ਆਈ ਪੀ ਐਸ ਇੰਦਰਬੀਰ ਸਿੰਘ ਦੇ ਖਿਲਾਫ ਪਤਨੀ ਨੇ ਕੇਸ ਕੀਤਾ


ਜਲੰਧਰ, 30 ਜੂਨ (ਪੋਸਟ ਬਿਊਰੋ)- ਪੰਜਾਬ ਪੁਲਸ ਦੇ ਇੱਕ ਆਈ ਪੀ ਐਸ ਅਧਿਕਾਰੀ ਇੰਦਰਬੀਰ ਸਿੰਘ ਦੀ ਪਤਨੀ ਅਮਨਦੀਪ ਬੈਂਸ ਦੇ ਬਿਆਨਾਂ ਉੱਤੇ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਸ ਨੇ ਕੁੱਟਮਾਰ ਕਰਨ ਦਾ ਕੇਸ ਦਰਜ ਕੀਤਾ ਹੈ। ਇਸ ਕੇਸ ਦੇ ਬਾਅਦ ਦੇਰ ਰਾਤ ਇੰਦਰਬੀਰ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ ਉਤੇ ਉਸ ਦੀ ਪਤਨੀ ਦੇ ਖਿਲਾਫ ਵੀ ਇੱਕ ਕੇਸ ਦਰਜ ਕਰ ਲਿਆ ਗਿਆ ਹੈ।
ਇਸ ਸਬੰਧ ਵਿੱਚ ਜਲੰਧਰ ਦੇ ਪੁਲਸ ਕਮਿਸ਼ਨਰ ਪੀ ਕੇ ਸਿਨਹਾ ਨੇ ਦੱਸਿਆ ਕਿ ਮਾਡਲ ਟਾਊਨ ਦੇ ਖੇਤਰ ਵਿੱਚ ਰਹਿੰਦੇ ਇੰਦਰਬੀਰ ਸਿੰਘ ਅਤੇ ਉਸ ਦੀ ਪਤਨੀ ਦਾ ਪਰਵਾਰ ਵਿਵਾਦ ਚੱਲਦਾ ਹੈ, ਜਿਸ ਕਾਰਨ 27 ਜੂਨ ਨੂੰ ਇੰਦਰਬੀਰ ਸਿੰਘ ਦੀ ਪਤਨੀ ਨੇ ਦੋਸ਼ ਲਾਏ ਸਨ ਕਿ ਪਤੀ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਉਸ ਦਾ ਮੋਬਾਈਲ ਫੋਨ ਖੋਹ ਲਿਆ ਹੈ। ਇਸ ਤੋਂ ਇਲਾਵਾ ਉਸ ਦਾ ਹੱਥ ਫੜ ਕੇ ਘਸੀਟਿਆ ਅਤੇ ਜਦੋਂ ਉਹ ਗੱਡੀ ਦੇ ਕੋਲ ਖੜੀ ਸੀ ਤਾਂ ਡਰਾਈਵਰ ਨੇ ਅਚਾਨਕ ਗੱਡੀ ਚਲਾ ਦਿੱਤੀ, ਜਿਸ ਕਰਕੇ ਉਸ ਨੂੰ ਸੱਟਾਂ ਲੱਗੀਆਂ ਹਨ, ਜਿਸ ਦੇ ਆਧਾਰ ‘ਤੇ ਇੰਦਰਬੀਰ ਸਿੰਘ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਸਿਨਹਾ ਨੇ ਦੱਸਿਆ ਕਿ ਇੰਦਰਬੀਰ ਸਿੰਘ ਨੇ ਵੀ ਰਾਤ ਦੋ ਵਜੇ ਦੇ ਕਰੀਬ ਬਿਆਨ ਦਰਜ ਕਰਵਾ ਦਿੱਤੇ, ਜਿਸ ਦੇ ਆਧਾਰ ‘ਤੇ ਉਸ ਦੀ ਪਤਨੀ ਦੇ ਖਿਲਾਫ ਵੀ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਵੇਂ ਬਿਆਨ ਆਏ ਸਨ, ਉਸੇ ਤਰ੍ਹਾਂ ਮੁਕੱਦਮੇ ਦਰਜ ਕੀਤੇ ਗਏ ਹਨ ਤੇ ਇਸ ਦੀ ਜਾਂਚ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਰਨਣ ਯੋਗ ਹੈ ਕਿ ਆਈ ਪੀ ਐਸ ਅਧਿਕਾਰੀ ਇੰਦਰਬੀਰ ਸਿੰਘ ਇਸ ਵਕਤ ਬਤੌਰ ਏ ਆਈ ਜੀ ਪਰਸਨਲ ਸੇਵਾਵਾਂ ਦੇ ਰਹੇ ਹਨ, ਜਿਨ੍ਹਾਂ ਕੋਲ ਪੰਜਾਬ ਪੁਲਸ ਦੇ ਸਾਈਬਰ ਸੈਲ ਦਾ ਵੀ ਵਾਧੂ ਚਾਰਜ ਹੈ।