ਆਈ ਸੀ ਆਈ ਸੀ ਆਈ ਦੀ ਮੁਖੀ ਚੰਦਾ ਕੋਚਰ ਦਾ ਦਿਓਰ ਹਵਾਈ ਅੱਡੇ ਤੋਂ ਗ੍ਰਿਫਤਾਰ


ਨਵੀਂ ਦਿੱਲੀ, 6 ਅਪ੍ਰੈਲ (ਪੋਸਟ ਬਿਊਰੋ)- ਆਈ ਸੀ ਆਈ ਸੀ ਆਈ ਬੈਂਕ ਦੀ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਚੰਦਾ ਕੋਚਰ ਦੇ ਦਿਓਰ ਰਾਜੀਵ ਕੋਚਰ ਨੂੰ ਕੱਲ੍ਹ ਮੁੰਬਈ ਦੇ ਹਵਾਈ ਅੱਡੇ ਉਤੇ ਇਮੀਗਰੇਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ ਅਤੇ ਸੀ ਬੀ ਆਈ ਦੇ ਹਵਾਲੇ ਕਰ ਦਿੱਤਾ।
ਰਾਜੀਵ ਕੋਚਰ ਕਿਸੇ ਦੱਖਣੀ ਪੂਰਬੀ ਏਸ਼ੀਆਈ ਦੇਸ਼ ਦੇ ਦੌਰੇ ‘ਤੇ ਜਾਣ ਵਾਲੇ ਸਨ। ਸੀ ਬੀ ਆਈ ਰਾਜੀਵ ਕੋਲੋਂ ਵੀਡੀਓਕਾਨ ਗਰੁੱਪ ਨੂੰ ਬੈਂਕਾਂ ਵੱਲੋਂ ਦਿੱਤੇ ਕਰਜ਼ੇ ਬਾਰੇ ਪੁੱਛਗਿੱਛ ਕਰ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਾਜੀਵ ਗਾਂਧੀ ਨੂੰ ਮੁੰਬਈ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਦੇਸ਼ ਤੋਂ ਬਾਹਰ ਜਾਣ ਸਮੇਂ ਰੋਕ ਲਿਆ ਗਿਆ। ਸੀ ਬੀ ਆਈ ਨੇ ਉਨ੍ਹਾਂ ਵਿਰੁੱਧ ਪਹਿਲਾਂ ਹੀ ਨਿਗਰਾਨੀ ਨੋਟਿਸ ਜਾਰੀ ਕਰ ਰੱਖਿਆ ਹੈ। ਇਸ ਮਾਮਲੇ ਵਿੱਚ ਸੀ ਬੀ ਆਈ ਨੇ ਮੁੱਢਲੀ ਜਾਂਚ ਸੰਬੰਧੀ ਆਈ ਸੀ ਆਈ ਸੀ ਆਈ ਬੈਂਕ ਦੇ ਕਈ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਹੈ। ਬੈਂਕ ਨੇ ਵੀਡੀਓਕਾਨ ਗਰੁੱਪ ਨੂੰ 2012 ਵਿੱਚ 3250 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ। ਸੀ ਬੀ ਆਈ ਇਸ ਦੀ ਜਾਂਚ ਕਰ ਰਹੀ ਹੈ ਕਿ ਇਸ ਕਰਜ਼ੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਲੈਣ-ਦੇਣ ਤਾਂ ਨਹੀਂ ਹੋਇਆ? ਏਜੰਸੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਲੈਣ-ਦੇਣ ਦੇ ਕਾਗਜ਼ਾਂ ਨੂੰ ਘੋਖਿਆ ਜਾ ਰਿਹਾ ਹੈ। ਜੇ ਕੋਈ ਸਬੂਤ ਮਿਲੇ ਤਾਂ ਆਈ ਸੀ ਆਈ ਸੀ ਆਈ ਬੈਂਕ ਦੀ ਮੈਨੇਜਿੰਗ ਡਾਇਰੈਕਟਰ ਚੰਦਾ ਕੋਚਰ, ਉਨ੍ਹਾਂ ਦੇ ਪਤੀ ਦੀਪਕ ਕੋਚਰ ਅਤੇ ਹੋਰਨਾਂ ਕੋਲੋਂ ਵਿਸਥਾਰ ਨਾਲ ਪੁੱਛਗਿੱਛ ਲਈ ਸੰਮਨ ਕੀਤਾ ਜਾ ਸਕਦਾ ਹੈ।