ਆਕਸੀਜਨ ਦੀ ਸਪਲਾਈ ਠੱਪ ਹੋਣ ਕਾਰਨ 63 ਮਾਸੂਮ ਮੌਤ ਦੇ ਮੂੰਹ ‘ਚ ਗਏ

63ਗੋਰਖਪੁਰ, 12 ਅਗਸਤ (ਪੋਸਟ ਬਿਊਰੋ): ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਦੇ ਗ੍ਰਹਿਨਗਰ ਗੋਰਖਪੁਰ ‘ਚ ਸਰਕਾਰੀ ਮੈਡੀਕਲ ਕਾਲਜ ‘ਚ 63 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਇੱਥੋਂ ਦੇ ਬੀ.ਆਰ.ਡੀ. ਮੈਡੀਕਲ ਕਾਲਜ ‘ਚ ਆਕਸੀਜਨ ਦੀ ਸਪਲਾਈ ਠੱਪ ਹੋਣ ਕਾਰਨ 63 ਮਾਸੂਮ ਮੌਤ ਦੇ ਮੂੰਹ ‘ਚ ਚੱਲੇ ਗਏ। ਦੱਸਿਆ ਜਾ ਰਿਹਾ ਹੈ ਕਿ 69 ਲੱਖ ਰੁਪਏ ਦਾ ਭੁਗਤਾਨ ਨਹੀਂ ਕਰਨ ‘ਤੇ ਆਕਸੀਜਨ ਸਪਲਾਈ ਕਰਨ ਵਾਲੀ ਫਰਮ ਨੇ ਆਕਸੀਜਨ ਦੀ ਸਪਲਾਈ ਠੱਪ ਕਰ ਦਿੱਤੀ। ਇਸ ਤੋਂ ਬਾਅਦ ਦਿਮਾਗ਼ੀ ਬੁਖਾਰ ਕਾਰਨ ਪੀੜਤ 63 ਬੱਚਿਆਂ ਦੀ ਮੌਤ ਹੋ ਗਈ।
ਇਸ ਘਟਨਾ ਨਾਲ ਭਾਜਪਾ ਅਤੇ ਯੋਗੀ ਆਦਿੱਤਿਯਨਾਥ ਦੀ ਪੋਲ ਖੁੱਲ੍ਹ ਗਈ ਹੈ। ਸਾਫ਼ ਹੈ ਕਿ ਯੋਗੀ ਸਰਕਾਰ ਦੇ ਦਾਅਵੇ ਤਾਂ ਵੱਡੇ-ਵੱਡੇ ਹਨ ਪਰ ਇਸ ਸਰਕਾਰ ਅਤੇ ਇਸ ਦੇ ਅਮਲਿਆਂ ਦੇ ਨੇੜੇ ਆਕਸੀਜਨ ਸਪਲਾਈ ਕਰਨ ਵਾਲੀ ਕੰਪਨੀ ਦੇ 69 ਲੱਖ ਰੁਪਏ ਸਹੀ ਸਮੇਂ ‘ਤੇ ਚੁਕਾਉਣ ਦਾ ਸਮਾਂ ਨਹੀਂ ਹੈ। ਸਭ ਤੋਂ ਖਾਸ ਗੱਲ 2 ਦਿਨ ਪਹਿਲਾਂ ਹੀ ਇਸ ਹਸਪਤਾਲ ‘ਚ ਮੁੱਖ ਮੰਤਰੀ ਯੋਗੀ ਜੀ ਆਏ ਸਨ ਅਤੇ ਵੱਡੇ-ਵੱਡੇ ਐਲਾਨ ਵੀ ਕੀਤੇ ਸਨ ਪਰ ਕੀ ਯੋਗੀ ਜੀ ਆਕਸੀਜਨ ਸਪਲਾਈ ਕਰਨ ਵਾਲੀ ਕੰਪਨੀ ਲਈ 69 ਲੱਖ ਰੁਪਏ ਦਾ ਭੁਗਤਾਨ ਦਾ ਇੰਤਜ਼ਾਮ ਨਹੀਂ ਕਰ ਸਕੇ? ਕੀ ਯੋਗੀ ਆਦਿੱਤਿਯਨਾਥ ਇਹ ਭੁੱਲ ਗਏ ਕਿ ਅਜਿਹਾ ਕਰ ਕੇ ਉਨ੍ਹਾਂ ਨੇ ਇਨਸਾਨੀ ਜਾਨਾਂ ਨੂੰ ਖਤਰੇ ‘ਚ ਪਾ ਦਿੱਤਾ ਸੀ? ਯੋਗੀ ਸਰਕਾਰ ਅਤੇ ਹਸਪਤਾਲ ਪ੍ਰਸ਼ਾਸਨ ਦੀ ਭਾਰੀ ਲਾਪਰਵਾਹੀ ਦੀ ਕੀਮਤ ਉਨ੍ਹਾਂ ਪਰਿਵਾਰ ਨੂੰ ਚੁਕਾਉਣੀ ਪਈ ਹੈ, ਜਿਨ੍ਹਾਂ ਬੱਚੇ ਆਕਸੀਜਨ ਬੰਦ ਹੋਣ ਕਾਰਨ ਤੜਪ-ਤੜਪ ਕੇ ਮੌਤ ਦੇ ਮੂੰਹ ‘ਚ ਚੱਲੇ ਗਏ। ਇਸ ਦੁਖਦ ਘਟਨਾ ਤੋਂ ਬਾਅਦ ਪੀੜਤ ਪਰਿਵਾਰਾਂ ‘ਚ ਕੋਹਰਾਮ ਮਚਿਆ ਹੋਇਆ ਹੈ।
ਹਸਪਤਾਲ ਨੂੰ ਆਕਸੀਜਨ ਸਪਲਾਈ ਕਰਨ ਵਾਲੀ ਕੰਪਨੀ ਪੁਸ਼ਪਾ ਸੇਲਜ਼ ਦੇ ਯੂ.ਪੀ. ਡੀਲਰ ਮਨੀਸ਼ ਭੰਡਾਰੀ ਨੇ ਕਿਹਾ,”ਮੈਡੀਕਲ ਕਾਲਜ ‘ਤੇ ਸਾਡਾ 83 ਲੱਖ ਰੁਪਏ ਡਿਊ ਹੈ। ਸ਼ੁੱਕਰਵਾਰ ਨੂੰ 22 ਲੱਖ ਦਾ ਪੇਮੈਂਟ ਮਿਲਿਆ। ਸ਼ਨੀਵਾਰ ਨੂੰ 40 ਲੱਖ ਹੋਰ ਮਿਲੇਗਾ। ਰਾਜਸਥਾਨ ਤੋਂ ਇਕ ਟਰੱਕ ਲਿਕਵਿਡ ਆਕਸੀਜਨ ਭੇਜਿਆ ਗਿਆ ਹੈ। ਇਹ ਸ਼ਨੀਵਾਰ ਰਾਤ ਤੱਕ ਪੁੱਜ ਜਾਵੇਗਾ। ਮਾਮਲੇ ‘ਚ ਕਾਲਜ ਪ੍ਰਿੰਸੀਪਲ ਰਾਜੀਵ ਮਿਸ਼ਰਾ ਦੋਸ਼ੀ ਹਨ। ਉਨ੍ਹਾਂ ਨੇ ਪੇਮੈਂਟ ਰੋਕ ਰੱਖੀ ਸੀ। 6 ਮਹੀਨੇ ਤੋਂ ਪੇਮੈਂਟ ਨਹੀਂ ਮਿਲੀ ਸੀ। ਲੜਕੇ ਜਾਂਦੇ ਸਨ ਤਾਂ ਦਿਨ ਭਰ ਖੜ੍ਹੇ ਰਹਿੰਦੇ ਸਨ ਪਰ ਪ੍ਰਿਸੰਪੀਲ ਉਨ੍ਹਾਂ ਨੂੰ ਨਹੀਂ ਮਿਲਦੇ ਸਨ।ਹੁਣ ਇਕ ਹੀ ਸਵਾਲ ਉੱਠ ਰਿਹਾ ਹੈ ਕਿ ਆਖਰ ਇਸ ਬੱਚਿਆਂ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ?