ਆਈ ਸੀ ਸੀ ਮਹਿਲਾ ਵਿਸ਼ਵ ਕੱਪ ਟੀਮ ਦੀ ਕਪਤਾਨ ਮਿਤਾਲੀ ਚੁਣੀ ਗਈ

mithali raj
ਲੰਡਨ, 25 ਜੁਲਾਈ (ਪੋਸਟ ਬਿਊਰੋ)- ਭਾਰਤੀ ਕਪਤਾਨ ਮਿਤਾਲੀ ਰਾਜ ਭਾਵੇਂ ਭਾਰਤ ਦੀ ਟੀਮ ਨੂੰ ਆਈ ਸੀ ਸੀ ਮਹਿਲਾ ਵਿਸ਼ਵ ਕੱਪ ਚੈਂਪੀਅਨ ਨਾ ਬਣਾ ਸਕੀ ਹੋਵੇ, ਪਰ ਇਸ ਸਟਾਰ ਬੱਲੇਬਾਜ਼ ਨੂੰ ਆਈ ਸੀ ਸੀ ਪੈਨਲ ਨੇ ਕੱਲ੍ਹ ਖਤਮ ਹੋਏ ਟੂਰਨਾਮੈਂਟ ‘ਚ ਪ੍ਰਦਰਸ਼ਨ ਦੇ ਆਧਾਰ ‘ਤੇ ਚੁਣੀ ਗਈ ਆਈ ਸੀ ਸੀ ਮਹਿਲਾ ਵਿਸ਼ਵ ਕੱਪ 2017 ਟੀਮ ਦੀ ਕਪਤਾਨ ਨਿਯੁਕਤ ਕੀਤਾ ਹੈ। ਆਈ ਸੀ ਸੀ ਨੇ ਕੱਲ੍ਹ 12 ਮੈਂਬਰੀ ਟੀਮ ਦਾ ਐਲਾਨ ਕੀਤਾ, ਜਿਸ ‘ਚ ਸੈਮੀਫਾਈਨਲ ਵਿੱਚ 171 ਦੌੜਾਂ ਦੀ ਧਮਾਕੇਦਾਰ ਪਾਰੀ ਖੇਡਣ ਵਾਲੀ ਆਲਰਾਊਂਡਰ ਹਰਮਨਪ੍ਰੀਤ ਕੌਰ ਤੇ ਦੀਪਤੀ ਸ਼ਰਮਾ ਵੀ ਸ਼ਾਮਲ ਹਨ। ਇਸ ਟੀਮ ਵਿੱਚ ਚੈਂਪੀਅਨ ਇੰਗਲੈਂਡ ਦੀਆਂ ਪੰਜ, ਦੱਖਣੀ ਅਫਰੀਕਾ ਦੀਆਂ ਤਿੰਨ ਤੇ ਆਸਟਰੇਲੀਆ ਦੀ ਇੱਕ ਖਿਡਾਰਨ ਨੂੰ ਵੀ ਜਗ੍ਹਾ ਮਿਲੀ ਹੈ।
ਹੈਦਰਾਬਾਦ ਦੀ 34 ਸਾਲਾ ਖਿਡਾਰਨ ਮਿਤਾਲੀ ਰਾਜ ਨੇ ਟੂਰਨਾਮੈਂਟ ਵਿੱਚ ਅੱਗੇ ਵਧ ਕੇ ਅਗਵਾਈ ਕੀਤੀ ਅਤੇ 409 ਦੌੜਾਂ ਬਣਾਈਆਂ, ਜਿਸ ਨਾਲ ਟੀਮ 12 ਸਾਲ ਬਾਅਦ ਫਾਈਨਲ ਵਿੱਚ ਪਹੁੰਚਣ ਵਿੱਚ ਸਫਲ ਰਹੀ, ਜਿੱਥੇ ਉਸ ਨੂੰ ਇੰਗਲੈਂਡ ਹੱਥੋਂ ਨੌਂ ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮਿਤਾਲੀ ਨੇ ਆਪਣਾ ਸਰਵ ਸ੍ਰੇਸ਼ਠ ਪ੍ਰਦਰਸ਼ਨ ਨਿਊਜ਼ੀਲੈਂਡ ਵਿਰੁੱਧ ਕੁਆਰਟਰ ਫਾਈਨਲ ਮੈਚ ‘ਚ ਕੀਤਾ ਸੀ। ਉਸ ਨੇ ਇਸ ਮੈਚ ਵਿੱਚ 109 ਦੌੜਾਂ ਦੀ ਪਾਰੀ ਖੇਡੀ ਸੀ। ਟੂਰਨਾਮੈਂਟ ਦੌਰਾਨ ਉਹ ਵਨ ਡੇ ਵਿੱਚ 6000 ਦੌੜਾਂ ਪੂਰੀਆਂ ਕਰਨ ਵਾਲੀ ਦੁੁਨੀਆ ਦੀ ਪਹਿਲੀ ਮਹਿਲਾ ਬੱਲੇਬਾਜ਼ ਵੀ ਬਣੀ। ਉਸ ਨੂੰ ਦੂਜੀ ਵਾਰ ਵਿਸ਼ਵ ਕੱਪ ਦੀ ਸਰਵ ਸ੍ਰੇਸ਼ਠ ਟੀਮ ਵਿੱਚ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ ਉਸ ਨੂੰ ਵਿਸ਼ਵ ਕੱਪ 2009 ਦੀ ਟੀਮ ਵਿੱਚ ਵੀ ਚੁਣਿਆ ਗਿਆ ਸੀ। ਹਰਮਨਪ੍ਰੀਤ ਨੇ ਟੂਰਨਾਮੈਂਟ ‘ਚ 359 ਦੌੜਾਂ ਬਣਾਈਆਂ ਤੇ ਪੰਜ ਵਿਕਟਾਂ ਲਈਆਂ, ਦੀਪਤੀ ਸ਼ਰਮਾ ਨੇ 216 ਦੌੜਾਂ ਬਣਾਉਣ ਤੋਂ ਇਲਾਵਾ 12 ਵਿਕਟਾਂ ਵੀ ਹਾਸਲ ਕੀਤੀਆਂ।
ਵਿਸ਼ਵ ਕੱਪ 2017 ਦੀ ਸਰਵ ਸ੍ਰੇਸ਼ਠ ਟੀਮ ਵਿੱਚ ਟੈਮੀ ਥਿਊਮੋਂਟ (ਇੰਗਲੈਂਡ), ਲੌਰਾ ਵੋਲਵਾਰਟ (ਦੱਖਣੀ ਅਫਰੀਕਾ), ਮਿਤਾਲੀ ਰਾਜ (ਕਪਤਾਨ, ਭਾਰਤ), ਐਲਿਸ ਪੈਰੀ (ਆਸਟਰੇਲੀਆ), ਸਾਰਾਹ ਟੇਲਰ (ਵਿਕਟਕੀਪਰ, ਇੰਗਲੈਂਡ), ਹਰਮਨਪ੍ਰੀਤ ਕੌਰ (ਭਾਰਤ), ਦੀਪਤੀ ਸ਼ਰਮਾ (ਭਾਰਤ), ਮਾਰਿਜਾਨ ਕੈਪ (ਦੱਖਣੀ ਅਫਰੀਕਾ), ਡੇਨ ਵਾਨ ਨੀਕਰਕ (ਦੱਖਣੀ ਅਫਰੀਕਾ), ਅਨਿਆ ਸ਼ਰਬਸੋਲ (ਇੰਗਲੈਂਡ), ਅਲੈਂਕਸ ਹਰਟਲੇ (ਇੰਗਲੈਂਡ), 12ਵੀਂ ਖਿਡਾਰਣ-ਨਤਾਲੀ ਸੀਵਰ (ਇੰਗਲੈਂਡ)।