ਆਓ ਦਾਨ ਦੀ ਦਿਸ਼ਾ ਬਦਲੀਏ

-ਸੁਖਵੀਰ ਸਿੰਘ ਕੰਗ
ਦਾਨ ਨੂੰ ਆਮ ਤੌਰ ‘ਤੇ ਧਾਰਮਿਕ ਪੱਖ ਤੋਂ ਦੇਖਿਆ ਜਾਂਦਾ ਹੈ। ਇਸ ਨੂੰ ਅਸੀਂ ਧਾਰਮਿਕ ਕੰਮਾਂ ਨਾਲ ਹੀ ਜੋੜਦੇ ਆ ਰਹੇ ਹਾਂ। ਦਾਨ ਨੂੰ ਧਰਮ ਦਾ ਇਕ ਹਿੱਸਾ ਬਣਾ ਕੇ ਅਸੀਂ ਇਸ ਦੀਆਂ ਸੀਮਾਵਾਂ ਨੂੰ ਸੀਮਤ ਕਰਕੇ ਰੱਖ ਦਿੱਤਾ ਹੈ, ਜਦੋਂ ਕਿ ਦਾਨ ਦਾ ਦਾਇਰਾ ਧਰਮ ਤੋਂ ਬਾਹਰ ਤੱਕ ਹੈ। ਇਹ ਠੀਕ ਹੈ ਕਿ ਧਰਮ ਤੇ ਦਾਨ ਦਾ ਆਪਸੀ ਰਿਸ਼ਤਾ ਬੜਾ ਗੂੜ੍ਹਾ ਹੈ, ਪਰ ਇਹ ਦੋਵੇਂ ਇਕ ਦੂਸਰੇ ਦੇ ਗੁਲਾਮ ਨਹੀਂ। ਇਹ ਵੱਖੋ-ਵੱਖਰੇ ਵੀ ਕੰਮ ਕਰ ਸਕਦੇ ਹਨ ਅਤੇ ਕਰਦੇ ਵੀ ਹਨ। ਧਰਮ ਇਕ ਨਿੱਜੀ ਅਭਿਆਸ ਹੈ ਤੇ ਦਾਨ ਦਾ ਸਬੰਧ ਸਮੁੱਚੀ ਮਾਨਵਤਾ ਨਾਲ ਹੈ। ਅਸੀਂ ਦਾਨ ਕਰਨ ਦੇ ਸੌਖੇ ਤਰੀਕੇ ਲੱਭਦੇ ਹੋਏ ਇਸ ਦੀ ਪਰਿਭਾਸ਼ਾ ਨੂੰ ਹੀ ਬਦਲ ਕੇ ਰੱਖ ਦਿੱਤਾ ਹੈ।
ਅੱਜ ਕੱਲ੍ਹ ਦਾਨ ਕਰਨ ਵੇਲੇ ਅਸੀਂ ਸਮਾਂ, ਭਾਵਨਾਵਾਂ ਤੇ ਸਰੀਰਿਕ ਯਤਨ ਆਦਿ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ ਤੇ ਕੇਵਲ ਪੈਸਾ ਅਤੇ ਵਸਤਾਂ ਦਾਨ ਕਰ ਕੇ ਸ਼ੋਹਰਤ ਬਟੋਰਨ ਦੇ ਚੱਕਰ ਵਿੱਚ ਇਹ ਪ੍ਰਵਾਹ ਨਹੀਂ ਕਰਦੇ ਕਿ ਸਾਡਾ ਪੈਸਾ ਤੇ ਵਸਤਾਂ ਸਹੀ ਥਾਂ ਪਹੁੰਚ ਰਹੇ ਹਨ ਜਾਂ ਨਹੀਂ। ਦਾਨ ਕਈ ਥਾਂਈਂ ਰੱਜੇ ਨੂੰ ਹੋਰ ਰਜਾਉਣ ‘ਤੇ ਕੇਂਦਰਿਤ ਹੋ ਗਿਆ ਹੈ। ਅਸਲ ਲੋੜਵੰਦ ਇਸ ਦੀ ਪਹੁੰਚ ਤੋਂ ਵਾਂਝੇ ਰਹਿੰਦੇ ਹਨ। ਅਸੀਂ ਧਾਰਮਿਕ ਸਮਾਗਮਾਂ ‘ਤੇ ਵਧੇਰੇ ਖਰਚਾ ਕਰਨਾ, ਇਨ੍ਹਾਂ ਸਮਾਗਮਾਂ ਵਿੱਚ ਵਧੇਰੇ ਪਕਵਾਨ ਪੇਸ਼ ਕਰਨਾ, ਮਹਿੰਗੇ ਸ਼ਾਮਿਆਨੇ ਅਤੇ ਸਜਾਵਟ ਦੇ ਵੱਡੇ ਖਰਚਿਆਂ ਨੂੰ ਦਾਨ ਪੁੰਨ ਸਮਝ ਲਿਆ ਹੈ। ਇਕ ਧਰਮ ਦੂਸਰੇ ਧਰਮ ਤੋਂ ਤੇ ਇਕ ਕਮੇਟੀ ਦੂਸਰੀ ਕਮੇਟੀ ਤੋਂ ਵਧੇਰੇ ਖਰਚਾ ਕਰਕੇ ਆਪਣੀ ਸ਼੍ਰੇਸ਼ਠਤਾ ਸਾਬਤ ਕਰਨ ਦੇ ਆਹਰ ਵਿੱਚ ਹੈ ਤੇ ਇਸ ਵਾਸਤੇ ਬਹੁਤ ਸਾਰਾ ਧਨ ਲੁਟਾਇਆ ਜਾਂਦਾ ਹੈ। ਇਸ ਪੈਸੇ ਨੂੰ ਖਰਚਣ ਦੇ ਹੋਰ ਬਹੁਤ ਸਾਰੇ ਤਰੀਕੇ ਹਨ, ਜਿਸ ਨਾਲ ਸਾਡਾ ਧਰਮ, ਆਲਾ-ਦੁਆਲਾ ਸਮਾਜ ਅਤੇ ਭਾਈਚਾਰਾ ਵਧੇਰੇ ਨਿੱਖਰ ਸਕਦਾ ਹੈ।
ਲੋੜ ਹੈ ਦਾਨ ਦੀ ਸਹੀ ਪਰਿਭਾਸ਼ਾ ਸਮਝਣ ਅਤੇ ਆਪਣੇ ਦਾਨ ਨੂੰ ਸਹੀ ਦਿਸ਼ਾ ਦੇਣ ਦੀ। ਦਾਨ ਦੀ ਪਰਿਭਾਸ਼ਾ ਬੜੀ ਸਰਲ ਹੈ, ਲੋੜਵੰਦ ਦੀ ਮਦਦ ਕਰਨਾ ਹੀ ਦਾਨ ਹੈ। ਦਾਨ ਕੇਵਲ ਪੈਸੇ ਅਤੇ ਵਸਤਾਂ ਦਾ ਨਹੀਂ ਹੁੰਦਾ। ਦਾਨ ਭਾਵਨਾਵਾਂ ਅਤੇ ਸਮੇਂ ਦਾ ਵੀ ਹੁੰਦਾ ਹੈ। ਮੁਸਕਾਨ, ਪਿਆਰ ਭਰੇ ਬੋਲ, ਦਯਾ, ਖਿਮਾ, ਹਮਦਰਦੀ ਵੰਡਣਾ ਵੀ ਦਾਨ ਹੈ। ਕਿਸੇ ਦੀ ਖੁਸ਼ੀ ਵਿੱਚ ਖੁਸ਼ੀ ਮਨਾਉਣਾ ਤੇ ਦੁੱਖ ਵਿੱਚ ਦੁੱਖ ਵੰਡਾਉਣਾ ਵੀ ਦਾਨ ਹੈ। ਕਿਸੇ ਦੁਖਿਆਰੇ ਜਾਂ ਮਰੀਜ਼ ਦਾ ਦਰਦ ਧਿਆਨ ਅਤੇ ਪਿਆਰ ਨਾਲ ਸੁਣ ਕੇ ਉਸ ਨੂੰ ਸਹੀ ਸੇਧ ਦੇ ਕੇ ਹੌਸਲਾ ਅਫਜਾਈ ਕਰਕੇ ਦੁੱਖ ਜਾਂ ਬਿਮਾਰੀ ਵਿੱਚੋਂ ਨਿਕਲਣ ਦੀ ਆਸ ਦੇਣਾ ਵੀ ਦਾਨ ਹੈ। ਦਾਨ ਕਰਨ ਵੇਲੇ ਸਭ ਤੋਂ ਜ਼ਰੂਰੀ ਹੋ ਜਾਂਦਾ ਹੈ ਲੋੜਵੰਦ ਨੂੰ ਲੱਭਣਾ। ਇਹ ਹੀ ਮੁੱਖ ਘੁੰਡੀ ਹੈ ਕਿ ਜਦੋਂ ਅਸੀਂ ਦਾਨ ਕਰਨਾ ਹੋਵੇ ਤਾਂ ਸਹੀ ਲੋੜਵੰਦ ਨਹੀਂ ਲੱਭਦਾ। ਜਦੋਂ ਕੋਈ ਲੋੜਵੰਦ ਨਜ਼ਰ ਪੈਂਦਾ ਹੈ ਤਾਂ ਅਸੀਂ ਮਦਦ ਕਰਨ ਦੀ ਹਾਲਤ ਵਿੱਚ ਨਹੀਂ ਹੁੰਦੇ। ਲੋੜਵੰਦ ਵਿਅਕਤੀ ਦੀ ਜ਼ਰੂਰਤ ਕਈ ਵਾਰ ਪੈਸਾ ਜਾਂ ਵਸਤਾਂ ਨਹੀਂ ਹੁੰਦੀਆਂ, ਬਲਕਿ ਕਈ ਵਾਰ ਸਮਾਂ, ਹਮਦਰਦੀ, ਧਰਵਾਸ ਤੇ ਸਹੀ ਸੇਧ ਦੀ ਲੋੜ ਵੀ ਹੋ ਸਕਦੀ ਹੈ। ਆਪਣੀ ਜ਼ਿੰਦਗੀ ਦੀਆਂ ਖਾਧੀਆਂ ਠੋਕਰਾਂ, ਸਿੱਖੇ ਤਜਰਬੇ ਤੇ ਅਭਿਆਸ ਤੋਂ ਲਿਆ ਗਿਆਨ ਵੰਡਣਾ ਵੀ ਦਾਨ ਹੁੰਦਾ ਹੈ। ਆਪਣਾ ਆਲਾ-ਦੁਆਲਾ ਸਾਫ ਸੁਥਰਾ ਰੱਖਣਾ ਤੇ ਵਾਤਾਵਰਣ ਨੂੰ ਸਵੱਛ ਬਣਾਈ ਰੱਖਣ ਵਿੱਚ ਸਹਿਯੋਗ ਕਰਨਾ ਵੀ ਆਉਣ ਵਾਲੀਆਂ ਪੀੜ੍ਹੀਆਂ ਲਈ ਦਾਨ ਹੀ ਹੈ।
ਆਓ ਕੇਵਲ ਨਾਮ ਅਤੇ ਸ਼ੋਹਰਤ ਦੀ ਖਾਤਰ ਦਾਨ ਕਰਨ ਦੀ ਪ੍ਰਵਿਰਤੀ ਨੂੰ ਨਕਾਰਦੇ ਹੋਏ ਆਪਣੇ ਦਾਨ ਦੀ ਦਿਸ਼ਾ ਬਦਲੀਏ। ਪੈਸਾ, ਵਸਤਾਂ, ਭਾਵਨਾਵਾਂ ਤੇ ਸਮਾਂ ਜੋ ਵੀ ਦਾਨ ਕਰਨਾ ਹੈ, ਉਸ ਨੂੰ ਅਸਲ ਲੋੜਵੰਦਾਂ ਤੱਕ ਪਹੁੰਚਦਾ ਕਰਨ ਨੂੰ ਯਕੀਨੀ ਬਣਾਈਏ। ਦਾਨ ਨੂੰ ਧਰਮਾਂ ਦੇ ਦਾਇਰੇ ਵਿੱਚੋਂ ਕੱਢ ਕੇ ਮਾਨਵਤਾ ਅਤੇ ਇਨਸਾਨੀਅਤ ਦੀ ਦਿਸ਼ਾ ਵੱਲ ਮੋੜੀਏ। ਰੱਜੇ ਨੂੰ ਰਜਾਉਣ ਦੀ ਫਜ਼ੂਲ ਖਰਚੀ ਤੋਂ ਹਟ ਕੇ ਲੋੜਵੰਦਾਂ ਨੂੰ ਲੱਭ-ਲੱਭ ਕੇ ਮਦਦ ਕਰਨ ਦੀ ਆਦਤ ਪਾਈਏ।