਦਰ ਬੇਰੀ ਤੋਂ ਇਲਾਵਾ ਕਈ ਅਧਿਕਾਰੀ ਵੀ ਹਾਜ਼ਰ ਸਨ।
ਸਪਾਈਸ ਜੈੱਟ ਦੀ ਇਸ ਪਹਿਲੀ ਉਡਾਣ ਦੇ ਆਦਮਪੁਰ ਪਹੁੰਚਣ ਉੱਤੇ ਜਿੱਥੇ ਖੁਸ਼ੀ ਦਾ ਮਾਹੌਲ ਸੀ, ਉੱਥੇ ਇੱਕ ਮਹਿਲਾ ਮੁਸਾਫਰ ਕੁਝ ਔਕੜਾਂ ਗਿਣਾਈ ਜਾ ਰਹੀ ਸੀ। ਇੰਦਰਜੀਤ ਕੌਰ ਵਾਸੀ ਹੁਸ਼ਿਆਰਪੁਰ, ਜੋ ਨਿਊਜ਼ੀਲੈਂਡ ਤੋਂ ਦਿੱਲੀ ਆਉਣ ਮਗਰੋਂ ਇਸ ਉਡਾਣ ਰਾਹੀਂ ਆਦਮਪੁਰ ਪੁੱਜੀ ਸੀ, ਨੇ ਦੋਸ਼ ਲਾਇਆ ਕਿ ਸਪਾਈਸ ਜੈੱਟ ਨੇ ਉਨ੍ਹਾਂ ਕੋਲੋਂ ਸਾਮਾਨ ਦੇ ਵਾਧੂ ਪੈਸੇ ਲਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਤੋਂ ਸਵਾਲ ਕੀਤੇ ਗਏ ਕਿ ਉਨ੍ਹਾਂ ਟਿਕਟ ਕਿੱਥੋਂ ਖਰੀਦੀ, ਪੇਮੈਂਟ ਕਿਵੇਂ ਕੀਤੀ ਤੇ ਫਿਰ ਉਨ੍ਹਾਂ ਆਪਣੇ ਪੁੱਤਰ ਦੇ ਕਰੈਡਿਟ ਕਾਰਡ ਦੀ ਫੋਟੋ ਮੰਗਵਾ ਕੇ ਦਿਖਾਈ ਤਾਂ ਉਨ੍ਹਾਂ ਦੇ ਸਾਮਾਨ ਦੇ 6000 ਰੁਪਏ ਹੋਰ ਮੰਗੇ ਗਏ, ਜਿਹੜੇ ਉਨ੍ਹਾਂ ਨੂੰ ਦੇਣੇ ਪਏ।
ਦੂਸਰੇ ਪਾਸੇ ਇਸ ਉਡਾਣ ਦੇ ਸਵਾਗਤ ਲਈ ਪੁੱਜੇ ਸ਼ਾਮ ਚੁਰਾਸੀ ਹਲਕੇ ਤੋਂ ਕਾਂਗਰਸੀ ਵਿਧਾਇਕ ਪਵਨ ਕੁਮਾਰ ਆਦੀਆ ਨੇ ਪੰਜਾਬ ਪੁਲੀਸ ਉੱਤੇ ਦੁਰ ਵਿਹਾਰ ਦੇ ਦੋਸ਼ ਲਾਉਂਦੇ ਹੋਏ ਹਵਾਈ ਅੱਡੇ ਦੇ ਗੇਟ ਅੱਗੇ ਧਰਨਾ ਜਾ ਲਾਇਆ। ਵਿਧਾਇਕ ਨੇ ਦੋਸ਼ ਲਾਇਆ ਕਿ ਭਾਜਪਾ ਦੇ ਹਾਰੇ ਹੋਏ ਆਗੂ, ਸਾਬਕਾ ਮੇਅਰ ਤੇ ਹੋਰਨਾਂ ਨੂੰ ਤਾਂ ਪੁਲੀਸ ਸਵਾਗਤ ਵਾਲੀ ਥਾਂ ਉੱਤੇ ਜਾਣ ਦੇ ਰਹੀ ਸੀ, ਕਾਂਗਰਸ ਦੇ ਵਿਧਾਇਕ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਉਨ੍ਹਾਂ ਨੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਉੱਤੇ ਦੋਸ਼ ਲਾਇਆ ਕਿ ਪੁਲੀਸ ਸਭ ਕੁਝ ਓਸੇ ਦੇ ਕਹਿਣ ਉੱਤੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਦੇ ਇੱਕ ਅਧਿਕਾਰੀ ਨੇ ਉਨ੍ਹਾਂ ਨੂੰ ਬਾਂਹ ਤੋਂ ਫੜ ਕੇ ਗੇਟ ਤੋਂ ਪਿੱਛੇ ਕਰ ਦਿੱਤਾ।
ਇਸ ਦੌਰਾਨ ਅੰਮ੍ਰਿਤਸਰ ਤੋਂ ਆਈ ਖਬਰ ਮੁਤਾਬਕ ਏਅਰ ਏਸ਼ੀਆ ਐਕਸ ਨੇ ਭਾਰਤ ਵਿੱਚ ਆਪਣੇ ਕਾਰੋਬਾਰ ਨੂੰ ਵਧਾਉਣ ਦੀ ਯੋਜਨਾ ਹੇਠ ਇਸ ਸਾਲ ਕੁਆਲਾਲੰਪੁਰ ਤੋਂ ਅੰਮ੍ਰਿਤਸਰ ਲਈ ਨਵੀਂ ਸਿੱਧੀ ਉਡਾਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਤੇ 16 ਅਗਸਤ ਤੋਂ ਸ਼ੁਰੂ ਹੋ ਕੇ ਹਫ਼ਤੇ ਵਿੱਚ ਚਾਰ ਵਾਰ ਚੱਲਣ ਵਾਲੀ ਇਹ ਫਲਾਈਟ ਧਾਰਮਿਕ, ਸੈਰ ਸਪਾਟਾ, ਉਦਯੋਗ ਤੇ ਕਾਰੋਬਾਰ ਦਾ ਲਾਭ ਕਰੇਗੀ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਏਅਰ ਏਸ਼ੀਆ ਐਕਸ ਦੇ ਮੁੱਖ ਕਾਰਜਕਾਰੀ ਅਫ਼ਸਰ ਬੈਂਜਾਮਿਨ ਇਸਮਾਈਲ ਨੇ ਕਿਹਾ, ‘ਅਨੇਕਾਂ ਸਿੱਖਾਂ ਤੇ ਪੰਜਾਬੀਆਂ ਵੱਲੋਂ ਅੰਮ੍ਰਿਤਸਰ ਨਾਲ ਸਿੱਧੇ ਸੰਪਰਕ ਦੀ ਮੰਗ ਕੀਤੀ ਜਾ ਰਹੀ ਸੀ। ਇਸ ਲਈ ਉਹ ਇਹ ਉਡਾਨ ਸ਼ੁਰੂ ਹੋਣ ਦੀ ਖੁਸ਼ੀ ਮਹਿਸੂਸ ਕਰ ਰਹੇ ਹਨ।’ ਏਅਰ ਏਸ਼ੀਆ ਐਕਸ ਲਈ ਦਿੱਲੀ-ਜੈਪੁਰ ਤੋਂ ਬਾਅਦ ਅੰਮ੍ਰਿਤਸਰ ਤੀਸਰਾ ਵਪਾਰਕ ਕੇਂਦਰ ਬਣ ਰਿਹਾ ਹੈ।
ਇਸ ਮੌਕੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਏਅਰ ਏਸ਼ੀਆ ਐਕਸ ਦੀ ਅੰਮ੍ਰਿਤਸਰ ਤੋਂ ਸਿੱਧੀ ਉਡਾਣ ਪੂਰੀ ਦੁਨੀਆਂ ਦੇ ਪੰਜਾਬੀਆਂ ਤੋਂ ਇਲਾਵਾ ਵਿਦੇਸ਼ੀ ਟੂਰਿਸਟਾਂ ਲਈ ਵੀ ਮਹੱਤਵ ਪੂਰਨ ਹੈ। ਉਨ੍ਹਾਂ ਦੱਸਿਆ ਕਿ ਰੋਜ਼ ਇਕ ਲੱਖ ਤੋਂ ਵੱਧ ਸ਼ਰਧਾਲੂ ਅੰਮ੍ਰਿਤਸਰ ਆਉਂਦੇ ਹਨ।