ਆਤਮਘਾਤੀ ਹਮਲਾਵਰ ਵੱਲੋਂ ਕੀਤੇ ਹਮਲੇ ਵਿੱਚ 57 ਹਲਾਕ, 100 ਤੋਂ ਵੱਧ ਜ਼ਖ਼ਮੀ


ਕਾਬੁਲ, 22 ਅਪਰੈਲ (ਪੋਸਟ ਬਿਊਰੋ) : ਐਤਵਾਰ ਨੂੰ ਕਾਬੁਲ ਵਿੱਚ ਇੱਕ ਵੋਟਰ ਰਜਿਸਟ੍ਰੇਸ਼ਨ ਸੈਂਟਰ ਵਿਖੇ ਇਸਲਾਮਿਕ ਸਟੇਟ ਆਤਮਘਾਤੀ ਹਮਲਾਵਰ ਵੱਲੋਂ ਹਮਲਾ ਕੀਤਾ ਗਿਆ, ਜਿਸ ਵਿੱਚ 57 ਲੋਕ ਮਾਰੇ ਗਏ ਜਦਕਿ 100 ਤੋਂ ਵੱਧ ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਅਫਗਾਨ ਤੇ ਗ੍ਰਹਿ ਮੰਤਰਾਲੇ ਤੇ ਪਬਲਿਕ ਹੈਲਥ ਮੰਤਰਾਲੇ ਵੱਲੋਂ ਦਿੱਤੀ ਗਈ।
ਪਬਲਿਕ ਹੈਲਥ ਮੰਤਰਾਲੇ ਦੇ ਤਰਜ਼ਮਾਨ ਵਾਹਿਦ ਮਾਜਰੋ ਨੇ ਆਖਿਆ ਕਿ ਮਾਰੇ ਗਏ 57 ਲੋਕਾਂ ਵਿੱਚੋਂ 22 ਔਰਤਾਂ ਤੇ ਅੱਠ ਬੱਚੇ ਸਨ। ਮਾਜਰੋ ਨੇ ਆਖਿਆ ਕਿ ਐਤਵਾਰ ਨੂੰ ਹੋਏ ਇਸ ਹਮਲੇ ਵਿੱਚ 119 ਲੋਕ ਜ਼ਖ਼ਮੀ ਹੋਏ, ਇਨ੍ਹਾਂ ਵਿੱਚੋਂ 17 ਬੱਚੇ ਤੇ 52 ਔਰਤਾਂ ਸਨ। ਮਰਨ ਵਾਲਿਆਂ ਦੀ ਗਿਣਤੀ ਵਿੱਚ ਹੋਰ ਵਾਧਾ ਹੋਣ ਦਾ ਖਦਸ਼ਾ ਹੈ। ਕਾਬੁਲ ਦੇ ਪੁਲਿਸ ਮੁਖੀ ਜਨਰਲ ਦਾਊਦ ਆਮਿਨ ਨੇ ਆਖਿਆ ਕਿ ਆਤਮਘਾਤੀ ਹਮਲਾਵਰ ਨੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ। ਇਹ ਲੋਕ ਆਪਣੇ ਕੌਮੀ ਪਛਾਣ ਪੱਤਰਾਂ ਲਈ ਨਾਂ ਰਜਿਸਟਰ ਕਰਵਾਉਣ ਆਏ ਹੋਏ ਸਨ।
ਜ਼ੋਰਦਾਰ ਧਮਾਕਾ ਸ਼ਹਿਰ ਭਰ ਵਿੱਚ ਸੁਣਾਈ ਦਿੱਤਾ, ਇਸ ਨਾਲ ਮੀਲਾਂ ਦੂਰ ਤੱਕ ਇਮਾਰਤਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਤੇ ਹਮਲੇ ਵਾਲੀ ਥਾਂ ਦੇ ਨੇੜੇ ਖੜ੍ਹੀਆਂ ਕਈ ਗੱਡੀਆਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਪੁਲਿਸ ਨੇ ਹਮਲੇ ਵਾਲੀ ਥਾਂ ਤੱਕ ਜਾਣ ਵਾਲੇ ਸਾਰੇ ਰਾਹ ਬੰਦ ਕਰ ਦਿੱਤੇ ਹਨ। ਸਿਰਫ ਐਂਬੂਲੈਂਸਾਂ ਨੂੰ ਹੀ ਆਉਣ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਹਮਲੇ ਦੀ ਜਿ਼ੰਮੇਵਾਰੀ ਇਸਲਾਮਿਕ ਸਟੇਟ ਗਰੁੱਪ ਵੱਲੋਂ ਲਈ ਗਈ ਹੈ। ਆਪਣੀ ਆਮਾਕ ਨਿਊਜ਼ ਏਜੰਸੀ ਰਾਹੀਂ ਇੱਕ ਬਿਆਨ ਜਾਰੀ ਕਰਕੇ ਇਸ ਜਥੇਬੰਦੀ ਨੇ ਆਖਿਆ ਕਿ ਉਨ੍ਹਾਂ ਵੱਲੋਂ ਸ਼ੀਆ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।