ਆਟੋਮੋਟਿਵ ਵਿਵਾਦ ਹੱਲ ਕਰਨ ਲਈ ਬਣੀ ਸਕਾਰਾਤਮਕਤਾ ਨਾਲ ਨਾਫਟਾ ਡੀਲ ਸਿਰੇ ਚੜ੍ਹਨ ਦੀ ਉਮੀਦ ਬੱਝੀ

ਵਾਸਿ਼ੰਗਟਨ, 22 ਮਾਰਚ (ਪੋਸਟ ਬਿਊਰੋ) : ਕੈਨੇਡਾ, ਅਮਰੀਕਾ ਤੇ ਮੈਕਸਿਕੋ, ਨਾਰਥ ਅਮੈਰੀਕਨ ਫਰੀ ਟਰੇਡ ਅਗਰੀਮੈਂਟ ਸਬੰਧੀ ਗੱਲਬਾਤ ਵਿੱਚ ਸੱਭ ਤੋਂ ਵੱਡਾ ਰੋੜਾ ਬਣ ਰਹੇ ਆਟੋਮੋਟਿਵ ਵਿਵਾਦ ਦਾ ਹੱਲ ਕੱਢਣ ਵੱਲ ਵੱਧ ਰਹੇ ਹਨ। ਇਹ ਜਾਣਕਾਰੀ ਬੁੱਧਵਾਰ ਨੂੰ ਰਾਸ਼ਟਰਪਤੀ ਡੌਨਲਡ ਟਰੰਪ ਦੇ ਟਰੇਡ ਚੀਫ ਨੇ ਦਿੱਤੀ।
ਅਮਰੀਕਾ ਦੇ ਟਰੇਡ ਨੁਮਾਇੰਦੇ ਰੌਬਰਟ ਲਾਈਥਜ਼ਰ ਵੱਲੋਂ ਅਚਾਨਕ ਐਨੇ ਸਕਾਰਾਤਮਕ ਵਿਚਾਰ ਪ੍ਰਗਟਾਏ ਜਾਣ ਤੋਂ ਸਾਰੇ ਹੈਰਾਨ ਹਨ। ਜਿ਼ਕਰਯੋਗ ਹੈ ਕਿ ਲਾਈਥਜ਼ਰ ਹੀ ਗੱਲਬਾਤ ਦੌਰਾਨ ਕੈਨੇਡਾ ਦੇ ਪੱਖ ਤੋਂ ਹਮੇਸ਼ਾਂ ਨਾਖੁਸ਼ ਹੁੰਦੇ ਸਨ ਤੇ ਕੈਨੇਡਾ ਦੀ ਨੁਕਤਾਚੀਨੀ ਕਰਦੇ ਰਹਿੰਦੇ ਸਨ। ਕੈਨੇਡੀਅਨ ਅੰਬੈਸਡਰ ਡੇਵਿਡ ਮੈਕਨਾਅਟਨ ਨੇ ਵੀ ਇਸ ਨੂੰ ਸਕਾਰਾਤਮਕ ਕਦਮ ਦੱਸਿਆ ਹੈ। ਇਹ ਬਿਆਨ ਆਉਣ ਤੋਂ ਬਾਅਦ ਹੁਣ ਲੱਗ ਰਿਹਾ ਹੈ ਕਿ ਨਾਫਟਾ ਡੀਲ ਦਾ ਭਵਿੱਖ ਉੱਜਲਾ ਹੈ।
ਲਾਈਥਜ਼ਰ ਨੇ ਹਾਊਸ ਵੇਅਜ਼ ਐਂਡ ਮੀਨਜ਼ ਕਮੇਟੀ ਨੂੰ ਦਿੱਤੇ ਬਿਆਨ ਵਿੱਚ ਆਖਿਆ ਕਿ ਅਮਰੀਕਾ ਕੋਲ ਪ੍ਰਸਤਾਵ ਹੈ ਤੇ ਕੈਨੇਡਾ ਕੋਲ ਪ੍ਰਸਤਾਵ ਹੈ ਤੇ ਮੈਕਸਿਕੋ ਨੂੰ ਇਸ ਮੁੱਦੇ ਉੱਤੇ ਨਾਲ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਅਸੀਂ ਉਸ ਸਥਿਤੀ ਵਿੱਚ ਹਾਂ ਜਿੱਥੇ ਅਸੀਂ ਇੱਕਠਾ ਹੋਣਾ ਸ਼ੁਰੂ ਹੋ ਰਹੇ ਹਾਂ। ਮੈਕਨਾਟਨ ਨੇ ਮੰਗਲਵਾਰ ਨੂੰ ਆਖਿਆ ਕਿ ਨਾਫਟਾ ਬਾਰੇ ਪਿਛਲੇ ਦੋ ਹਫਤਿਆਂ ਵਿੱਚ ਗੱਲਬਾਤ ਕਾਫੀ ਸਕਾਰਾਤਮਕ ਰਹੀ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਟਰੰਪ ਪ੍ਰਸ਼ਾਸਨ ਨੇ ਅਜਿਹੇ ਵਿਚਾਰ ਪੇਸ਼ ਕੀਤੇ ਹਨ ਜਿਹੜੇ ਇਸ ਦੇ ਪਹਿਲੇ ਵਿਵਾਦਗ੍ਰਸਤ ਪ੍ਰਸਤਾਵਾਂ ਨੂੰ ਬਦਲ ਦੇਣਗੇ।
ਲਾਈਥਜ਼ਰ ਵੱਲੋਂ ਅਜਿਹਾ ਕੋਈ ਵੇਰਵਾ ਨਹੀਂ ਦਿੱਤਾ ਗਿਆ ਹੈ। ਪਰ ਉਨ੍ਹਾਂ ਇਹ ਜ਼ਰੂਰ ਆਖਿਆ ਕਿ ਅਸੀਂ ਪਹਿਲਾਂ ਨਾਲੋਂ ਬਿਹਤਰ ਸਥਿਤੀ ਵਿੱਚ ਹਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਸਵੇਰੇ ਆਖਿਆ ਕਿ ਇਹ ਕਰਾਰ ਸਿਰੇ ਚੜ੍ਹ ਸਕਦਾ ਹੈ। ਬਾਅਦ ਵਿੱਚ ਟੋਰਾਂਟੋ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਟੋਮੋਟਿਵ ਹਾਲਾਤ ਉੱਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਪਰ ਉਨ੍ਹਾਂ ਆਖਿਆ ਕਿ ਹੁਣ ਇੰਜ ਲੱਗ ਰਿਹਾ ਹੈ ਕਿ ਹਾਲਾਤ ਬਦਲ ਰਹੇ ਹਨ ਤੇ ਕੁੱਝ ਸਕਾਰਾਤਮਕ ਹੋਣ ਜਾ ਰਿਹਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਆਉਣ ਵਾਲੇ ਹਫਤਿਆਂ ਵਿੱਚ ਹੀ ਪਤਾ ਲੱਗੇਗਾ ਕਿ ਕਿਹੋ ਜਿਹੀਆਂ ਨਵੀਆਂ ਚੁਣੌਤੀਆਂ ਆਉਣਗੀਆਂ।