ਆਈ ਐੱਸ ਆਈ ਦੀ ਮਹਿਲਾ ਏਜੰਟ ਨੇ ਏਅਰਫੋਰਸ ਦੇ ਜਵਾਨ ਨਾਲ ਮੈਰਿਜ ਦੀ ਗੋਂਦ ਗੁੰਦੀ

isi
ਨਵੀਂ ਦਿੱਲੀ, 12 ਅਕਤੂਬਰ (ਪੋਸਟ ਬਿਊਰੋ)- ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐੱਸ ਆਈ ਭਾਰਤ ਵਿੱਚ ਲਗਾਤਾਰ ਜਾਸੂਸੀ ਕਰਵਾ ਰਹੀ ਹੈ। ਇਸ ਵਿੱਚ ਜਵਾਨਾਂ ਨੂੰ ਮੋਹਰਾ ਬਣਾਇਆ ਜਾਂਦਾ ਹੈ। ਇਸ ਲਈ ਹਨੀਟ੍ਰੈਪ ਦੀ ਵਰਤੋਂ ਕੀਤੀ ਜਾ ਰਹੀ ਹੈ। ਜਾਸੂਸੀ ਦੇ ਦੋਸ਼ਾਂ ਹੇਠਾਂ ਗ੍ਰਿਫਤਾਰ ਅਜਿਹੇ ਹੀ ਏਅਰ ਫੋਰਸ ਦੇ ਜਵਾਨ ਦੀ ਕਹਾਣੀ ਸਾਹਮਣੇ ਆਈ ਹੈ, ਜੋ ਹੈਰਾਨ ਕਰ ਦੇਣ ਵਾਲੀ ਹੈ।
ਸਾਲ 2015 ਵਿੱਚ ਰਣਜੀਤ ਨਾਂਅ ਦੇ ਇੱਕ ਏਅਰ ਫੋਰਸ ਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਬਰਤਰਫ ਕੀਤੇ ਜਾਣ ਤੋਂ ਪਹਿਲਾਂ ਉਹ ਬਠਿੰਡਾ ਬੇਸ ਵਿਖੇ ਨਿਯੁਕਤ ਸੀ। ਉਸ ਨੂੰ ਦਿੱਲੀ ਪੁਲਸ ਦੀ ਅਪਰਾਧ ਸੈੱਲ, ਮਿਲਟਰੀ ਇੰਟੈਲੀਜੈਂਸ ਅਤੇ ਏਅਰ ਫੋਰਸ ਯੂਨਿਟ ਨੇ ਸਾਂਝੀ ਕਾਰਵਾਈ ਦੌਰਾਨ ਫੜਿਆ ਸੀ। ਉਸ ਨੂੰ ਇੱਕ ਪਾਕਿਸਤਾਨੀ ਲੇਡੀ ਏਜੰਟ ਨੇ ਆਪਣੇ ਜਾਲ ਵਿੱਚ ਫਸਾਇਆ ਸੀ। ਇਸੇ ਜਾਂਚ ਦੌਰਾਨ ਪਤਾ ਲੱਗਾ ਕਿ ਇਸ ਦੀ ਸ਼ੁਰੂਆਤ ਫੇਸਬੁਕ ਚੈਟਿੰਗ ਤੋਂ ਹੋਈ ਸੀ। ਚੈਟਿੰਗ ਦੇ ਵੇਰਵੇ ਵੀ ਇੱਕ ਨਿਊਜ਼ ਚੈਨਲ ਨੂੰ ਮਿਲੇ ਹਨ ਜਿਸ ਵਿੱਚ ਰਣਜੀਤ ਪਾਕਿਸਤਾਨ ਦੀ ਲੇਡੀ ਏਜੰਟ ਦੇ ਸੰਪਰਕ ਵਿੱਚ ਸੀ। ਰੱਖਿਆ ਵਿਸ਼ਲੇਸ਼ਣ ਖੇਤਰ ਵਿੱਚ ਕੰਮ ਕਰਨ ਦਾ ਦਾਅਵਾ ਕਰਨ ਵਾਲੀ ਦਾਮਿਨੀ (ਪਾਕਿਸਤਾਨੀ ਮਹਿਲਾ ਏਜੰਟ) ਨੇ ਰਣਜੀਤ ਨਾਲ ਪਹਿਲਾਂ ਨੌਕਰੀ ਦੀ ਪੇਸ਼ਕਸ਼ ਦੇ ਬਹਾਨੇ ਸੰਪਰਕ ਕੀਤਾ। ਫਿਰ ਉਸ ਨਾਲ ਵਿਆਹ ਦੀ ਯੋਜਨਾ ਬਣਾਈ ਤੇ ਰਣਜੀਤ ਨੂੰ ਕਿਹਾ ਕਿ ਉਹ ਵੱਖ-ਵੱਖ ਏਅਰ ਫੋਰਸ ਸਟੇਸ਼ਨਾਂ ‘ਤੇ ਫੌਜੀ ਟੁਕੜੀਆਂ ਦੀ ਮੂਵਮੈਂਟ ‘ਤੇ ਨਜ਼ਰ ਰੱਖੇ। ਰਣਜੀਤ ਨੇ ਉਸ ਨੂੰ ਕਈ ਖੁਫੀਆ ਜਾਣਕਾਰੀਆਂ ਦਿੱਤੀਆਂ। ਦਾਮਿਨੀ ਨੇ ਰਣਜੀਤ ਦੀ ਮਜਬੂਰੀ ਦਾ ਪੂਰਾ ਲਾਭ ਉਠਾਇਆ। ਰਣਜੀਤ ਨੇ ਕਿਹਾ ਕਿ ਘਰ ਵਿੱਚ ਕਮਾਉਣ ਵਾਲਾ ਕੋਈ ਨਾ ਹੋਣ ਕਾਰਨ ਉਸ ਨੇ ਮਜਬੂਰੀ ਵਿੱਚ ਫੌਜੀ ਦੀ ਨੌਕਰੀ ਸ਼ੁਰੂ ਕੀਤੀ। ਉਹ ਨੌਕਰੀ ਦੌਰਾਨ ਮਿਲਣ ਵਾਲੀ ਤਨਖਾਹ ਤੋਂ ਵੀ ਸੰਤੁਸ਼ਟ ਨਹੀਂ ਸੀ।