ਆਈ ਐੱਸ ਨਾਲ ਜੁੜੇ 4 ਅੱਤਵਾਦੀ ਵੱਖ-ਵੱਖ ਥਾਂਵਾਂ ਤੋਂ ਗ੍ਰਿਫਤਾਰ

isis
* ਇੱਕ ਜਣਾ ਜਲੰਧਰ ਤੋਂ ਫੜਿਆ ਗਿਆ
ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਪੰਜਾਬ, ਦਿੱਲੀ ਅਤੇ ਚਾਰ ਹੋਰ ਰਾਜਾਂ ਦੀ ਪੁਲਿਸ ਵਲੋਂ ਕੀਤੀ ਸਾਂਝੀ ਕਾਰਵਾਈ ਵਿੱਚ ਵੱਡੇ ਹਮਲੇ ਦੀ ਯੋਜਨਾ ਬਣਾ ਰਹੇ ਆਈ ਐਸ ਆਈ ਐਸ ਨਾਲ ਸਬੰਧਤ 4 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦ ਕਿ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਕ ਅਧਿਕਾਰੀ ਦੇ ਦੱਸਣ ਮੁਤਾਬਕ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ, ਯੂ ਪੀ ਅਤੇ ਮਹਾਰਾਸ਼ਟਰ ਦੀ ਏ ਟੀ ਐਸ ਅਤੇ ਆਂਧਰਾ ਪ੍ਰਦੇਸ਼, ਪੰਜਾਬ ਅਤੇ ਬਿਹਾਰ ਪੁਲਿਸ ਦੇ ਸਾਂਝੇ ਆਪਰੇਸ਼ਨ ਵਿੱਚ ਜਲੰਧਰ (ਪੰਜਾਬ), ਮੁੰਬਈ (ਮਹਾਰਾਸ਼ਟਰ), ਨਰਕਾਟੀਆਗੰਜ (ਬਿਹਾਰ), ਬਿਜਨੌਰ ਅਤੇ ਮੁਜ਼ੱਫਰਨਗਰ (ਦੋਵੇਂ ਉੱਤਰ ਪ੍ਰਦੇਸ਼) ਵਿੱਚ ਅੱਜ ਸਵੇਰੇ ਛਾਪੇ ਮਾਰੇ ਗਏ। ਨੋਇਡਾ ਵਿੱਚ ਯੂ ਪੀ ਏ ਟੀ ਐਸ ਦੇ ਇੱਕ ਆਈ ਜੀ ਅਸੀਮ ਅਰੁਣ ਨੇ ਇਕ ਬਿਆਨ ਵਿੱਚ ਕਿਹਾ ਕਿ 4 ਵਿਅਕਤੀਆਂ ਨੂੰ ਅੱਤਵਾਦੀ ਸਾਜਿਸ਼ ਬਣਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਮੁਫ਼ਤੀ ਫੈਜ਼ਾਨ ਅਤੇ ਤਨਵੀਰ, ਜਿਹੜੇ ਆਈ ਐਸ ਆਈ ਐਸ ਨਾਲ ਜੁੜੇ ਹੋਏ ਹਨ, ਨੂੰ ਬਿਜਨੌਰ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਨਜ਼ੀਮ ਸ਼ਮਸ਼ਾਦ ਅਹਿਮਦ (26), ਜਿਹੜਾ ਬਿਜਨੌਰ ਨਾਲ ਸਬੰਧਤ ਹੈ, ਨੂੰ ਪੁਣੇ ਜ਼ਿਲ੍ਹੇ ਦੇ ਮੁੰਬਰਾ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਮੁਜ਼ਾਮਿਲ ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ। ਬਿਜਨੌਰ ਦੇ ਬੜਾਪੁਰ ਮਸਜਿਦ ਤੋਂ ਏ ਟੀ ਐਸ ਅਤੇ ਐਸ ਟੀ ਐਫ ਨੇ ਦੋ ਜਣਿਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿੱਚ ਕੋਤਵਾਲੀ ਦੇਹਾਤੀ ਦੇ ਪਿੰਡ ਅਕਬਰਾਬਾਦ ਦਾ ਵਾਸੀ ਮੁਫਤੀ ਫੈਜ਼ਾਨ ਤੇ ਨਗੀਨਾ ਦੇ ਪਿੰਡ ਤੁਕਮਾਪੁਰ ਨਿਵਾਸੀ ਮੁਹੰਮਦ ਤਨਵੀਰ ਮੁਅੱਜ਼ਮ ਹੈ। ਉਨ੍ਹਾ ਕਿਹਾ ਕਿ ਛੇ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਅਤੇ ਉਨ੍ਹਾਂ ਤੋਂ ਪੁਛਗਿਛ ਚੱਲ ਰਹੀ ਹੈ, ਇਨ੍ਹਾਂ ਦੇ ਕਬਜ਼ੇ ਵਿੱਚੋਂ ਆਈ ਐਸ ਆਈ ਐਸ ਨਾਲ ਸਬੰਧਿਤ ਮਹੱਤਵ ਪੂਰਨ ਦਸਤਾਵੇਜ਼ ਬਰਾਮਦ ਹੋਏ ਹਨ।
ਇਸ ਦੌਰਾਨ ਜਲੰਧਰ ਤੋਂ ਗ੍ਰਿਫਤਾਰ ਕੀਤੇ ਨੌਜਵਾਨ ਦੀ ਪਛਾਣ ਗਾਜ਼ੀ ਬਾਬਾ ਉਰਫ਼ ਮੁਜ਼ਮਿਲ ਉਰਫ਼ ਜੀਸ਼ਾਨ ਵਾਸੀ ਉਨਾਵ, ਯੂ ਪੀ ਹਾਲ ਵਾਸੀ ਗੁਰਸੰਤ ਨਗਰ, ਕਾਲਾ ਸੰਘਿਆ ਰੋਡ ਵਜੋਂ ਹੋਈ ਹੈ। ਇਸ ਕਾਰਵਾਈ ਦੇ ਦੌਰਾਨ ਸਹਿਯੋਗ ਕਰ ਰਹੇ ਅਧਿਕਾਰੀਆਂ ਅਨੁਸਾਰ ਏ ਟੀ ਐੱਸ ਕੋਲ ਜਾਣਕਾਰੀ ਸੀ ਕਿ ਗਾਜ਼ੀ ਬਾਬਾ ਪਿਛਲੇ ਢਾਈ ਸਾਲ ਤੋਂ ਫੇਸਬੁੱਕ ਅਤੇ ਵੱਟਸਅੱਪ ਰਾਹੀਂ ਕੁਝ ਅਜਿਹੇ ਲੋਕਾਂ ਨਾਲ ਜੁੜਿਆ ਹੈ, ਜਿਹੜੇ ਨੌਜਵਾਨਾਂ ਨੂੰ ਭੜਕਾ ਰਹੇ ਹਨ। ਗਾਜ਼ੀ ਬਾਬਾ ਬਾਰੇ ਸੂਹ ਕੱਢਣ ਵਾਲੀ ਦਿੱਲੀ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ ਟੀਮ ਦੇ ਮੁਖੀ ਇੰਸਪੈਕਟਰ ਚੰਦਰਿਕਾ ਪ੍ਰਸਾਦ ਕੋਲ ਜਾਣਕਾਰੀ ਸੀ ਕਿ ਗਾਜ਼ੀ ਬਾਬਾ ਨੇ ਉਨਾਵ ਤੋਂ ਮੌਲਵੀਅਤ ਦੀ ਪੜ੍ਹਾਈ ਕੀਤੀ ਤੇ ਉਸ ਦੇ ਕੱਟੜਪੰਥੀਆਂ ਨਾਲ ਨਜ਼ਦੀਕੀ ਸਬੰਧ ਹਨ। ਗਾਜ਼ੀ ਬਾਬਾ ਨੂੰ ਜਲੰਧਰ ਰਹਿ ਕੇ ਅਜਿਹੇ ਨੌਜਵਾਨ ਤਿਆਰ ਕਰਨ ਭੇਜਿਆ ਗਿਆ ਸੀ, ਜਿਨ੍ਹਾਂ ਨੂੰ ਸਮਾਂ ਆਉਣ ਉੱਤੇ ਆਪਣੀਆਂ ਸਰਗਰਮੀਆਂ ਵਿੱਚ ਸ਼ਾਮਿਲ ਕੀਤਾ ਜਾ ਸਕੇ। ਉਹ ਜਲੰਧਰ ਵਿੱਚ ਕਢਾਈ ਦਾ ਕੰਮ ਕਰਦਾ ਸੀ। ਏ ਟੀ ਐੱਸ ਵੱਲੋਂ ਜਲੰਧਰ ਦੇ ਕੁਝ ਹੋਰ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ।